ਅਤਿਵਾਦੀ ਹਮਲਾ: ਅਸਾਮ ਵਿਚ ‘ਪਾਕਿਸਤਾਨ ਪੱਖੀ’ ਪੋਸਟਾਂ ਪਾਉਣ ਦੇ ਦੋਸ਼ ਹੇਠ ਹੁਣ ਤੱਕ 9 ਗ੍ਰਿਫ਼ਤਾਰ
ਗੁਹਾਟੀ: ਜੰਮੂ-ਕਸ਼ਮੀਰ ਵਿਚ ਹੋਏ ਅਤਿਵਾਦੀ ਹਮਲੇ ਦੇ ਮੱਦੇਨਜ਼ਰ ਪਾਕਿਸਤਾਨ ਪੱਖੀ ਸਟੈਂਡ ਲੈਣ ਲਈ ਅਸਾਮ ਵਿਚ ਇਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਨਾਲ ਸੂਬੇ ਵਿਚ ਅਜਿਹੀਆਂ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ ਨੌਂ ਹੋ ਗਈ ਹੈ। ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਤਾਜ਼ਾ ਗ੍ਰਿਫ਼ਤਾਰੀ ਸ਼ੁੱਕਰਵਾਰ ਰਾਤ ਨੂੰ ਸ੍ਰੀਭੂਮੀ ਜ਼ਿਲ੍ਹੇ ਵਿਚ ਕੀਤੀ ਗਈ। ਸਰਮਾ ਨੇ ਐਕਸ ’ਤੇ ਇੱਕ ਪੋਸਟ ਵਿਚ ਕਿਹਾ ਕਿ ਦੋਸ਼ੀ ਨੇ ਫੇਸਬੁੱਕ ’ਤੇ ‘ਪਾਕਿਸਤਾਨ ਜ਼ਿੰਦਾਬਾਦ’ ਪੋਸਟ ਕੀਤੀ ਸੀ। ਸਰਮਾ ਨੇ ਕਿਹਾ ਸੀ ਕਿ ਵਿਰੋਧੀ ਧਿਰ ਏਆਈਯੂਡੀਐੱਫ ਦੇ ਵਿਧਾਇਕ ਅਮੀਨੁਲ ਇਸਲਾਮ ਸਮੇਤ ਦੋ ਵਿਅਕਤੀਆਂ ਨੂੰ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਕਿ ਸ਼ੁੱਕਰਵਾਰ ਨੂੰ ਸੂਬੇ ਭਰ ਵਿਚ ਛੇ ਹੋਰ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਸਨ। ਉਨ੍ਹਾਂ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਵਿੱਚ ਕਿਹਾ, “ਅਸਾਮ ਕਿਸੇ ਵੀ ਵਿਅਕਤੀ ਨੂੰ ਬਰਦਾਸ਼ਤ ਨਹੀਂ ਕਰੇਗਾ ਜੋ ਪਹਿਲਗਾਮ ਵਿੱਚ ਹੋਏ ਘਿਨਾਉਣੇ ਹਮਲੇ ਦੇ ਸਬੰਧ ਵਿਚ ਸਿੱਧੇ ਜਾਂ ਅਸਿੱਧੇ ਤੌਰ ’ਤੇ ਪਾਕਿਸਤਾਨ ਦਾ ਸਮਰਥਨ ਕਰਦਾ ਹੈ ਜਾਂ ਬਚਾਅ ਕਰਦਾ ਹੈ।” -ਪੀਟੀਆਈ