ਗਿਆਸਪੁਰਾ ਵੱਲੋਂ ਦੀਵਾ ਮੰਡੇਰ ’ਚ ਨਵੇਂ ਬਣੇ ਰਜਵਾਹੇ ਦਾ ਉਦਘਾਟਨ
ਪੱਤਰ ਪ੍ਰੇਰਕ
ਪਾਇਲ, 10 ਅਪਰੈਲ
ਨੇੜਲੇ ਪਿੰਡ ਦੀਵਾ ਮੰਡੇਰ ਵਿੱਚ 35 ਕਰੋੜ ਦੀ ਲਾਗਤ ਨਾਲ ਨਵੇਂ ਬਣੇ ਰਜਵਾਹੇ ਦਾ ਉਦਘਾਟਨ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਕੀਤਾ ਗਿਆ। ਇਸ ਉਦਘਾਟਨੀ ਸਮਾਰੋਹ ਮੌਕੇ ਬੋਲਦਿਆਂ ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਅੱਜ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ, ਉਹਨਾਂ ਨੇ ਆਪਣੇ ਨਿੱਜੀ ਹਿੱਤਾਂ ਲਈ ਪਾਣੀਆਂ ਦੇ ਨਾਂ 'ਤੇ ਸਿਆਸੀ ਰੋਟੀਆਂ ਹੀ ਸੇਕੀਆਂ ਅਤੇ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕੀਤਾ, ਜਦ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਣੀਆਂ ਨੂੰ ਬਚਾਉਣ ਲਈ ਪਹਿਲੇ ਦਿਨ ਤੋਂ ਹੀ ਕਮਰਕੱਸੀ ਹੋਈ ਹੈ।
ਉਨ੍ਹਾਂ ਕਿਹਾ ਕਿ ਪਿਛਲੇ 35-40 ਸਾਲ ਤੋਂ ਕਿਸੇ ਵੀ ਸਰਕਾਰ ਨੇ ਇਸ ਪਾਸੇ ਉੱਕਾ ਹੀ ਧਿਆਨ ਨਹੀਂ ਦਿੱਤਾ। ਇਸ 40 ਕਿਲੋਮੀਟਰ ਲੰਬੇ ਰਜਵਾਹੇ ਨਾਲ ਰੋਪੜ, ਫਤਿਹਗੜ੍ਹ ਸਾਹਿਬ ਤੇ ਲੁਧਿਆਣਾ ਜ਼ਿਲ੍ਹੇ ਦੇ ਪਿੰਡਾਂ ਦੇ ਕਿਸਾਨਾਂ ਨੂੰ ਖੇਤੀ ਦੀ ਸਿੰਚਾਈ ਲਈ ਪਾਣੀ ਮਿਲੇਗਾ। ਇਹ ਪਾਣੀ ਰੋਪੜ ਤੋਂ ਜਰਗੜੀ ਡਰੇਨ ਤੱਕ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵਿਧਾਨ ਸਭਾ ਹਲਕਾ ਪਾਇਲ ਦੇ ਨਵਾਂ ਪਿੰਡ ਗੋਬਿੰਦਪੁਰਾ ਤੋਂ ਲੈ ਕੇ ਅਲੂਣਾ ਮਿਆਣਾ ਤੱਕ ਕਿਸਾਨਾਂ ਨੂੰ ਸਿੰਜਾਈ ਲਈ ਪਾਣੀ ਮੁਹੱਈਆ ਕਰਵਾਇਆ ਜਾਵੇਗਾ, ਜਿਸ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਵਿਧਾਇਕ ਗਿਆਸਪੁਰਾ ਨੇ ਅੱਗੇ ਕਿਹਾ ਕਿ ਇਸ ਪਾਣੀ ਦੀ ਸਿੰਜਾਈ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧ ਜਾਵੇਗੀ। ਇਸ ਮੌਕੇ ਆਪ ਆਗੂ ਅਵਿਨਾਸ਼ਪ੍ਰੀਤ ਸਿੰਘ ਏ.ਪੀ ਜੱਲ੍ਹਾ ਤੇ ਸਰਪੰਚ ਹਰਪ੍ਰੀਤ ਸਿੰਘ ਦੀਵਾ ਮੰਡੇਰ ਨੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ’ਤੇ ਐੱਸਡੀਓ ਕੁਲਵਿੰਦਰ ਸਿੰਘ, ਚੇਅਰਮੈਨ ਜਸਪ੍ਰੀਤ ਸਿੰਘ ਮੰਡੇਰ, ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਜਰਗੜੀ, ਚੇਅਰਮੈਨ ਅਮਰਦੀਪ ਸਿੰਘ ਕੂਹਲੀ, ਚੇਅਰਮੈਨ ਨਰਪਿੰਦਰ ਸਿੰਘ ਬੈਨੀਪਾਲ, ਪਰਮਜੋਤ ਸਿੰਘ ਅਮਨਾ ਜਰਗ, ਅਸ਼ੋਕ ਕੁਮਾਰ ਤੇ ਬਵਨ ਕੁਮਾਰ ਦੋਵੇਂ ਪਟਵਾਰੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ।