ਗਊ ਰੱਖਿਆ ਦਲ ਵੱਲੋਂ ਪਸ਼ੂਆਂ ਦੀ ਗੱਡੀ ਕਾਬੂ
ਪੱਤਰ ਪ੍ਰੇਰਕ
ਰਤੀਆ, 25 ਮਾਰਚ
ਗਊ ਰੱਖਿਆ ਦਲ ਦੇ ਮੈਂਬਰਾਂ ਨੇ ਦਿੱਲੀ ਨੰਬਰ ਦੀ ਇਕ ਟਾਟਾ ਐੱਸ ਦਾ ਪਿੱਛਾ ਕਰਦੇ ਹੋਏ ਉਸ ਨੂੰ ਫੜ ਲਿਆ। ਗੱਡੀ ਵਿੱਚ ਪਸ਼ੂਆਂ ਨੂੰ ਨੂੜ ਕੇ ਬੰਨ੍ਹਿਆ ਹੋਇਆ ਸੀ। ਮੈਂਬਰਾਂ ਨੇ ਗੱਡੀ ਪੁਲੀਸ ਹਵਾਲੇ ਕਰ ਦਿੱਤੀ। ਸ਼ਹਿਰ ਦੀ ਫਤਿਆਬਾਦ ਰੋਡ ’ਤੇ ਸਥਿਤ ਮੁੱਖ ਨਹਿਰ ਤੇ ਗੱਡੀ ਨੂੰ ਰੋਕਦੇ ਹੋਏ ਗਊ ਰੱਖਿਆ ਦਲ ਹਿਸਾਰ ਜ਼ੋਨ ਦੇ ਪ੍ਰਧਾਨ ਰਾਜਿੰਦਰ ਉਰਫ ਕਾਲਾ ਤੋਂ ਇਲਾਵਾ ਟਿੰਕੂ ਦਲਾਲ, ਗਊ ਰੱਖਿਆ ਦਲ ਰਤੀਆ ਦੇ ਮੈਂਬਰ ਵਿਕਾਸ ਗਰੋਵਰ ਅਤੇ ਸੰਜੂ ਜਾਂਗੜਾ ਨੇ ਪੁਲੀਸ ਨੂੰ ਸੂਚਨਾ ਦਿੰਦੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਦਿੱਲੀ ਨੰਬਰ ਟਾਟਾ ਐਸ ਗੱਡੀ ਵਿਚ ਢੱਠੇ ਭਰੇ ਹੋਏ ਹਨ ਅਤੇ ਪੰਜਾਬ ਇਲਾਕੇ ਤੋਂ ਲਿਆ ਕੇ ਰਤੀਆ ਤੋਂ ਹੁੰਦੇ ਹੋਏ ਫਤਿਆਬਾਦ ਵੱਲ ਜਾ ਰਹੇ ਹਨ। ਗਊ ਰੱਖਿਆ ਦਲ ਦੇ ਮੈਂਬਰਾਂ ਨੇ ਸੂਚਨਾ ਦੇ ਅਧਾਰ ’ਤੇ ਸਬੰਧਤ ਵਾਹਨ ਦਾ ਪਿੱਛਾ ਕੀਤਾ ਤੇ ਮੁੱਖ ਨਹਿਰ ’ਤੇ ਵਾਹਨ ਨੂੰ ਰੋਕ ਲਿਆ। ਉਨ੍ਹਾਂ ਇਸ ਦੀ ਸੂਚਨਾ ਪੁਲੀਸ ਸਹਾਇਤਾ 112 ਤੋਂ ਇਲਾਵਾ ਸ਼ਹਿਰ ਥਾਣਾ ਦੀ ਟੀਮ ਨੂੰ ਦੇ ਦਿੱਤੀ।
ਘਟਨਾ ਸਥਾਨ ਤੇ ਪਹੁੰਚੇ ਸ਼ਹਿਰ ਥਾਣਾ ਇੰਚਾਰਜ ਰਣਜੀਤ ਸਿੰਘ ਤੋਂ ਇਲਾਵਾ ਕਾਰਜਵਾਹਕ ਥਾਣਾ ਇੰਚਾਰਜ ਕੰਵਰ ਸਿੰਘ ਨੇ ਜਦੋਂ ਟਾਟਾ ਗੱਡੀ ਦੀ ਤਲਾਸ਼ੀ ਲਈ ਤਾਂ ਉਸ ਵਿਚ 2 ਢੱਠੇ ਮਿੱਲੇ। ਵਾਹਨ ਦੇ ਡਰਾਈਵਰ ਦੀ ਪਛਾਣ ਸੰਤੋਸ਼ ਕੁਮਾਰ ਵਾਸੀ ਕਿਰਦਾਰ ਥਾਣਾ ਬੀਐੱਸਪੀ ਜ਼ਿਲ੍ਹਾ ਮਧੂਬਨੀ ਬਿਹਾਰ, ਹਾਲ ਵਾਸੀ ਤੁਗਲਕਾਬਾਦ ਦਿੱਲੀ ਵਜੋਂ ਹੋਈ। ਡਰਾਈਵਰ ਵੱਲੋਂ ਢੱਠਿਆਂ ਬਾਰੇ ਕੋਈ ਸੰਤੋਸ਼ਜਨਕ ਜਵਾਬ ਨਹੀਂ ਦੇ ਸਕਿਆ। ਮਗਰੋਂ ਨੌਜਵਾਨ ਪਸ਼ੂਆਂ ਨੂੰ ਗਊਸ਼ਾਲਾ ਲੈ ਗਏ। ਪੁਲੀਸ ਨੜੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।