ਖੁਰਾਕ ਸਪਲਾਈ ਵਿਭਾਗ ਦੇ ਇੰਸਪੈਕਟਰਾਂ ਵੱਲੋਂ ਧਰਨਾ
ਸੰਗਰੂਰ, 27 ਮਾਰਚ
ਇੰਸਪੈਕਟੋਰੇਟ ਖੁਰਾਕ ਤੇ ਸਪਲਾਈਜ਼ ਯੂਨੀਅਨ ਪੰਜਾਬ ਦੇ ਸੱਦੇ ’ਤੇ ਖੁਰਾਕ ਸਪਲਾਈ ਵਿਭਾਗ ਦੇ ਇੰਸਪੈਕਟਰਾਂ ਵੱਲੋਂ ਕਣਕ ਦੇ ਸੀਜ਼ਨ ਸਬੰਧੀ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਇੱਥੇ ਜ਼ਿਲ੍ਹਾ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ ਅਤੇ ਸੀਜ਼ਨ ਦੌਰਾਨ ਪੇਸ਼ ਆ ਰਹੀਆਂ ਸਮੱਸਿਅਵਾਂ ਦਾ ਜ਼ਿਕਰ ਕਰਦਿਆਂ ਤੁਰੰਤ ਹੱਲ ਕਰਨ ਦੀ ਮੰਗ ਕੀਤੀ।
ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪੰਕਜ ਗਰਗ ਅਤੇ ਜਨਰਲ ਸਕੱਤਰ ਸੰਦੀਪ ਸਿੰਘ ਨੇ ਕਿਹਾ ਕਿ ਸੀਜ਼ਨ ਦੌਰਾਨ ਮਸ਼ੀਨੀ ਯੁੱਗ ਹੋਣ ਕਾਰਨ ਮੰਡੀਆਂ ਵਿਚ ਕਣਕ ਦੀ ਆਮਦ 10-12 ਦਿਨਾਂ ਵਿਚ ਹੋ ਜਾਂਦੀ ਹੈ ਅਤੇ ਖਰੀਦ 15 ਦਿਨਾਂ ਵਿਚ ਹੋ ਜਾਂਦੀ ਹੈ ਪਰ ਕਣਕ ਦੀ ਲਿਫਟਿੰਗ ਕਰਨ ਵਿਚ ਘੱਟੋ-ਘੱਟ ਇੱਕ ਮਹੀਨੇ ਦਾ ਸਮਾਂ ਲੱਗ ਜਾਂਦਾ ਹੈ। ਕਣਕ ਨੂੰ ਅਣਲੋਡ ਕਰਨ ਲਈ 30 ਤੋਂ 35 ਦਿਨਾਂ ਦਾ ਸਮਾਂ ਲੱਗਦਾ ਹੈ। ਇਸ ਤਰ੍ਹਾਂ ਸਾਇਲੋ ਵਿੱਚ ਕਣਕ ਅਣਲੋਡ ਕਰਨ ਵਿੱਚ 40 ਤੋਂ 45 ਦਿਨ ਲੱਗਦੇ ਹਨ ਪਰ ਵਿਭਾਗ ਵੱਲੋਂ ਕਣਕ ਦੀ ਖਰੀਦ ਪਾਲਿਸੀ 2025-26 ਅਨੁਸਾਰ ਕਲਾਜ਼ ਨੰਬਰ 12 ਅਨੁਸਾਰ ਖਰੀਦ ਕੀਤੀ ਕਣਕ ਦੀ ਮਿਕਦਾਰ ਨੂੰ 72 ਘੰਟੇ ਦੇ ਅੰਦਰ-ਅੰਦਰ ਮੰਡੀ ਵਿਚੋਂ ਚੁੱਕ ਕੇ ਭੰਡਾਰ ਕਰਨ ਵਾਲੀ ਥਾਂ ’ਤੇ ਲੈ ਕੇ ਜਾਣ ਲਈ ਕਿਹਾ ਜਾ ਰਿਹਾ ਹੈ ਜੋ ਕਿ ਨਾ-ਮੁਮਕਿਨ ਹੈ। ਇਸ ਲਈ ਕਲਾਜ਼ ਵਿਚ ਸੋਧ ਕਰਕੇ 72 ਘੰਟਿਆਂ ਵਾਲੀ ਲਿਫਟਿੰਗ ਦੀ ਸ਼ਰਤ ਖਤਮ ਕੀਤੀ ਜਾਵੇ। ਇਸ ਤੋਂ ਇਲਾਵਾ ਗੋਦਾਮ ਵਿਚ ਕਣਕ ਦੇ ਟਰੱਕ ਨੂੰ ਅਨਾਜ਼ ਖਰੀਦ ਐਪ ਰਾਹੀਂ ਰਸੀਵ ਕੀਤਾ ਜਾਂਦਾ ਹੈ। ਟਰੱਕ ਵਿਚ ਕਣਕ ਦਾ ਘੱਟ ਵਜ਼ਨ ਆਉਂਦਾ ਹੈ ਤਾਂ ਐਪ ਰਾਹੀਂ ਘੱਟ ਵਜ਼ਨ ਰਸੀਵ ਕਰਨ ਦੇ ਬਾਵਜੂਦ ਆੜਤੀਏ ਵੱਲ ਸਾਰਟੇਜ਼ ਬੁੱਕ ਨਹੀਂ ਹੁੰਦੀ ਅਤੇ ਪੋਰਟਲ ’ਤੇ ਪੂਰਾ ਵਜ਼ਨ ਰਸੀਦ ਦਿਖਾਈ ਦਿੰਦਾ ਹੈ। ਇਸ ਲਈ ਅਨਾਜ਼ ਖਰੀਦ ਐਪ ਨੂੰ ਅਪਡੇਟ ਕੀਤਾ ਜਾਵੇ। ਖਰੀਦ ਕਣਕ ਦੀ ਲਿਫਟਿੰਗ ਵਿਚ ਦੇਰੀ ਹੋਣ ਕਾਰਨ ਸਾਰਟੇਜ਼ ਲਈ ਕੌਣ ਜਿੰਮੇਵਾਰ ਹੋਵੇਗਾ, ਬਾਰੇ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਜਾਣ। ਲੋੜੀਂਦੇ ਕਰੇਟਾਂ ਦਾ 35 ਤੋਂ 40 ਫੀਸਦੀ ਇੰਤਜ਼ਾਮ ਹੀ ਹੋ ਸਕੇਗਾ, ਜਦੋਂ ਕਿ ਬਾਕੀ ਕਰੇਟਾਂ ਦਾ ਜਲਦ ਪ੍ਰਬੰਧ ਕੀਤਾ ਜਾਵੇ। ਜੇਕਰ ਕਰੇਟਾਂ/ਕਵਰਾਂ ਦੀ ਘਾਟ ਕਾਰਨ ਭੰਡਾਰ ਹੋਈ ਕਣਕ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਲਈ ਫੀਲਡ ਜੁੰਮੇਵਾਰ ਨਹੀਂ ਹੋਵੇਗਾ।
ਉਨ੍ਹਾਂ ਮੰਗ ਕੀਤੀ ਕਿ ਨਿਰੀਖਕਾਂ ਨੂੰ ਪਾਈਆਂ ਗਈਆਂ ਰਿਕਵਰੀਆਂ/ਕਟੌਤੀਆਂ ਉਪਰ ਤੁਰੰਤ ਰੋਕ ਲਗਾਈ ਜਾਵੇ। ਡਿਸਪੈਚ ਡਾਕੂਮੈਂਟ ਲੇਟ ਹੋਣ ਕਾਰਨ ਫੀਲਡ ਸਟਾਫ਼ ਨੂੰ ਜ਼ਿੰਮੇਵਾਰ ਨਾ ਠਹਿਰਾਇਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸੀਜ਼ਨ ਦੌਰਾਨ ਆਉਣ ਵਾਲੀਆਂ ਇਨ੍ਹਾਂ ਸਮੱਸਿਆਵਾਂ ਦਾ ਜਲਦੀ ਨਿਬੇੜਾ ਨਾ ਕੀਤਾ ਗਿਆ ਤਾਂ ਯੂਨੀਅਨ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਮਜਬੂਰ ਹੋਵੇਗੀ।