ਖ਼ੁਦਕੁਸ਼ੀ ਮਾਮਲਾ: ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪਰਿਵਾਰ ਵੱਲੋਂ ਥਾਣੇ ਅੱਗੇ ਮੁਜ਼ਾਹਰਾ
ਜਸਬੀਰ ਸਿੰਘ ਸ਼ੇਤਰਾ
ਮੁੱਲਾਂਪੁਰ ਦਾਖਾ, 1 ਅਪਰੈਲ
ਪਿੰਡ ਮੁੱਲਾਂਪੁਰ ਦੇ ਬਾਡੀ ਬਿਲਡਰ ਤੇ ਬਾਊਂਸਰ ਪਵਨਪ੍ਰੀਤ ਸਿੰਘ ਵੱਲੋਂ ਕੀਤੀ ਖੁਦਕੁਸ਼ੀ ਮਾਮਲੇ ਵਿੱਚ ਅੱਜ ਪਰਿਵਾਰ ਨੇ ਪਿੰਡ ਵਾਸੀਆਂ ਨਾਲ ਮਿਲ ਕੇ ਥਾਣਾ ਮੁੱਲਾਂਪੁਰ ਦਾਖਾ ਮੂਹਰੇ ਰੋਸ ਮੁਜ਼ਾਹਰਾ ਕੀਤਾ। ਇਹ ਲੋਕ ਥਾਣੇ ਮੂਹਰੇ ਧਰਨੇ ’ਤੇ ਬੈਠ ਗਏ ਤਾਂ ਪੁਲੀਸ ਪ੍ਰਸ਼ਾਸਨ ਦੇ ਹੱਥ ਪੈਰ ਫੁੱਲ ਗਏ ਕਿਉਂਕਿ ਇੱਥੋਂ ਹੀ ਥੋੜ੍ਹੀ ਦੂਰ ਇੱਕ ਪੈਲੇਸ ਵਿੱਚ ਆਮ ਆਦਮੀ ਪਾਰਟੀ ਦਾ ਸੂਬਾ ਪੱਧਰੀ ਸਮਾਗਮ ਸ਼ੁਰੂ ਹੋਣ ਜਾ ਰਿਹਾ ਸੀ। ਪ੍ਰਦਰਸ਼ਨਕਾਰੀ ਮਾਮਲੇ ਵਿੱਚ ਨਾਮਜ਼ਦ ਕੀਤੇ ਸਾਰੇ ਮੁਲਜ਼ਮਾਂ ਨੂੰ ਬਿਨਾਂ ਦੇਰੀ ਗ੍ਰਿਫ਼ਤਾਰ ਕਰਨ ਦੀ ਮੰਗ ਕਰ ਰਹੇ ਸਨ। ਰੋਹ ਵਿੱਚ ਆਏ ਪਰਿਵਾਰ ਨੇ ਇਸ ਸਮੇਂ ਮ੍ਰਿਤਕ ਦਾ ਉਦੋਂ ਤਕ ਅੰਤਿਮ ਸਸਕਾਰ ਨਾ ਕਰਨ ਦਾ ਐਲਾਨ ਕੀਤਾ ਜਦੋਂ ਤਕ ਸਾਰੇ ਮੁਲਜ਼ਮ ਗ੍ਰਿਫ਼ਤਾਰ ਨਹੀਂ ਹੁੰਦੇ। ਡੀਐੱਸਪੀ ਇੰਦਰਜੀਤ ਸਿੰਘ ਬੋਪਾਰਾਏ ਵੱਲੋਂ ਸਾਰੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦਾ ਭਰੋਸਾ ਦੇਣ ਮਗਰੋਂ ਧਰਨਾ ਤਾਂ ਖ਼ਤਮ ਕਰ ਹੋ ਗਿਆ ਪਰ ਰੋਹ ਹਾਲੇ ਬਰਕਰਾਰ ਹੈ। ਜ਼ਿਕਰਯੋਗ ਹੈ ਕਿ ਪਵਨਪ੍ਰੀਤ ਸਿੰਘ ਨੇ ਪਿਛਲੇ ਦਿਨੀਂ ਪਿੰਡ ਹਲਵਾਰਾ ਵਿੱਚ ਜਾ ਕੇ ਇੱਕ ਲੜਕੀ ਦੇ ਘਰ ਮੂਹਰੇ ਕੋਈ ਜ਼ਹਿਰੀਲੀ ਚੀਜ਼ ਪੀ ਲਈ ਸੀ ਜਿਸ ਨਾਲ ਉਹ ਵਿਆਹ ਕਰਵਾਉਣਾ ਚਾਹੁੰਦਾ ਸੀ। ਬੀਤੀ ਦੇਰ ਸ਼ਾਮ ਪਵਨਪ੍ਰੀਤ ਦੀ ਲਾਸ਼ ਨੂੰ ਚੰਡੀਗੜ੍ਹ ਤੋਂ ਉਸਦੇ ਜੱਦੀ ਪਿੰਡ ਮੁੱਲਾਂਪੁਰ ਲਿਆਂਦਾ ਗਿਆ। ਇਸ ਸਬੰਧ ਵਿੱਚ ਪੁਲੀਸ ਨੇ ਥਾਣਾ ਸੁਧਾਰ ਵਿੱਚ ਪਵਨਪ੍ਰੀਤ ਸਿੰਘ ਦੇ ਪਿਤਾ ਰਣਜੀਤ ਸਿੰਘ ਦੀ ਸ਼ਿਕਾਇਤ ’ਤੇ ਲੜਕੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਮੌਜੂਦਾ ਸਰਪੰਚ ਸੁਖਵਿੰਦਰ ਸਿੰਘ ਅਤੇ ਕੁਲਦੀਪ ਸਿੰਘ ਮੁੱਲਾਂਪੁਰ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕਰਨ ਦੇ ਰੋਸ ਵਜੋਂ ਅੱਜ ਮ੍ਰਿਤਕ ਪਵਨਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਪਹਿਲਾਂ ਮੁੱਲਾਂਪੁਰ ਦਾਖਾ ਦੇ ਹਾਈਵੇਅ ਸਥਿਤ ਮੁੱਖ ਚੌਕ ਪਹੁੰਚੇ। ਇੱਥੇ ਰੋਸ ਪ੍ਰਦਰਸ਼ਨ ਕਰਦੇ ਹੋਏ ਉਨ੍ਹਾਂ ਡੀਐੱਸਪੀ ਦਫ਼ਤਰ ਅਤੇ ਥਾਣਾ ਮੁੱਲਾਂਪੁਰ ਦਾਖਾ ਦੇ ਬਾਹਰ ਵੀ ਰੋਸ ਪ੍ਰਦਰਸ਼ਨ ਕੀਤਾ। ਮ੍ਰਿਤਕ ਦੇ ਪਿਤਾ ਰਣਜੀਤ ਸਿੰਘ ਨੇ ਕਿਹਾ ਕਿ ਜਦੋਂ ਤੱਕ ਸਾਰੇ ਮੁਲਜ਼ਮ ਗ੍ਰਿਫ਼ਤਾਰ ਨਹੀਂ ਕੀਤੇ ਜਾਂਦੇ, ਉਦੋਂ ਤੱਕ ਉਹ ਆਪਣੇ ਲੜਕੇ ਦਾ ਅੰਤਿਮ ਸਸਕਾਰ ਨਹੀਂ ਕਰਨਗੇ।