ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਏ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 12 ਅਪਰੈਲ
ਗੁਰਦੁਆਰਾ ਤਾਲਮੇਲ ਕਮੇਟੀ ਐੱਸਏਐੱਸ ਨਗਰ (ਮੁਹਾਲੀ) ਅਤੇ ਪਿੰਡ ਭਾਗੋਮਾਜਰਾ ਦੀ ਸੰਗਤ ਨੇ ਸ਼ਹਿਰੀ ਅਤੇ ਪੇਂਡੂ ਖੇਤਰ ਵਿੱਚ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਏ। ਮੁਹਾਲੀ ਵਿੱਚ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਸਾਹਿਬਵਾੜਾ ਪਾਤਸ਼ਾਹੀ ਨੌਵੀਂ ਫੇਜ਼-5 ਤੋਂ ਵਿਸ਼ਾਲ ਨਗਰ ਕੀਰਤਨ ਆਰੰਭ ਹੋਇਆ। ਜੋ ਫੇਜ਼-5 ਦੀ ਮਾਰਕੀਟ, ਚੀਮਾ ਹਸਪਤਾਲ, ਬੋਗਨਵਿਲੀਆ ਪਾਰਕ, ਐਚਐਮ ਬਲਾਕ ਫੇਜ਼-4, ਗੁਰਦੁਆਰਾ ਕਲਗੀਧਰ ਸਿੰਘ ਸਭਾ ਸਾਹਿਬ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੇਜ਼-1, ਪੁਰਾਣਾ ਡੀਸੀ ਦਫ਼ਤਰ, ਫਰੈਂਕ ਹੋਟਲ, ਗੁਰਦੁਆਰਾ ਸਾਹਿਬ ਫੇਜ਼-2, ਗਿਆਨ ਜਯੋਤੀ ਗਲੋਬਲ ਸਕੂਲ, ਮਦਨਪੁਰਾ ਚੌਕ, ਗੁਰਦੁਆਰਾ ਰਾਮਗੜ੍ਹੀਆ ਫੇਜ਼-3ਬੀ1, ਜਨਤਾ ਮਾਰਕੀਟ, ਗੁਰਦੁਆਰਾ ਸਾਚਾ ਧਨ ਸਾਹਿਬ, ਫੇਜ਼-7 ਮਾਰਕੀਟ, ਸੰਤ ਈਸ਼ਰ ਸਿੰਘ ਸਕੂਲ, ਗੁਰਦੁਆਰਾ ਸ੍ਰੀ ਸਿੰਘ ਸਭਾ ਸੈਕਟਰ-70, ਮੁੰਡੀ ਕੰਪਲੈਕਸ, ਪੈਰਾਗਾਨ ਸਕੂਲ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ-71 ਵਿਖੇ ਪਹੁੰਚ ਕੇ ਸਮਾਪਤ ਹੋਇਆ। ਇੰਜ ਹੀ ਪਿੰਡ ਬੈਂਰੋਪੁਰ-ਭਾਗੋਮਾਜਰਾ ਦੀ ਸੰਗਤ ਵੱਲੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ। ਅਰਦਾਸ ਉਪਰੰਤ ਗੁਰਦੁਆਰਾ ਸਾਹਿਬ ਪਿੰਡ ਬੈਂਰੋਪੁਰ ਤੋਂ ਨਗਰ ਕੀਰਤਨ ਸ਼ੁਰੂ ਹੋਇਆ। ਰਸਤੇ ਵਿੱਚ ਥਾਂ-ਥਾਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਅਤੇ ਨੌਜਵਾਨਾਂ ਤੇ ਬੱਚਿਆਂ ਨੇ ਗਤਕੇ ਦੇ ਜੌਹਰ ਦਿਖਾਏ। ਪਿੰਡ ਭਾਗੋਮਾਜਰਾ ਅਤੇ ਬੈਂਰੋਪੁਰ ਦੀ ਪਰਿਕਰਮਾ ਕਰਦਾ ਹੋਇਆ ਵਾਪਸ ਗੁਰੂ-ਘਰ ਬੈਂਰੋਪੁਰ ਵਿਖੇ ਪਹੁੰਚ ਕੇ ਨਗਰ ਕੀਰਤਨ ਸਮਾਪਤ ਹੋਇਆ। ਜਿੱਥੇ ਪਿੰਡ ਵਾਸੀਆਂ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ ਅਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਪੰਚਕੂਲਾ (ਪੀਪੀ ਵਰਮਾ): ਪੰਚਕੂਲਾ ਦੇ ਸੈਕਟਰ 16 ਸਥਿਤ ਬਲੂ ਬਰਡ ਹਾਈ ਸਕੂਲ ਵਿੱਚ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਇੱਕ ਵਿਸ਼ੇਸ਼ ਪ੍ਰਾਰਥਨਾ ਸਭਾ ਨਾਲ ਹੋਈ ਜਿਸ ਵਿੱਚ ਵਿਦਿਆਰਥੀਆਂ ਨੇ ਵਿਸਾਖੀ ਦੇ ਗੀਤ ਪੇਸ਼ ਕਰਕੇ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਰੰਗ-ਬਿਰੰਗੇ ਪੰਜਾਬੀ ਪਹਿਰਾਵੇ ਪਹਿਨੇ ਵਿਦਿਆਰਥੀਆਂ ਨੇ ਗੀਤ, ਸੰਗੀਤ ਅਤੇ ਕਵਿਤਾ ਪਾਠ ਰਾਹੀਂ ਵਿਸਾਖੀ ਦੀ ਮਹੱਤਤਾ ਨੂੰ ਉਜਾਗਰ ਕੀਤਾ ਗਿਆ। ਕਿੰਡਰਗਾਰਡਨ ਦੇ ਬੱਚਿਆਂ ਨੇ ਇੱਕ ਫੈਂਸੀ ਡਰੈੱਸ ਮੁਕਾਬਲੇ ਵਿੱਚ ਹਿੱਸਾ ਲਿਆ। ਵਿਦਿਆਰਥੀਆਂ ਨੇ ਪਤੰਗ ਬਣਾਉਣ, ਢੋਲਕ ਬਣਾਉਣ ਅਤੇ ਪੋਸਟਰ ਬਣਾਉਣ ਵਰਗੀਆਂ ਗਤੀਵਿਧੀਆਂ ਵਿੱਚ ਆਪਣੀ ਰਚਨਾਤਮਕ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।
ਅਮਲੋਹ (ਰਾਮ ਸਰਨ ਸੂਦ): ਲਾਲਾ ਫੂਲ ਚੰਦ ਬਾਂਸਲ ਸਰਵਹਿੱਤਕਾਰੀ ਵਿਦਿਆ ਮੰਦਰ ਅਮਲੋਹ ਵਿਖੇ ਮੁੱਖ ਸਰਪ੍ਰਸਤ ਪ੍ਰਦੀਪ ਬਾਂਸਲ ਦੀ ਅਗਵਾਈ ਹੇਠ ਵਿਸਾਖੀ ਦਾ ਤਿਉਹਾਰ ਰਵਾਇਤੀ ਉਤਸ਼ਾਹ ਅਤੇ ਸੱਭਿਆਚਾਰਕ ਮਾਣ ਨਾਲ ਮਨਾਇਆ ਗਿਆ। ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਭਾਵਨਾ ਰਾਣੀ, ਨੇਹਾ ਰਾਣੀ, ਦੇਵਿੰਦਰ ਕੌਰ ਅਤੇ ਜਾਹਨਵੀ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਸਕੂਲ ਦੀ ਵਾਈਸ ਪ੍ਰਿੰਸੀਪਲ ਆਂਚਲ ਰਾਣੀ ਨੇ ਕਿਹਾ ਕਿ ਅਜਿਹੇ ਸੱਭਿਆਚਾਰਕ ਪ੍ਰੋਗਰਾਮ ਨਾ ਸਿਰਫ਼ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦੇ ਹਨ।
ਮਨੀਮਾਜਰਾ ਵਿੱਚ ਵਿਸਾਖੀ ਨੂੰ ਸਮਰਪਿਤ ਲੰਗਰ ਲਾਇਆ
ਚੰਡੀਗੜ੍ਹ (ਕੁਲਦੀਪ ਸਿੰਘ): ਖਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਪਵਿੱਤਰ ਤਿਉਹਾਰ ਮੌਕੇ ਅੱਜ ਮਨੀਮਾਜਰਾ ਵਿਖੇ ਮਾਡਰਨ ਹਾਊਸਿੰਗ ਕੰਪਲੈਕਸ ਦੇ ਗੇਟ ਨੰਬਰ 4 ਨੇੜੇ ਅਤੇ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਸਾਹਮਣੇ ਗੁਰੂ ਕਾ ਲੰਗਰ ਲਗਾਇਆ ਗਿਆ। ਇਸ ਮੌਕੇ ਚੰਡੀਗੜ੍ਹ ਸਟੇਟ ਕੋਆਪ੍ਰੇਟਿਵ ਬੈਂਕ ਦੇ ਡਾਇਰੈਕਟਰ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੁਰਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਵਿਸਾਖੀ ਸਿਰਫ਼ ਫਸਲਾਂ ਦੀ ਕਟਾਈ ਦਾ ਹੀ ਤਿਉਹਾਰ ਨਹੀਂ ਬਲਕਿ ਇਹ ਭਾਈਚਾਰੇ, ਸੇਵਾ ਅਤੇ ਸਮਰਪਣ ਦੀ ਭਾਵਨਾ ਦਾ ਪ੍ਰਤੀਕ ਹੈ। ਲੰਗਰ ਸੇਵਾ ਵਿੱਚ ਕਰਮ ਸਿੰਘ, ਗੁਰਦੀਪ ਸਿੰਘ, ਗੁਲਾਬ ਸਿੰਘ ਸੈਣੀ, ਅਵਤਾਰ ਸੈਣੀ, ਸ਼ਾਮ ਸਿੰਘ, ਗੀਨੰਦਾਂ, ਟੋਨੀ, ਹਰੀਸ਼ ਕੁਮਾਰ ਅਤੇ ਹੋਰ ਸੇਵਾਦਾਰਾਂ ਨੇ ਪੂਰੇ ਸਮਰਪਣ ਨਾਲ ਸ਼ਰਧਾਲੂਆਂ ਦੀ ਸੇਵਾ ਕੀਤੀ। ਇਲਾਕਾ ਨਿਵਾਸੀਆਂ ਨੇ ਵੀ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਅਤੇ ਗੁਰੂ ਸਾਹਿਬਾਨ ਦੀ ਪਰੰਪਰਾ ਅਨੁਸਾਰ ਸੰਗਤ ਅਤੇ ਸੇਵਾ ਦਾ ਆਨੰਦ ਮਾਣਿਆ।