ਕੌੜੀ ਯਾਦ ਦਾ ਸਬਕ

ਲਖਵਿੰਦਰ ਸਿੰਘ ਰਈਆ
ਮੇਰੇ ਘਰ ਤੋਂ ਪੰਜ-ਛੇ ਕਿਲੋਮੀਟਰ ਦੂਰ ਹੀ ਮੇਰਾ ਸਕੂਲ ਸਥਿਤ ਸੀ ਜਿੱਥੇ ਮੈਂ ਅਧਿਆਪਕ ਵਜੋਂ ਸੇਵਾਵਾਂ ਨਿਭਾ ਰਿਹਾ ਸੀ। ਆਪਣੀ ਡਿਊਟੀ ’ਤੇ ਸਕੂਲ ਜਾਣ ਲਈ ਮੈਂ ਅਕਸਰ ਸ਼ੌਕੀਆਂ ਤੌਰ ’ਤੇ ਸਾਈਕਲ ਦੀ ਸਵਾਰੀ ਕਰ ਲਿਆ ਕਰਦਾ ਸੀ।
ਸਾਈਕਲ ਵਰਤਣ ਕਰਕੇ ‘ਕਜੂੰਸ ਮੱਖੀ ਚੂਸ/ ਏਨੇ ਪੈਸੇ ਜੋੜ ਕੇ ਕਿੱਥੇ ਲਿਜਾਣੇ ਆ?’ ਵਰਗੇ ਸਖ਼ਤ ਤਨਜ਼ ਵੀ ਸੁਣਨ ਨੂੰ ਮਿਲਦੇ ਤੇ ਨਾਲ ਨਾਲ ਨਿਹੋਰੇ ਵੀ ਕੰਨੀਂ ਪੈਂਦੇ, ‘ਆਪਣੇ ਸੁਹਰੇ ਪਿੰਡ ਪੜ੍ਹਾਉਣ ਜਾਨੈ...ਟੌਹਰ ਨਾਲ ਮੋਟਰਸਾਈਕਲ ਆਦਿ ’ਤੇ ਜਾਇਆ ਕਰ।’ ਪਰ ਮੇਰੇ ਸ਼ੌਕ ਅੱਗੇ ਇਹ ਸਭ ਤਨਜ਼ ਤੇ ਨਿਹੋਰੇ ਤੁੱਛ ਜਿਹੇ ਹੋ ਕੇ ਰਹਿ ਜਾਂਦੇ ਜਦੋਂ ਮੇਰੇ ਜ਼ਿਹਨ ਵਿੱਚ ਇਹ ਸੋਚ ਵਿਚਾਰ ਉੱਭਰ ਕੇ ਸਾਹਮਣੇ ਆਉਂਦੇ ‘ਨਾਲੇ ਪੁੰਨ ਨਾਲੇ ਫ਼ਲੀਆਂ’ ਅਨੁਸਾਰ ਤੇਲ ਦਾ ਖ਼ਰਚਾ ਵੀ ਬਚਦਾ, ਤੇਲ ਬਾਲ ਕੇ ਪ੍ਰਦੂਸ਼ਣ ਵਿੱਚ ਵਾਧਾ ਕਰਨ ਦਾ ਭਾਗੀਦਾਰ ਹੋਣ ਤੋਂ ਵੀ ਕੁੱਝ ਹੱਦ ਤੱਕ ਬੱਚਤ ਤੇ ਕਸਰਤ ਮੁਫ਼ਤ ਹੀ ਰੂੰਗੇ ਦੇ ਰੂਪ ਵਿੱਚ ਹੋ ਜਾਂਦੀ ਐ। ਇਹੀ ਸੋਚ ਕੇ ਸਾਈਕਲ ਚਲਾਉਣ ਦੀ ਆਦਤ ਨੂੰ ਸ਼ੌਕੀਆਂ ਤੌਰ ’ਤੇ ਅੱਜ ਵੀ ਜਾਰੀ ਰੱਖਿਆ ਹੋਇਆ ਹੈ।
ਤਿੰਨ ਕੁ ਦਹਾਕਿਆਂ ਦੀ ਪੁਰਾਣੀ ਗੱਲ ਹੈ। ਮੈਂ ਆਪਣੀ ਆਦਤ ਅਨੁਸਾਰ ਸਾਈਕਲ ’ਤੇ ਸਕੂਲ ਨੂੰ ਜਾ ਰਿਹਾ ਸੀ। ਰਾਹ ਵਿੱਚ ਪੈਂਦੇ ਮੇਨ ਅੱਡੇ ’ਤੇ ਇੱਕ ਦਿਨ ਮੇਰੇ ਸਕੂਲ ਦੀ ਮੁੱਖ ਅਧਿਆਪਕ ਸਕੂਲ ਜਾਣ ਲਈ ਬੱਸ ਦੀ ਉਡੀਕ ਵਿੱਚ ਖੜ੍ਹੀ ਸੀ। ਜਦੋਂ ਮੈਂ ਉੱਥੋਂ ਦੀ ਲੰਘਣ ਲੱਗਾ ਤਾਂ ਉਨ੍ਹਾਂ ਮੈਨੂੰ ਰੋਕ ਲਿਆ ਤੇ ਇੱਕ ਭਰਿਆ ਹੋਇਆ ਥੈਲਾ ਮੇਰੇ ਹਵਾਲੇ ਕਰਕੇ ਆਖਣ ਲੱਗੇ, ‘‘ਇਹ ਥੈਲਾ ਆਪਣੇ ਨਾਲ ਲੈ ਜਾਇਓ’’ ਤੇ ਉਹ ਥੈਲਾ ਫੜਾਉਂਦੇ ਸਾਰ ਹੀ ਆਪ ਬੱਸ ਵਿਚ ਸਵਾਰ ਹੋ ਗਏ। ਉਨ੍ਹਾਂ ਵੀ ਮੈਨੂੰ ਥੈਲੇ ਵਿੱਚ ਪਏ ਸਾਮਾਨ ਬਾਰੇ ਕੁੱਝ ਨਾ ਦੱਸਿਆ ਤੇ ਮੈਂ ਵੀ ਪੁੱਛਣ ਦੀ ਕੋਈ ਲੋੜ ਨਾ ਸਮਝੀ ਅਤੇ ਨਾ ਹੀ ਗੰਢ ਬੱਝੀ ਉਸ ਥੈਲੇ ਅੰਦਰ ਵੇਖਣ/ ਝਾਕਣ ਦਾ ਕੋਈ ਯਤਨ ਕੀਤਾ। ਆਮ ਸਾਮਾਨ ਵਾਲਾ ਥੈਲਾ ਸਮਝ ਕੇ ਉਸ ਨੂੰ ਬੇਧਿਆਨੀ ਨਾਲ ਸਾਈਕਲ ਦੇ ਪਿਛਲੇ ਕੈਰੀਅਰ ਵਿੱਚ ਅੜਾ ਕੇ ਸਾਈਕਲ ਸਕੂਲ ਵੱਲ ਤੋਰ ਲਿਆ।
ਮੈਂ ਆਪਣੀ ਰੁਟੀਨ ਵਿੱਚ ਹੀ ਸਾਈਕਲ ਚਲਾ ਕੇ ਸਕੂਲ ਪਹੁੰਚਿਆ। ਸਕੂਲ ਪਹੁੰਚਣ ’ਤੇ ਮੁੱਖ ਅਧਿਆਪਕਾ ਨੇ ਮੈਨੂੰ ਤੇ ਮੇਰੇ ਸਾਈਕਲ ਨੂੰ ਬੜੀ ਉਤਸੁਕਤਾ ਨਾਲ ਇੰਜ ਵੇਖਿਆ ਜਿਵੇਂ ਉਹ ਮੇਰੇ ਠੀਕ ਠਾਕ ਪਹੁੰਚਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹੋਣ। ਸਾਈਕਲ ਦੇ ਅੱਗੇ ਹੈਂਡਲ ਨਾਲ ਟੰਗਿਆ ਥੈਲਾ ਜਦੋਂ ਉਨ੍ਹਾਂ ਦੇ ਨਜ਼ਰ ਨਾ ਪਿਆ ਤਾਂ ਥੋੜ੍ਹਾ ਜਿਹਾ ਘਬਰਾ ਕੇ ਉਨ੍ਹਾਂ ਮੈਥੋਂ ਥੈਲੇ ਬਾਰੇ ਪੁੱਛਿਆ ਤਾਂ ਮੈ ਸਾਈਕਲ ਦੇ ਪਿਛਲੇ ਕੈਰੀਅਰ ਵੱਲ ਇਸ਼ਾਰਾ ਕਰਦਿਆਂ ਆਖਿਆ ‘‘ਆਹ ਜੀ ਤੁਹਾਡਾ ਥੈਲਾ।’’ ਜਦ ਮੂੰਹ ਘੁੰਮਾ ਕੇ ਵੇਖਿਆ ਤਾਂ ਉਹ ਥੈਲਾ ਕਰੀਬ ਹੇਠਾਂ ਡਿੱਗਣ ਦੀ ਹਾਲਤ ਵਿੱਚ ਮੂਧੇ ਮੂੰਹ ਲਮਕਿਆ ਹੋਇਆ ਸੀ।
‘‘ਓ ਤੁਹਾਡੀ ਭਲੀ ਹੋ ਜੇ।’’ ਥੈਲੇ ਦੀ ਡਿੱਗਣ ਵਾਲੀ ਹਾਲਤ ਵੇਖ ਕੇ ਮੁੱਖ ਅਧਿਆਪਕਾ ਦੇ ਮੂੰਹੋਂ ਅਚਾਨਕ ਨਿਕਲੇ ਹੈਰਾਨੀ ਭਰੇ ਬੋਲਾਂ ਨੂੰ ਸੁਣ ਕੇ ਮੈਂ ਵੀ ਅਵਾਕ ਹੀ ਰਹਿ ਗਿਆ।
ਅਸਲ ਵਿੱਚ ਉਹ ਥੈਲਾ ਨੋਟਾਂ ਦੀਆਂ ਦੱਥੀਆਂ (ਬੰਡਲਾਂ) ਨਾਲ ਭਰਿਆ ਪਿਆ ਸੀ। ਸਾਡੇ ਆਪਣੇ ਹਾਈ ਸਕੂਲ ਤੇ ਨਾਲ ਅਟੈਚ ਦੋ ਹੋਰ ਮਿਡਲ ਸਕੂਲਾਂ ਦੇ ਸਟਾਫ ਦੀ ਤਨਖਾਹ ਲਈ ਕਰੀਬ ਪੌਣੇ ਦੋ ਲੱਖ ਰੁਪਏ ਦੀ ਨਕਦੀ ਉਸ ਥੈਲੇ ਵਿੱਚ ਸੀ। ਉਨ੍ਹਾਂ ਸਮਿਆਂ ਵਿੱਚ ਸਕੂਲ ਸਟਾਫ ਦੀਆਂ ਤਨਖਾਹਾਂ ਉਨ੍ਹਾਂ ਨੂੰ ਨਕਦ ਹੀ ਸਕੂਲਾਂ ਵਿੱਚ ਵੰਡੀਆਂ ਜਾਂਦੀਆਂ ਸਨ। ਥੈਲੇ ਵਿਚਲਾ ਪੈਸਾ ਸਕੂਲ ਸਟਾਫ ਨੂੰ ਤਨਖਾਹ ਵਜੋਂ ਵੰਡਿਆ ਜਾਣਾ ਸੀ।
ਜਦੋਂ ਉਨ੍ਹਾਂ ਮੈਨੂੰ ਮੂਧੇ ਪਏ ਇਸ ਥੈਲੇ ਵਿੱਚ ਕੈਸ਼ ਹੋਣ ਬਾਰੇ ਦੱਸਿਆ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ।
‘‘ਲੈ ਬਈ ਕੁੱਝ ਕੈਸ਼ ਜ਼ਰੂਰ ਰਾਹ ਵਿੱਚ ਖਿੱਲਰ ਗਿਆ ਹੋਵੇਗਾ।’’ ਇਹ ਸੋਚ ਕੇ ਮੇਰਾ ਉਤਲਾ ਸਾਹ ਉੱਤੇ ਤੇ ਹੇਠਲਾ ਸਾਹ ਹੇਠਾਂ ਹੀ ਰਹਿ ਗਿਆ, ਪਰ ਜਦੋਂ ਕੈਸ਼ ਗਿਣਿਆ ਗਿਆ ਤਾਂ ਪੂਰਾ ਹੀ ਨਿਕਲਿਆ। ਮੇਰੇ ਸਾਹਾਂ ਵਿੱਚ ਵੀ ਕੁੱਝ ਸਾਹ ਆਇਆ।
ਹੁਣ ਵੀ ਜਦੋਂ ਉਸ ਕੌੜੀ ਯਾਦ ਦਾ ਚੇਤਾ ਆਉਂਦਾ ਹੈ ਤਾਂ ਪੂਰੀ ਕੰਬਣੀ ਛਿੜ ਜਾਂਦੀ ਹੈ ਕਿ ਜੇ ਕਿਤੇ ਥੈਲੇ ਦੀ ਗੰਢ ਢਿੱਲੀ ਹੋ ਜਾਂਦੀ ਤੇ ਕੁੱਝ ਕੈਸ਼ ਡਿੱਗ ਜਾਂਦਾ ਤਾਂ ਮੈਂ ਬੇਕਸੂਰ ਨੇ ਹੀ ਆਪਣੀ ਬੇਧਿਆਨੀ ਤੇ ਲਾਪਰਵਾਹੀ ਕਾਰਨ ਚੋਰ/ਬੇਈਮਾਨ ਬਣ ਜਾਣਾ ਸੀ। ਜੇ ਕੋਈ ਲੁੱਟ-ਖੋਹ ਹੋ ਜਾਂਦੀ ਤਾਂ ਵੀ ਸਾਰਾ ਕੈਸ਼ ਮੇਰੇ ਵੱਟੇ/ਖਾਤੇ ਹੀ ਪੈ ਜਾਣਾ ਸੀ। ਇਸ ‘ਵੱਟੇ’ ਨੇ ਮੇਰੀ ਬੇੜੀ ਵਿੱਚ ਵੱਟੇ ਪਾ ਦੇਣੇ ਸੀ। ਅਣਕਿਆਸੀ ਚੱਟੀ ਭਰਨੀ ਪੈ ਜਾਣੀ ਸੀ। ਇਹ ਚੱਟੀ ਭਰਨੀ ਮੇਰੇ ਵੱਸੋਂ ਬਾਹਰੀ ਸੀ ਕਿਉਂਕਿ ਉਦੋਂ ਅਜੇ ਮੈਂ ਨਵਾਂ ਨਵਾਂ ਹੀ ਅਧਿਆਪਕ ਲੱਗਾ ਸੀ ਤੇ ਉਸ ਸਮੇਂ ਦੇ ਨਵੇਂ ਅਧਿਆਪਕਾਂ ਦੀਆਂ ਤਨਖਾਹਾਂ ਵੀ ਬਹੁਤ ਥੋੜ੍ਹੀਆਂ ਹੀ ਹੁੰਦੀਆਂ ਸਨ ਅਤੇ ਚੋਰੀ/ਬੇਈਮਾਨੀ ਦਾਗ਼/ਧੱਬਾ ਵੀ ਵਾਧੂ ਹੀ ਲੱਗ ਜਾਣਾ ਸੀ। ਜੋ ਸਾਰੀ ਉਮਰ ਧੋਤਾ ਵੀ ਨਹੀਂ ਜਾਣਾ ਸੀ।
ਸਕੂਲ ਸਟਾਫ ਵੱਲੋਂ ਕੀਤੀ ਕਿਰਤ ਕਮਾਈ ਦਾ ਮੁੱਲ (ਤਨਖਾਹ) ਦਾ ਮਸਲਾ ਬਣ ਕੇ ਖਿੱਚ ਧੂਹ ਵੀ ਹੋ ਸਕਦੀ ਸੀ। ਘਪਲੇਬਾਜ਼ ਦਾ ਠੱਪਾ ਲਾ ਕੇ ਲੁੱਟ ਖੋਹ ਦੀ ਬਹਾਨੇਬਾਜ਼ੀ ਦੇ ਦੋਸ਼ੀ ਵਜੋਂ ਪੁਲੀਸ/ਕਚਹਿਰੀ ਦੇ ਕੁੱਚਕਰ ਦੀ ਫਾਹੀ ਵੀ ਗਲ਼ ਪੈ ਸਕਦੀ ਸੀ। ਆਲੇ ਦੁਆਲੇ ਖ਼ਾਸ ਕਰਕੇ ਸਹੁਰੇ ਪਿੰਡ ਪੂਰੀ ਮਿੱਟੀ ਪਲੀਤ ਵੱਖਰੀ ਹੋਣੀ ਸੀ। ਉਦੋਂ ਤੋਂ ਹੀ ਮੈਂ ਇਕ ਗੱਲ ਪੱਲੇ ਬੰਨ੍ਹ ਕੇ ਤੌਬਾ ਕਰ ਲਈ ਸੀ ਕਿ ਕਿਸੇ ਤੋਂ ਕੋਈ ਝੋਲਾ/ਲਿਫ਼ਾਫ਼ਾ/ ਬੈਗ ਵਗੈਰਾ ਅਮਾਨਤ ਵਜੋਂ ਫੜਨ ਦੀ ਵਗਾਰ ਕਰਨੀ ਹੀ ਨਹੀਂ, ਪਰ ਜੇ ਕਿਤੇ ਫਿਰ ਵੀ ਮਜਬੂਰੀ ਵੱਸ ਅਜਿਹੀ ਵਗਾਰ (ਦੇਸ਼ ਵਿਦੇਸ਼ ਜਾਂਦਿਆਂ) ਕਰਨੀ ਪੈ ਹੀ ਜਾਵੇ ਤਾਂ ਪਹਿਲਾਂ ਸਾਮਾਨ ਆਦਿ ਬਾਰੇ ਪੁੱਛ-ਪੜਤਾਲ ਕਰਕੇ ਹੀ ਅਜਿਹੀ ਵਗਾਰੀ ਅਮਾਨਤ ਨੂੰ ਹੱਥ ਪਾਉਣਾ ਚਾਹੀਦਾ ਹੈ ਤਾਂ ਕਿ ਬਾਅਦ ਵਿੱਚ ਪੈਣ ਵਾਲੀ ਭਸੂੜੀ ਤੋਂ ਬਚਿਆ ਜਾ ਸਕੇ।
ਸੰਪਰਕ: 61430204832