ਕੈਨੇਡਾ ਭੇਜਣ ਦੇ ਨਾਂ ’ਤੇ 16 ਲੱਖ ਦੀ ਠੱਗੀ
ਪ੍ਰਭੂ ਦਿਆਲ
ਸਿਰਸਾ, 31 ਮਾਰਚ
ਇਥੋਂ ਦੇ ਸਿਵਲ ਲਾਈਨ ਥਾਣੇ ਦੀ ਪੁਲੀਸ ਨੇ ਸਟੱਡੀ ਵੀਜ਼ੇ ’ਤੇ ਕੈਨੇਡਾ ਭੇਜਣ ਦੇ ਨਾਂ ’ਤੇ ਕਥਿਤ 16 ਲੱਖ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿੱਚ ਬ੍ਰਿਟਿਸ਼ ਓਵਰਸੀਜ਼ ਇੰਸਟੀਚਿਊਟ ਦੇ ਡਾਇਰੈਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀ ਦੀ ਪਛਾਣ ਨਵਪ੍ਰਿੰਸ ਵਾਸੀ ਰਾਣੀਆਂ ਰੋਡ ਘੰਟਘਰ ਚੌਕ ਸਿਰਸਾ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਪੀ ਵਿਕਰਾਂਤ ਭੂਸ਼ਣ ਨੇ ਦੱਸਿਆ ਕਿ ਵਿਨੇ ਕੁਮਾਰ ਵਾਸੀ ਹਰਸਵਰੂਪ ਕਲੋਨੀ ਦੱਖਣੀ ਦਿੱਲੀ ਹਾਲ ਵਾਸੀ ਪਿੰਫ ਭਰੋਖਾਂ ਨੇ ਪੁਲੀਸ ਕੋਲ ਕੀਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਹ ਸਟੱਡੀ ਵਿਜ਼ੇ ’ਤੇ ਕੈਨੇਡਾ ਜਾਣਾ ਚਾਹੁੰਦਾ ਸੀ। ਇਸ ਲਈ ਉਸ ਦਾ ਕਿੰਗ ਐਬਰੋਡ ਇੰਸਟੀਚਿਊਟ ਵਿੱਚ ਸਟੱਡੀ ਵਿਜ਼ੇ ਲਈ ਨਵਪ੍ਰਿੰਸ ਨਾਲ ਸੰਪਰਕ ਹੋਇਆ ਤਾਂ ਉਸ ਨੇ ਭਰੋਸਾ ਦਿਵਾਇਆ ਕਿ ਉਹ ਉਸ ਨੂੰ ਕੈਨੇਡਾ ਭੇਜ ਸਕਦਾ ਹੈ। ਇਸ ਦੇ ਬਦਲੇ ਨਵਪ੍ਰਿੰਸ ਨੇ ਉਸ ਤੋਂ ਪਹਿਲਾਂ 3 ਲੱਖ 30 ਹਜ਼ਾਰ ਰੁਪਏ ਲਏ ਲਏ। ਮਗਰੋਂ ਦੂਜੀ ਰਕਮ ਵੀ ਉਸ ਨੇ ਤਿੰਨ ਚਾਰ ਵਾਰ ਕਿਸ਼ਤਾਂ ਵਿੱਚ ਲੈ ਲਈ ਪਰ ਉਸ ਨੂੰ ਕੈਨੇਡਾ ਨਹੀਂ ਭੇਜਿਆ ਤੇ ਨਾ ਹੀ ਉਸ ਦੇ ਰੁਪਏ ਵਾਪਸ ਕੀਤੇ। ਇਸ ਸ਼ਿਕਾਇਤ ਦੀ ਜਾਂਚ ਕਰਨ ਉਪਰੰਤ ਪੁਲੀਸ ਨੇੇ ਦੋਸ਼ੀ ਨਵਪ੍ਰਿੰਸ ਰਾਣੀਆਂ ਰੋੜ ਘੰਟਾਘਰ ਚੌਕ ਨੇੜਿਓਂ ਗ੍ਰਿਫ਼ਤਾਰ ਕੀਤਾ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਦੋ ਹੋਰ ਇਮੀਗ੍ਰੇਸ਼ਨ ਮਾਮਲਿਆਂ ਵਿੱਚ ਵੀ ਲੋੜੀਂਦਾ ਹੈ। ਐਸਪੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਇਸ ਘਟਨਾ ਵਿੱਚ ਜੋ ਵੀ ਸ਼ਾਮਲ ਪਾਇਆ ਗਿਆ, ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।