ਕੁਰੂਕਸ਼ੇਤਰ ’ਚ ਪੂਰਵਾਂਚਲ ਸਮਾਜ ਲਈ ਧਰਮਸ਼ਾਲਾ ਬਣਾਈ ਜਾਵੇਗੀ: ਸੈਣੀ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 24 ਮਾਰਚ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਹੈ ਕਿ ਹਰਿਆਣਾ ਵਿਚ ਪਹਿਲੀ ਵਾਰ ਬਿਹਾਰ ਦਿਵਸ ਮੌਕੇ ਏਕ ਭਾਰਤ ਸ੍ਰੇਸ਼ਠ ਭਾਰਤ ਸਨੇਹ ਮਿਲਣ ਸਮਾਗਮ ਕਰਵਾਇਆ ਗਿਆ। ਇਹ ਪ੍ਰੋਗਰਾਮ ਯਮੁਨਾਨਗਰ, ਕੁਰੂਕਸ਼ੇਤਰ, ਕਰਨਾਲ, ਗੁੜਗਾਉਂ ,ਫਰੀਦਾਬਾਦ ,ਪਾਨੀਪਤ ਤੇ ਸੋਨੀਪਤ ਵਿੱਚ ਕਰਵਾਏ ਗਏ। ਉਨ੍ਹਾਂ ਕਿਹਾ ਕਿ ਇਹ ਦਿਨ ਸਾਨੂੰ ਸਾਡੀ ਸ਼ਾਨਦਾਰ ਪਰੰਪਰਾ ਤੇ ਵਿਭਿੰਨਤਾ ਵਿਚ ਏਕਤਾ ਦੀ ਅਮੀਰ ਸੱਭਿਆਚਾਰ ਦੀ ਯਾਦ ਦਿਵਾਉਂਦਾ ਹੈ। ਸ੍ਰੀ ਸੈਣੀ ਕੁਰੂਕਸ਼ੇਤਰ ਵਿੱਚ ਬਿਹਾਰ ਦਿਵਸ ਮੌਕੇ ਕਰਵਾਏ ਏਕ ਭਾਰਤ ਸ੍ਰੇਸ਼ਠ ਭਾਰਤ ਸਨੇਹ ਮਿਲਣ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਬੋਲ ਰਹੇ ਸਨ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਜੇ ਕੁਰੂਕਸ਼ੇਤਰ ਵਿਚ ਜ਼ਮੀਨ ਮਿਲਦੀ ਤਾਂ ਪੂਰਵਾਂਚਲ ਸਮਾਜ ਲਈ ਇਕ ਧਰਮਸ਼ਾਲਾ ਬਣਾਈ ਜਾਏਗੀ। ਉਨ੍ਹਾਂ ਕਿਹਾ ਕਿ ਲੋਕ ਕਲਾ, ਸੰਗੀਤ ਤੇ ਤਿਉਹਾਰ ਬਿਹਾਰ ਨੂੰ ਇਕ ਵੱਖਰੀ ਪਛਾਣ ਦਿੰਦੇ ਹਨ। ਛੱਠ ਪੂਜਾ ਨੂੰ ਭਾਰਤ ਲਈ ਇਕ ਵੱਡੀ ਮਿਸਾਲ ਕਿਹਾ ਜਾ ਸਕਦਾ ਹੈ। ਇਹ ਤਿਉਹਾਰ ਜੋ ਅਸਲ ਵਿੱਚ ਪੂਰਵਾਂਚਲ ਵਿੱਚ ਮਨਾਇਆ ਜਾਂਦਾ ਸੀ ਹੁਣ ਵੱਖ-ਵੱਖ ਸੂਬਿਆਂ ਦੀਆਂ ਸੀਮਾਵਾਂ ਪਾਰ ਕਰ ਗਿਆ ਹੈ ਤੇ ਹੁਣ ਦੇਸ਼ ਭਰ ਵਿਚ ਮਨਾਇਆ ਜਾਣ ਲੱਗਾ ਹੈ। ਉਨ੍ਹਾਂ ਕਿਹਾ ਕਿ ਬਿਹਾਰ ਤੇ ਹਰਿਆਣਾ ਦੇ ਡੂੰਘੇ ਸਭਿਆਚਾਰ ਤੇ ਪਰੰਪਰਾਗਤ ਸਬੰਧ ਹਨ। ਬਿਹਾਰ ਦੇ ਲੋਕਾਂ ਨੇ ਹਰਿਆਣਾ ਦੇ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਸੈਣੀ ਨੇ ਕਿਹਾ ਕਿ ਪਹਿਲਾਂ ਬਿਹਾਰ ਨੂੰ ਪਛੜੇ ਸੂਬਿਆਂ ਵਿੱਚ ਗਿਣਿਆ ਜਾਂਦਾ ਸੀ ਪਰ ਅੱਜ ਬਿਹਾਰ ਵਿਕਾਸ ਦੀ ਨਵੀਂ ਕਹਾਣੀ ਲਿਖ ਰਿਹਾ ਹੈ। ਇਸ ਦੌਰਾਨ ਬਿਹਾਰ ਦੇ ਗੰਨਾ ਉਦਯੋਗ ਮੰਤਰੀ ਕ੍ਰਿਸ਼ਨ ਨੰਦਨ ਪਾਸਵਾਨ ਨੇ ਮੁੱਖ ਮੰਤਰੀ ਸੈਣੀ ਦਾ ਕੁਰੂਕਸ਼ੇਤਰ ਵਿਚ ਛੱਠ ਪੂੁਜਾ ਦਾ ਤਿਉਹਾਰ ਸਰਕਾਰੀ ਰੀਤੀ ਰਿਵਾਜਾਂ ਨਾਲ ਮਨਾਉਣ ਲਈ ਧੰਨਵਾਦ ਕੀਤਾ। ਬਿਹਾਰ ਦੇ ਰਾਜ ਮੰਤਰੀ ਸਵਦੇਸ਼ ਯਾਦਵ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ, ਸੂਬਾ ਜਨਰਲ ਸੱਕਤਰ ਡਾ. ਅਰਚਨਾ ਗੁਪਤਾ, ਭਾਜਪਾ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਗੋਲਡੀ, ਰਵੀ ਬਾਤਾਨ, ਤਿਲਕ ਰਾਜ ਅਗਰਵਾਲ, ਚੇਅਰਮੈਨ ਧਰਮਬੀਰ ਮਿਰਜਾਪੁਰ ਮੌਜੂਦ ਸਨ।