ਕਿਸਾਨ ਜਥੇਬੰਦੀ ਵੱਲੋਂ ਐੱਸਐੱਸਪੀ ਦਫ਼ਤਰ ਅੱਗੇ ਪੱਕਾ ਧਰਨਾ ਮੁਲਤਵੀ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 9 ਅਪਰੈਲ
ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਦੇਵ ਸਿੰਘ ਸੰਧੂ ਨਾਲ ਵਿਸ਼ਵਾਸਘਾਤ ਤੇ ਜਾਅਲਸਾਜ਼ੀ ਮਾਮਲੇ ਵਿੱਚ ਬਣਦੀ ਕਾਰਵਾਈ ਨਾ ਹੋਣ ਦੇ ਰੋਸ ਵਿੱਚ ਕਿਸਾਨ ਜਥੇਬੰਦੀ ਵੱਲੋਂ ਅੱਜ ਤੋਂ ਇਥੇ ਜ਼ਿਲ੍ਹਾ ਪੁਲੀਸ ਮੁਖੀ ਦਫ਼ਤਰ ਦੇ ਮੂਹਰੇ ਅਣਮਿਥੇ ਸਮੇਂ ਦਾ ਧਰਨਾ ਆਰੰਭਿਆ ਜਾਣਾ ਸੀ। ਅੱਜ ਸਵੇਰੇ ਕਿਸਾਨ ਜਥੇਬੰਦੀ ਦੇ ਕਾਰਕੁਨ ਧਰਨੇ ਲਈ ਜੀਟੀ ਰੋਡ ’ਤੇ ਇਕੱਤਰ ਹੋਏ। ਇਸੇ ਇਕੱਤਰਤਾ ਵਿੱਚ ਡੀਐਸਪੀ ਇੰਦਰਜੀਤ ਸਿੰਘ ਬੋਪਾਰਾਏ, ਡੀਐੱਸਪੀ ਰਾਏਕੋਟ ਹਰਜਿੰਦਰ ਸਿੰਘ, ਥਾਣਾ ਹਠੂਰ ਦੇ ਐੱਸਐੱਚਓ ਨਰਿੰਦਰ ਸਿੰਘ ਪਹੁੰਚ ਗਏ। ਉਨ੍ਹਾਂ ਪੰਦਰਾਂ ਦਿਨਾਂ ਅੰਦਰ ਕਾਮਰੇਡ ਸੰਧੂ ਦੇ ਬਿਆਨਾਂ ਮੁਤਾਬਕ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ। ਇਸ ਮਗਰੋਂ ਕਿਸਾਨ ਆਗੂਆਂ ਨਾਲ ਸਹਿਮਤੀ ਬਣਨ ’ਤੇ ਅੱਜ ਤੋਂ ਐੱਸਐੱਸਪੀ ਦਫ਼ਤਰ ਘੇਰਨ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ।
ਇਸ ਤੋਂ ਪਹਿਲਾਂ ਵੀ ਬੀਤੀ ਦੇਰ ਸ਼ਾਮ ਥਾਣਾ ਸਦਰ ਜਗਰਾਉਂ ਦੇ ਮੁਖੀ ਸੁਰਜੀਤ ਸਿੰਘ ਕਾਮਰੇਡ ਸੰਧੂ ਦੇ ਪਿੰਡ ਮਾਣੂੰਕੇ ਸਥਿਤ ਘਰ ਪੁੱਜੇ। ਉਨ੍ਹਾਂ ਵੀ ਇਹ ਧਰਨਾ ਮੁਲਤਵੀ ਕਰਨ ਦੀ ਅਪੀਲ ਕਰਦਿਆਂ ਕਾਰਵਾਈ ਦਾ ਭਰੋਸਾ ਦਿੱਤਾ। ਇਕੱਤਰਤਾ ਦੌਰਾਨ ਕਾਮਰੇਡ ਸੰਧੂ ਤੇ ਜਥੇਬੰਦੀ ਦੇ ਹੋਰਨਾਂ ਆਗੂਆਂ ਨੇ ਤਾੜਨਾ ਕੀਤੀ ਕਿ ਜੇਕਰ ਪੰਦਰਾਂ ਦਿਨਾਂ ਅੰਦਰ ਪੁਲੀਸ ਪ੍ਰਸ਼ਾਸਨ ਨੇ ਬਣਦੀ ਕਾਰਵਾਈ ਨਾ ਕੀਤੀ ਜਾਂ ਕਾਰਵਾਈ ਦੇ ਨਾਂ 'ਤੇ ਖਾਨਾਪੂਰਤੀ ਕੀਤੀ ਤਾਂ ਧਰਨਾ ਦਿੱਤਾ ਜਾਵੇਗਾ।
ਪ੍ਰਧਾਨ ਸੰਧੂ ਨੇ ਦੱਸਿਆ ਕਿ ਬੈਂਕ ਨੇ ਨਿਯਮ ਛਿੱਕੇ ਟੰਗ ਕੇ ਕੰਮ ਕੀਤਾ। ਕਾਨੂੰਨ ਮੁਤਾਬਕ ਪਤਾ ਲੱਗਣ ’ਤੇ ਪੁਲੀਸ ਨੇ ਰਿਕਾਰਡ ਜ਼ਬਤ ਕਰਕੇ ਗੁਪਤ ਤੌਰ ’ਤੇ ਕਾਰਵਾਈ ਕਰਨੀ ਹੁੰਦੀ ਹੈ। ਪਰ ਇਸ ਕੇਸ ਉਨ੍ਹਾਂ ਵਲੋਂ ਪੁਲੀਸ ਨੂੰ ਸਬੂਤ ਦੇਣ ’ਤੇ ਵੀ ਕਾਰਵਾਈ ਨਹੀਂ ਹੋਈ। ਹਾਈ ਕੋਰਟ ਵਿੱਚ ਇਹ ਤੱਥ ਫਾਈਲ ਵਿੱਚ ਪਏ ਹੋਣ ’ਤੇ ਵੀ ਪੇਸ਼ ਨਾ ਕਰਕੇ ਪੁਲੀਸ ਨੇ ਮੁੱਖ ਮੁਲਜ਼ਮ ਦਾ ਹੀ ਪੱਖ ਪੂਰਿਆ। ਇਸੇ ਤਰ੍ਹਾਂ ਬੈਂਕ ਮੈਨੇਜਰ ਦੀ ਜ਼ਮਾਨਤ ਲਈ ਰਾਹ ਪੱਧਰਾ ਕਰ ਦਿੱਤਾ ਜਦਕਿ ਬਣਦੀਆਂ ਸੰਗੀਨ ਧਾਰਾਵਾਂ ਮਾਮਲਾ ਗੈਰਜ਼ਮਾਨਤੀ ਹੈ। ਉਲਟਾ ਪਰਿਵਾਰ ਨੂੰ ਧਮਕੀਆਂ ਮਿਲ ਰਹੀਆਂ। ਇਸ ਸਮੇਂ ਕਰਮਜੀਤ ਸਿੰਘ ਕਾਉਂਕੇ, ਅਮਰਜੀਤ ਚੀਮਨਾ ਤੇ ਹੋਰ ਕਿਸਾਨ ਨੁਮਾਇੰਦੇ ਹਾਜ਼ਰ ਸਨ।