ਕਿਸਾਨਾਂ ਨੇ ਮੋਦੀ ਅਤੇ ਟਰੰਪ ਦੇ ਪੁਤਲੇ ਸਾੜੇ
ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 4 ਅਪਰੈਲ
ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਵੱਖ ਵੱਖ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨੇ ਅਮਰੀਕਾ ਤੇ ਭਾਰਤ ਸਰਕਾਰਾਂ ਦੀਆਂ ਇੱਥੋਂ ਦੀ ਕਿਸਾਨੀ ਤੇ ਮੰਡੀ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਨੀਤੀਆਂ ਦਾ ਵਿਰੋਧ ਕਰਨ ਲਈ ਤਹਿਸੀਲ ਤੇ ਬਲਾਕ ਪੱਧਰ ‘ਤੇ ਰੋਸ ਪ੍ਰਦਰਸ਼ਨ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਨ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪੁਤਲੇ ਸਾੜੇ।
ਟਰੰਪ ਦੀਆਂ ਨੀਤੀਆਂ ਨੂੰ ਲਾਗੂ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਹਿਮਤੀ ਦਿੱਤੇ ਜਾਣ ਤੋਂ ਬਾਅਦ ਮੋਰਚੇ ਵੱਲੋਂ ਦਿੱਤੀ ਕਾਲ ਨੂੰ ਹੁੰਗਾਰਾ ਭਰਦਿਆਂ ਸੀ ਪੀ ਐੱਮ ਨਾਲ ਸਬੰਧਤ ਕੁੱਲ ਹਿੰਦ ਕਿਸਾਨ ਸਭਾ, ਖੇਤ ਮਜਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ (ਆਜ਼ਾਦ) ਦੇ ਆਹੁਦੇਦਾਰਾਂ ਤੇ ਕਾਰਕੁਨਾਂ ਨੇ ਅੱਜ ਸਥਾਨਕ ਐੱਸਡੀਐੱਮ ਦਫ਼ਤਰ ਤੋਂ ਇਲਾਵਾ ਡੇਹਲੋਂ ਬਲਾਕ ਵਿੱਚ ਰੋਸ ਪ੍ਰਦਰਸ਼ਨ ਕੀਤਾ ਅਤੇ ਕਿਸਾਨਾਂ ਨੂੰ ਆਉਣ ਵਾਲੇ ਸਮੇਂ ਦੌਰਾਨ ਖੇਤਰੀ ਤੇ ਛੋਟੇ ਵਪਾਰ ਨੂੰ ਪੈਦਾ ਹੋਣ ਵਾਲੇ ਖਤਰਿਆਂ ਤੋਂ ਜਾਣੂ ਕਰਵਾਇਆ।
ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੁਕਮਾਂ ਅੱਗੇ ਝੁਕ ਕੇ ਕਿਸਾਨਾਂ ਅਤੇ ਛੋਟੇ ਵਪਾਰੀਆਂ ਦੇ ਹਿੱਤਾਂ ਨੂੰ ਦਾਅ ‘ਤੇ ਲਗਾ ਰਹੀ ਹੈ। ਜੇਕਰ ਇਨ੍ਹਾਂ ਨੀਤੀਆਂ ਨੂੰ ਲਾਗੂ ਕਰਨ ਦਿੱਤਾ ਗਿਆ ਤਾਂ ਪੰਜਾਬ ਤੇ ਭਾਰਤ ਦੀ ਖੇਤੀਬਾੜੀ ਅਤੇ ਛੋਟਾ ਵਪਾਰ ਤਬਾਹ ਹੋ ਜਾਣਗੇ।
਼ਜ਼ਿਲ੍ਹਾ ਕਨਵੀਨਰ ਬਹਾਦਰ ਸਿੰਘ ਮਹੋਲੀ, ਜ਼ਿਲ੍ਹਾ ਪ੍ਰਧਾਨ ਖੇਤ ਮਜਦੂਰ ਯੂਨੀਅਨ ਕਰਤਾਰ ਸਿੰਘ ਮਹੋਲੀ, ਤਹਿਸੀਲ ਪ੍ਰਧਾਨ ਆਲ ਇੰਡੀਆ ਕਿਸਾਨ ਸਭਾ ਗੁਰਮੁਖ ਸਿੰਘ ਮਹੋਲੀ, ਸਕੱਤਰ ਆਲ ਇੰਡੀਆ ਕਿਸਾਨ ਸਭਾ ਜਗਦੀਪ ਸਿੰਘ ਮਹੋਲੀ ਅਤੇ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ (ਆਜ਼ਾਦ) ਸ਼ੇਰ ਸਿੰਘ ਮਹੋਲੀ ਨੇ ਵੀ ਸੰਬੋਧਨ ਕੀਤਾ।