ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜੇ ਗਿਆਸਪੁਰਾ
ਮਲੌਦ, 2 ਮਈ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਿੰਡ ਸਿਆੜ ਵਿੱਚ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਸਕੂਲ ’ਚ ਆਉਣ ਦਾ ਪਤਾ ਲੱਗਣ ’ਤੇ ਕਿਸਾਨ ਵਿਧਾਇਕ ਤੋਂ ਸਵਾਲ ਪੁੱਛਣ ਲਈ ਸੜਕ ਦੇ ਨਾਲ ਮੇਨ ਗੇਟ ਨੇੜੇ ਜ਼ਿਲ੍ਹਾ ਖ਼ਜ਼ਾਨਚੀ ਰਾਜਿੰਦਰ ਸਿੰਘ ਸਿਆੜ ਦੀ ਅਗਵਾਈ ਹੇਠ ਧਰਨੇ ’ਤੇ ਬੈਠ ਗਏ ਪਰ ਵਿਧਾਇਕ ਗਰਾਊਂਡ ਵਿੱਚ ਹੋਰ ਗੇਟ ਰਾਹੀਂ ਸਕੂਲ ’ਚ ਦਾਖ਼ਲ ਹੋਏ, ਜਿਸ ਮਗਰੋਂ ਕਿਸਾਨਾਂ ਨੇ ਸਕੂਲ ਦੇ ਬਾਹਰ ਧਰਨਾ ਲਾ ਦਿੱਤਾ। ਇਸ ਦੌਰਾਨ ਸਕੂਲ ਦੇ ਅੰਦਰ ਅਤੇ ਬਾਹਰ ਸਟੇਜਾਂ ਚੱਲਦੀਆਂ ਰਹੀਆਂ। ਜਦੋਂ ਵਿਧਾਇਕ ਗਿਆਸਪੁਰਾ ਬਦਲਵੇਂ ਰਸਤੇ ਰਾਹੀਂ ਗੱਡੀ ਵਿੱਚ ਸਵਾਰ ਹੋ ਕੇ ਜਾਣ ਲੱਗੇ ਤਾਂ ਕਿਸਾਨ ਗੱਡੀ ਦੇ ਅੱਗੇ ਆ ਗਏ ਤੇ ਪੁਲੀਸ ਫੋਰਸ ਨੇ ਬੜੀ ਮੁਸ਼ਕਲ ਨਾਲ ਕਿਸਾਨਾਂ ਨੂੰ ਉੱਥੋਂ ਹਟਾਇਆ। ਕਿਸਾਨਾਂ ਨੇ ਰੋਹ ’ਚ ਆ ਕੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ।
ਆਗੂਆਂ ਨੇ ਕਿਹਾ ਕਿ ਉਹ ‘ਆਪ’ ਸਰਕਾਰ ਕਿਸਾਨਾਂ ’ਤੇ ਜਬਰ ਕਰਨ, ਜੇਲ੍ਹਾਂ ’ਚ ਡੱਕਣ, ਜਬਰੀ ਜ਼ਮੀਨਾਂ ਐਕੁਆਇਰ ਕਰਨ ਦੇ ਰੋਸ ਵਜੋਂ ਸਵਾਲ ਪੁੱਛਣ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਗੱਲਾਂ ਦੇ ਜਵਾਬ ਲੈਣ ਲਈ 6 ਮਈ ਨੂੰ ਮੁੱਖ ਮੰਤਰੀ ਪੰਜਾਬ ਬੱਲੋ (ਬਠਿੰਡੇ) ਦੌਰੇ ਮੌਕੇ ਵੀ ਉਨ੍ਹਾਂ ਤੋਂ ਸਵਾਲ ਪੁੱਛੇ ਜਾਣਗੇ, ਨਹੀਂ ਫਿਰ ਜਬਰਦਸਤ ਵਿਰੋਧ ਕੀਤਾ ਜਾਵੇਗਾ। ਅੱਜ ਦੇ ਪ੍ਰਦਰਸ਼ਨ ’ਚ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਮਨੋਹਰ ਸਿੰਘ ਕਲਾੜ, ਚਰਨਜੀਤ ਸਿੰਘ ਫੱਲੇਵਾਲ, ਜਗਮੀਤ ਸਿੰਘ ਕਲਾੜ, ਬਲਵੰਤ ਸਿੰਘ ਘੁਡਾਣੀ, ਹਰਜੀਤ ਸਿੰਘ ਘਲੋਟੀ, ਜਸਵੀਰ ਸਿੰਘ ਖੱਟੜਾ, ਯੁਵਰਾਜ ਸਿੰਘ, ਜਸਵੰਤ ਸਿੰਘ ਭੱਟੀਆ, ਨਾਜਰ ਸਿੰਘ ਸਿਆੜ, ਦਰਸ਼ਨ ਸਿੰਘ ਫੱਲੇਵਾਲ ਨੇ ਵੀ ਸੰਬੋਧਨ ਕੀਤਾ।