ਕਾਰਾਂ ਦੀ ਸਿੱਧੀ ਟੱਕਰ ’ਚ ਦੋ ਹਲਾਕ
ਮਹਿੰਦਰ ਸਿੰਘ ਰੱਤੀਆਂ
ਮੋਗਾ, 13 ਮਈ
ਇੱਥੇ ਮੋਗਾ-ਬਰਨਾਲਾ ਕੌਮੀ ਮਾਰਗ ਸਥਿਤ ਕਸਬਾ ਬੱਧਨੀ ਕਲਾਂ ਵਿੱਚ ਦੋ ਕਾਰਾਂ ਵਿਚਾਲੇ ਸਿੱਧੀ ਟੱਕਰ ’ਚ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਮਹਿਲਾ ਸਣੇ ਦੋ ਜ਼ਖ਼ਮੀ ਹੋਏ ਗਏ। ਮ੍ਰਿਤਕਾਂ ਦੀ ਪਛਾਣ ਕੁਲਵੰਤ ਸਿੰਘ ਉਰਫ਼ ਕੰਤਾਂ ਵਾਸੀ ਪਿੰਡ ਸ਼ੇਰਪੁਰ ਤਾਇਬਾਂ ਤੇ ਸੇਵਾਮੁਕਤ ਅਧਿਆਪਕ ਜਰਨੈਲ ਸਿੰਘ ਵਾਸੀ ਪਿੰਡ ਬਿਲਾਸਪੁਰ ਵਜੋਂ ਹੋਈ ਹੈ। ਥਾਣਾ ਬੱਧਨੀ ਕਲਾਂ ਦੇ ਮੁਖੀ ਇੰਸਪੈਕਟਰ ਗੁਰਮੇਲ ਸਿੰਘ ਚਾਹਲ ਨੇ ਦੱਸਿਆ ਕਿ ਇਕ ਸਕਾਰਪੀਓ ਕਾਰ ਮੋਗਾ ਤੋਂ ਬਰਨਾਲਾ ਵਾਲੇ ਪਾਸੇ ਜਾ ਰਹੀ ਸੀ। ਬੱਧਨੀ ਕਲਾਂ ਅਨਾਜ ਮੰਡੀ ਨੇੜੇ ਸਕਾਰਪੀਓ ਕਾਰ ਕਿਸੇ ਤਕਨੀਕੀ ਨੁਕਸ ਕਾਰਨ ਸੜਕ ਦਾ ਡਿਵਾਈਡਰ ਤੋੜਦੀ ਹੋਈ ਸਾਹਮਣੇ ਬਰਨਾਲਾ ਤੋਂ ਮੋਗਾ ਆ ਰਹੀ ਵਰਨਾ ਕਾਰ ਨਾਲ ਟਕਰਾਅ ਗਈ। ਇਸ ਟੱਕਰ ’ਚ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਹਾਦਸੇ ’ਚ ਵਰਨਾ ਕਾਰ ਚਾਲਕ ਕੁਲਵੰਤ ਸਿੰਘ ਉਰਫ਼ ਕੰਤਾਂ ਪਿੰਡ ਸ਼ੇਰਪੁਰ ਤਾਇਬਾਂ ਦੀ ਮੌਤ ਹੋ ਗਈ, ਜਦੋਂ ਕਿ ਉਸ ਨਾਲ ਸਵਾਰ ਔਰਤ ਜ਼ਖ਼ਮੀ ਹੋ ਗਈ। ਇਸੇ ਤਰ੍ਹਾਂ ਸਕਾਰਪੀਓ ਗੱਡੀ ’ਚ ਸਵਾਰ ਸੇਵਾਮੁਕਤ ਅਧਿਆਪਕ ਜਰਨੈਲ ਸਿੰਘ ਵਾਸੀ ਪਿੰਡ ਬਿਲਾਸਪੁਰ ਦੀ ਮੌਤ ਹੋ ਗਈ ਅਤੇ ਚਾਲਕ ਨੂੰ ਮਾਮੂਲੀ ਸੱਟਾਂ ਲੱਗੀਆਂ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਹਸਪਤਾਲ ’ਚ ਦਾਖ਼ਲ ਕਰਵਾ ਦਿੱਤਾ ਹੈ ਅਤੇ ਮ੍ਰਿਤਕਾਂ ਦੀ ਲਾਸ਼ਾਂ ਸਿਵਲ ਹਸਪਤਲ ਦੇ ਮੁਰਦਾ ਘਰ ਵਿੱਚ ਰੱਖਵਾ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਦੋਵੇਂ ਵਾਹਨ ਕਬਜ਼ੇ ਵਿੱਚ ਲੈ ਕੇ ਪੁਲੀਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲੀਸ ਅਨੁਸਾਰ ਮ੍ਰਿਤਕ ਕੁਲਵੰਤ ਸਿੰਘ ਕੰਤਾਂ ਪੁਲੀਸ ਨੂੰ ਨਸ਼ਾ ਤਸਕਰੀ ਦੇ ਕੇਸਾਂ ’ਚ ਲੋੜੀਂਦਾ ਸੀ।