ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਵਧੀਕ ਮੈਂਬਰ ਸਕੱਤਰ ਵੱਲੋਂ ਜੇਲ੍ਹਾਂ ਦਾ ਦੌਰਾ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 16 ਅਪਰੈਲ
ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸਏਐੱਸ ਨਗਰ ਦੇ ਵਧੀਕ ਮੈਂਬਰ ਸਕੱਤਰ ਕ੍ਰਿਸ਼ਨ ਕੁਮਾਰ ਸਿੰਗਲਾ, ਵਧੀਕ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਵੱਲੋਂ ਜ਼ਿਲ੍ਹਾ ਜੇਲ੍ਹ ਸੰਗਰੂਰ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਅਤੇ ਚੀਫ਼ ਜੁਡੀਸ਼ਲ ਮੈਜਿਸਟਰੇਟ ਦਲਜੀਤ ਕੌਰ, ਜ਼ਿਲ੍ਹਾ ਜੇਲ੍ਹ ਸੰਗਰੂਰ ਦੇ ਸੁਪਰਡੈਂਟ ਨਵਇੰਦਰ ਸਿੰਘ, ਡਿਪਟੀ ਸੁਪਰਡੰਟ ਜਸਪ੍ਰੀਤ ਸਿੰਘ ਥਿੰਦ, ਕਾਨੂੰਨੀ ਸਹਾਇਤਾ ਪੈਨਲ ਦੇ ਵਕੀਲ ਸਾਹਿਬਾਨ ਅਤੇ ਹੋਰ ਅਮਲਾ ਵੀ ਮੌਜੂਦ ਸੀ। ਵਧੀਕ ਮੈਂਬਰ ਸਕੱਤਰ ਕ੍ਰਿਸ਼ਨ ਕੁਮਾਰ ਸਿੰਗਲਾ ਵਲੋਂ ਜੇਲ੍ਹ ’ਚ ਕੈਦੀਆਂ ਦੀਆਂ ਬੈਰਕਾਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਕੈਦੀਆਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਦੂਰ ਕਰਨ ਲਈ ਸਾਰਥਕ ਗੱਲਬਾਤ ਕੀਤੀ। ਖਾਸ ਤੌਰ ’ਤੇ ਸੁਪਰੀਮ ਕੋਰਟ ਕਾਨੂੰਨੀ ਸੇਵਾਵਾਂ ਕਮੇਟੀ ਦੁਆਰਾ ਜੇਲ੍ਹ ਕੈਦੀਆਂ ਨੂੰ ਕਾਨੂੰਨੀ ਸੇਵਾਵਾਂ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ‘ਮਿਸ਼ਨ ਮੋਡ’ ਬਾਰੇ ਜਾਣਕਾਰੀ ਦਿੱਤੀ। ਜੱਜਾਂ ਨੇ ਕੈਦੀਆਂ ਨੂੰ ਦਰਪੇਸ਼ ਸ਼ਿਕਾਇਤਾਂ ਅਤੇ ਸਮੱਸਿਆਵਾਂ ਦੇ ਹੱਲ ਅਤੇ ਕੈਦੀਆਂ ਲਈ ਢੁਕਵੀਂ ਸਿਹਤ ਅਤੇ ਡਾਕਟਰੀ ਸਹੂਲਤਾਂ ਯਕੀਨੀ ਬਣਾਉਣ ’ਤੇ ਵਿਸ਼ੇਸ਼ ਜ਼ੋਰ ਦਿੱਤਾ।
ਪਟਿਆਲਾ (ਖੇਤਰੀ ਪ੍ਰਤੀਨਿਧ): ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਵਧੀਕ ਮੈਂਬਰ ਸਕੱਤਰ ਕ੍ਰਿਸ਼ਨ ਕੁਮਾਰ ਸਿੰਗਲਾ ਨੇ ਅਮਨਦੀਪ ਕੰਬੋਜ ਚੀਫ਼ ਜੁਡੀਸ਼ਲ ਮੈਜਿਸਟਰੇਟ ਅਤੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਨਾਲ ਕੇਂਦਰੀ ਜੇਲ੍ਹ ਪਟਿਆਲਾ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਵਧੀਕ ਮੈਂਬਰ ਸਕੱਤਰ ਕ੍ਰਿਸ਼ਨ ਕੁਮਾਰ ਨੇ ਨਿੱਜੀ ਤੌਰ ’ਤੇ ਹਰੇਕ ਬੈਰਕ ਦਾ ਦੌਰਾ ਕੀਤਾ। ਕੈਦੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਵਜੋਂ ਜੱਜ ਨੇ ਉਨ੍ਹਾਂ ਨਾਲ ਸਾਰਥਕ ਗੱਲਬਾਤ ਕੀਤੀ, ਖ਼ਾਸ ਕਰਕੇ ‘ਮਿਸ਼ਨ ਮੋਡ’ ਬਾਰੇ ਜਾਣਕਾਰੀ ਦਿੱਤੀ।