ਐੱਸਐੱਸਸੀ ਵੱਲੋਂ ਭਰਤੀ ਪ੍ਰੀਖਿਆਵਾਂ ਲਈ ਆਧਾਰ ਬਾਇਓਮੀਟ੍ਰਿਕ ਲਾਗੂ
ਨਵੀਂ ਦਿੱਲੀ, 20 ਅਪਰੈਲ
ਕਰਮਚਾਰੀ ਚੋਣ ਕਮਿਸ਼ਨ (ਐੱਸਐੇੱਸਸੀ) ਨੇ ਸਵੈ-ਇੱਛਾ ਆਧਾਰ ’ਤੇ ਉਮੀਦਵਾਰਾਂ ਦੀ ਪਛਾਣ ਦੀ ਤਸਦੀਕ ਕਰਨ ਲਈ ਆਪਣੀਆਂ ਸਾਰੀਆਂ ਆਗਾਮੀ ਪ੍ਰੀਖਿਆਵਾਂ ਵਿੱਚ ਆਧਾਰ-ਆਧਾਰਿਤ ਬਾਇਓਮੀਟ੍ਰਿਕ ਪ੍ਰਮਾਣਿਕਤਾ ਲਾਗੂ ਕਰਨ ਦਾ ਫੈਸਲਾ ਲਿਆ ਹੈ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ। ਉਨ੍ਹਾਂ ਕਿਹਾ ਕਿ ਇਹ ਨਵਾਂ ਉਪਾਅ ਅਗਲੇ ਮਹੀਨੇ ਤੋਂ ਹੋਣ ਵਾਲੀਆਂ ਭਰਤੀ ਪ੍ਰੀਖਿਆਵਾਂ ਲਈ ਲਾਗੂ ਹੋਵੇਗਾ।
ਐੱਸਐੇੱਸਸੀ ਕੇਂਦਰ ਸਰਕਾਰ ਦੀ ਸਭ ਤੋਂ ਵੱਡੀ ਭਰਤੀ ਏਜੰਸੀਆਂ ’ਚੋਂ ਇਕ ਹੈ, ਜਿਸ ਦਾ ਮੁੱਖ ਕੰਮ ਵੱਖ-ਵੱਖ ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ ’ਚ ਨਾਨ-ਗਜ਼ਟਿਡ ਅਸਾਮੀਆਂ ਲਈ ਨਿਯੁਕਤੀ ਕਰਨਾ ਹੈ। ਮੁਲਾਜ਼ਮਾਂ ਦੀ ਭਰਤੀ ਕਰਨ ਵਾਲੀ ਇਸ ਏਜੰਸੀ ਵੱਲੋਂ ਹਾਲ ਵਿੱਚ ਜਾਰੀ ਇਕ ਜਨਤਕ ਨੋਟਿਸ ਵਿੱਚ ਕਿਹਾ ਗਿਆ ਹੈ, ‘‘ਕਮਿਸ਼ਨ ਨੇ ਅਗਾਮੀ ਪ੍ਰੀਖਿਆਵਾਂ ਵਿੱਚ ਆਧਾਰ ਆਧਾਰਿਤ ਬਾਇਓਮੀਟ੍ਰਿਕ ਪ੍ਰਮਾਣਿਕਤਾ ਲਾਗੂ ਕਰਨ ਦਾ ਫੈਸਲਾ ਲਿਆ ਹੈ।’’ ਇਸ ਵਿੱਚ ਕਿਹਾ ਗਿਆ ਹੈ, ‘‘ਇਸ ਮੁਤਾਬਕ, ਪ੍ਰੀਖਿਆਰਥੀ ਮਈ 2025 ਤੋਂ ਆਨਲਾਈਨ ਰਜਿਸਟਰੇਸ਼ਨ ਸਮੇਂ, ਪ੍ਰੀਖਿਆਵਾਂ ਲਈ ਆਨਲਾਈਨ ਬਿਨੈ ਪੱਤਰ ਭਰਦੇ ਸਮੇਂ ਅਤੇ ਕਮਿਸ਼ਨ ਵੱਲੋਂ ਕਰਵਾਈਆਂ ਜਾਂਦੀ ਪ੍ਰੀਖਿਆਵਾਂ ’ਚ ਬੈਠਣ ਲਈ ਪ੍ਰੀਖਿਆ ਕੇਂਦਰ ’ਤੇ ਹਾਜ਼ਰ ਹੁੰਦੇ ਸਮੇਂ ਆਧਾਰ ਦਾ ਇਸਤੇਮਾਲ ਕਰ ਕੇ ਖ਼ੁਦ ਨੂੰ ਪ੍ਰਮਾਣਿਤ ਕਰ ਸਕਣਗੇ।’’ ਐੱਸਐੇੱਸਸੀ ਨੇ ਕਿਹਾ ਕਿ ਆਧਾਰ ਪ੍ਰਮਾਣਿਕਤਾ ਸਵੈ-ਇੱਛੁਕ ਹੈ। -ਪੀਟੀਆਈ