ਐੱਲਪੀਜੀ ਦੀ ਵੱਧ ਕੀਮਤ ਵਸੂਲਣ ਖ਼ਿਲਾਫ਼ ਪ੍ਰਧਾਨ ਮੰਤਰੀ ਨੂੰ ਸ਼ਿਕਾਇਤ
ਖਰੜ: ਇਥੋਂ ਦੇ ਇੱਕ ਸ਼ਹਿਰੀ ਅਰੁਣ ਕੁਮਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਜੀ ਸ਼ਿਕਾਇਤ ਵਿੱਚ ਕਿਹਾ ਕਿ ਭਾਵੇ ਘਰੇਲੂ ਗੈਸ ਦੀਆਂ ਕੀਮਤਾਂ ਅੱਜ ਤੋਂ 50 ਰੁਪਏ ਪ੍ਰਤੀ ਸਿਲੰਡਰ ਵਧਾਈਆਂ ਗਈਆਂ ਹਨ ਪਰ ਗੈਸ ਏਜੰਸੀ ਵਾਲੇ 7 ਅਪਰੈਲ ਤੋਂ ਪਹਿਲਾਂ ਬੁੱਕ ਕੀਤੇ ਸਿਲੰਡਰ ਵਧੇ ਹੋਏ ਰੇਟਾਂ ’ਤੇ ਵੇਚ ਰਹੇ ਹਨ। ਉਸ ਨੇ ਕਿਹਾ ਕਿ ਅਜਿਹੇ ਖਪਤਕਾਰਾਂ ਨੂੰ, ਜਿਨ੍ਹਾਂ ਨੇ 7 ਅਪਰੈਲ ਤੱਕ ਆਨਲਾਈਨ ਅਦਾਇਗੀ ਕੀਤੀ ਸੀ ਅਤੇ ਬਿੱਲ ਸਬੰਧੀ ਮੈਸੇਜ ਵੀ ਆਨਲਾਈਨ ਪ੍ਰਾਪਤ ਹੋਇਆ ਸੀ ਉਨ੍ਹਾਂ ਦੇ ਆਨਲਾਈਨ ਹੁਣ ਕੈਂਸਲ ਕਰ ਦਿੱਤੇ ਗਏ ਹਨ ਅਤੇ ਨਵੇਂ ਬਿੱਲ 50 ਰੁਪਏ ਵਾਧੇ ਨਾਲ ਬਣਾ ਦਿੱਤੇ ਹਨ। ਕੰਪਨੀਆਂ ਵੱਲੋਂ ਲੋਕਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਇਸੇ ਸਬੰਧੀ ਪ੍ਰਧਾਨ ਮੰਤਰੀ ਦੇ ਦਫਤਰ ਵਲੋਂ ਇਸ ਸ਼ਿਕਾਇਤ ਨੂੰ ਸਬੰਧਤ ਵਿਭਾਗ ਨੂੰ ਜਾਂਚ ਲਈ ਭੇਜ ਦਿੱਤਾ ਹੈ। -ਪੱਤਰ ਪ੍ਰੇਰਕ
ਆਸਟਰੇਲਿਆਈ ਨਾਗਰਿਕ ਨੂੰ ਲੁੱਟਿਆ
ਸ੍ਰੀ ਆਨੰਦਪੁਰ ਸਾਹਿਬ: ਸ੍ਰੀ ਆਨੰਦਪੁਰ ਸਾਹਿਬ ਘੁੰਮਣ ਆਏ ਆਸਟਰੇਲੀਆ ਦਾ ਨਾਗਰਿਕ ਨੂੰ ਇੱਥੇ ਰੇਲਵੇ ਸਟੇਸ਼ਨ ਤੋਂ ਕੁਝ ਦੂਰੀ ’ਤੇ ਕੁੱਝ ਲੁਟੇਰਿਆਂ ਨੇ ਜ਼ਖ਼ਮੀ ਕਰ ਕੇ ਬੈਗ ਖੋਹ ਕੇ ਫਰਾਰ ਹੋ ਗਏ। ਇਹ ਮਾਮਲਾ ਧਿਆਨ ਵਿੱਚ ਆਉਣ ਮਗਰੋਂ ਰੇਲਵੇ ਪੁਲੀਸ ਨੇ ਆਸਟਰੇਲੀਅਨ ਨਾਗਰਿਕ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ। ਪੁਲੀਸ ਨੇ ਉਸ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ। ਰੇਲਵੇ ਪੁਲੀਸ ਮੁਲਾਜ਼ਮ ਸੁਗ੍ਰੀਵ ਚੰਦ ਨੇ ਦੱਸਿਆ ਕਿ ਉਕਤ ਘਟਨਾ ਦੇ ਮਾਮਲੇ ਸਬੰਧੀ ਕੇਸ ਦਰਜ ਕੀਤਾ ਗਿਆ ਹੈ। -ਪੱਤਰ ਪ੍ਰੇਰਕ
ਅਗਨੀਵੀਰ ਭਰਤੀ ਦੀ ਤਰੀਕ ਵਧਾਈ
ਅੰਬਾਲਾ: ਫੌਜੀ ਭਰਤੀ ਦਫ਼ਤਰ ਅੰਬਾਲਾ ਨੇ ਸੂਚਨਾ ਦਿੱਤੀ ਹੈ ਕਿ ਭਾਰਤੀ ਫੌਜ ਦੀ ਅਗਨੀਪਥ ਭਰਤੀ ਯੋਜਨਾ ਤਹਿਤ ਸਾਲ 2025-26 ਲਈ ਰਜਿਸਟ੍ਰੇਸ਼ਨ 12 ਮਾਰਚ ਤੋਂ 10 ਅਪਰੈਲ ਤੱਕ ਖੋਲ੍ਹੀ ਗਈ ਸੀ। ਹੁਣ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 10 ਤੋਂ ਵਧਾ ਕੇ 25 ਅਪਰੈਲ ਕਰ ਦਿੱਤੀ ਹੈ। ਹਰਿਆਣਾ ਦੇ ਛੇ ਜ਼ਿਲ੍ਹਿਆਂ, ਅੰਬਾਲਾ, ਕੈਥਲ, ਕੁਰੂਕਸ਼ੇਤਰ, ਕਰਨਾਲ, ਯਮੁਨਾਨਗਰ, ਪੰਚਕੂਲਾ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪੁਰਸ਼ ਉਮੀਦਵਾਰਾਂ ਅਤੇ ਹਰਿਆਣਾ, ਹਿਮਾਚਲ, ਦਿੱਲੀ ਅਤੇ ਚੰਡੀਗੜ੍ਹ ਦੀਆਂ ਮਹਿਲਾ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ। -ਪੱਤਰ ਪ੍ਰੇਰਕ /ਨਿੱਜੀ ਪੱਤਰ ਪ੍ਰੇਰਕ
ਬੁਜ਼ਰਗ ਨਾਲ ਲੁੱਟ-ਖੋਹ
ਰੂਪਨਗਰ: ਇੱਥੋਂ ਨੇੜਲੇ ਪਿੰਡ ਟੱਪਰੀਆਂ-ਗਰੇਵਾਲ ਰੋਡ ਉਤੇ ਭਾਖੜਾ ਨਹਿਰ ਨੇੜੇ ਲੁਟੇਰਿਆਂ ਵੱਲੋਂ ਬਜ਼ੁਰਗ ਕੋਲੋਂ 1200 ਰੁਪਏ ਦੀ ਨਕਦੀ ਖੋਹ ਲਈ। ਕੋਟਲਾ ਨਿਹੰਗ ਨਿਵਾਸੀ ਸੁਰਜੀਤ ਸਿੰਘ ਨੇ ਦੱਸਿਆ ਕਿ ਉਹ ਸਵੇਰੇ 6.30 ਵਜੇ ਦੇ ਕਰੀਬ ਨੇੜਲੇ ਪਿੰਡ ਗਰੇਵਾਲ ਤੋਂ ਵਾਪਸੀ ਸਮੇਂ ਜਿਵੇਂ ਹੀ ਭਾਖੜਾ ਨਹਿਰ ਤੋਂ ਹੇਠਾਂ ਉਤਰਿਆ ਤਾਂ ਪੰਜ ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਘੇਰ ਲਿਆ ਅਤੇ ਹੱਥੋਪਾਈ ਕਰਕੇ 1200 ਰੁਪਏ ਦੀ ਨਕਦੀ ਖੋਹ ਲਈ। -ਪੱਤਰ ਪ੍ਰੇਰਕ
ਦੁਕਾਨਦਾਰਾਂ ਵੱਲੋਂ ਮੰਗ ਪੱਤਰ
ਖਮਾਣੋਂ: ਖਮਾਣੋਂ ਦੇ ਦੁਕਾਨਦਾਰਾਂ ਵਲੋਂ ਐੱਸਡੀਐੱਮ ਮਨਰੀਤ ਰਾਣਾ ਨੂੰ ਮੰਗ-ਪੱਤਰ ਦਿੱਤਾ ਗਿਆ ਅਤੇ ਨਗਰ ਪੰਚਾਇਤ ਵੱਲੋਂ ਸ਼ਹਿਰ ਦੇ ਦੋ ਦੁਕਾਨਦਾਰਾਂ ਖ਼ਿਲਾਫ਼ ਕੀਤੀ ਕਥਿਤ ਧੱਕੇਸ਼ਾਹੀ ਦੀ ਨਿਖੇਧੀ ਕੀਤੀ ਗਈ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਨੇ ਆਪਣੀਆਂ ਕਾਰੋਬਾਰੀ ਦੁਕਾਨਾਂ ਅੱਗੇ ਆਪਣੀ ਮਾਲਕੀ ਵਾਲੀ ਥਾਂ ’ਤੇ ਆਰਜ਼ੀ ਸ਼ੈੱਡ ਪਾਏ ਹੋਏ ਹਨ। ਪਰ 4 ਅਪਰੈਲ ਨੂੰ ਨਗਰ ਪੰਚਾਇਤ ਨੇ ਦੋ ਨਾਮੀ ਕਾਰੋਬਾਰੀਆਂ ਦੀਆਂ ਦੁਕਾਨਾਂ ਦੇ ਅੱਗੇ ਬਣੇ ਬੈਂਡ ਤੋੜ ਕੇ ਸ਼ਹਿਰ ਦੇ ਸ਼ਾਂਤ ਮਾਹੌਲ ਨੂੰ ਖ਼ਰਾਬ ਕੀਤਾ ਹੈ। ਐੱਸਡੀਐੱਮ ਨੇ ਨਗਰ ਪੰਚਾਇਤ ਖਮਾਣੋਂ ਦੀ ਕਾਰਵਾਈ ਨਾਲ ਪ੍ਰਭਾਵਿਤ ਦੁਕਾਨਾਂ ਦਾ ਦੌਰਾ ਕੀਤਾ। ਉਨ੍ਹਾਂ ਦੁਕਾਨਦਾਰਾਂ ਨੂੰ ਭਰੋਸਾ ਦਿਵਾਇਆ ਕਿ ਕਿਸੇ ਵੀ ਦੁਕਾਨਦਾਰ ਨਾਲ ਬੇਇਨਸਾਫ਼ੀ ਨਹੀਂ ਹੋਣ ਦਿੱਤੀ ਜਾਵੇਗੀ। -ਨਿੱਜੀ ਪੱਤਰ ਪ੍ਰੇਰਕ