ਉੱਤਰ ਪ੍ਰਦੇਸ਼: ਕਿਸਾਨ ਘਰੋਂ ਐੱਮਐੱਸਪੀ ’ਤੇ ਵੇਚ ਸਕਦੇ ਹਨ ਫ਼ਸਲਾਂ
ਲਖਨਊ, 2 ਅਪਰੈਲ
ਉੱਤਰ ਪ੍ਰਦੇਸ਼ ਦੇ ਕਿਸਾਨ ਹੁਣ ਕੀਮਤ ਸਮਰਥਨ ਯੋਜਨਾ (ਪੀਐੱਸਐੱਸ) ਤਹਿਤ ਦਾਲਾਂ ਅਤੇ ਤੇਲ ਬੀਜਾਂ ਦੀ ਸਰਕਾਰੀ ਖਰੀਦ ਪ੍ਰਕਿਰਿਆ ਵਿੱਚ ਘਰ ਬੈਠੇ ਹੀ ਹਿੱਸਾ ਲੈ ਸਕਦੇ ਹਨ। ਅੱਜ ਤੋਂ ਇਸ ਦੀ ਸ਼ੁਰੂਆਤ ਹੋ ਗਈ ਹੈ। ਅਧਿਕਾਰਤ ਬਿਆਨ ਅਨੁਸਾਰ ਇਸ ਯੋਜਨਾ ਤਹਿਤ ਕਿਸਾਨ ਅੱਜ ਤੋਂ 30 ਜੂਨ ਤੱਕ ਆਪਣੀਆਂ ਫਸਲਾਂ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ’ਤੇ ਸਿੱਧੇ ਸਰਕਾਰ ਨੂੰ ਵੇਚ ਸਕਦੇ ਹਨ।
ਬਿਆਨ ਅਨੁਸਾਰ ਇਸ ਯੋਜਨਾ ਦਾ ਉਦੇਸ਼ ਕਿਸਾਨਾਂ ਨੂੰ ਉਚਿਤ ਕੀਮਤਾਂ ਦੇ ਕੇ ਉਨ੍ਹਾਂ ਦੀ ਆਮਦਨ ਵਧਾਉਣਾ ਹੈ। ਬਿਆਨ ਵਿੱਚ ਨੈਸ਼ਨਲ ਐਗਰੀਕਲਚਰਲ ਕੋਆਪਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ ਲਿਮਟਿਡ (ਐੱਨਏਐੱਫਈਡੀ) ਦੇ ਸੂਬਾ ਮੁਖੀ ਰੋਹਿਤ ਜੈਮਨ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਆਧਾਰ ਨਾਲ ਜੁੜੇ ਬੈਂਕ ਖਾਤੇ ਵਿੱਚ ਤਿੰਨ ਕੰਮਕਾਜੀ ਦਿਨਾਂ ਦੇ ਅੰਦਰ ਭੁਗਤਾਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਫਸਲ ਉਤਪਾਦਨ ਵਾਲੇ ਜ਼ਿਲ੍ਹਿਆਂ ਵਿੱਚ ਖਰੀਦ ਕੇਂਦਰ ਬਣਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਅਤੇ ਉੱਤਰ ਪ੍ਰਦੇਸ਼ ਸਰਕਾਰ ਮਿਲ ਕੇ ਇਹ ਵਿਸ਼ੇਸ਼ ਯੋਜਨਾ ਚਲਾ ਰਹੀਆਂ ਹਨ। ਬਿਆਨ ਅਨੁਸਾਰ ਅਰਹਰ ਲਈ 7,550 ਰੁਪਏ ਪ੍ਰਤੀ ਕੁਇੰਟਲ, ਛੋਲਿਆਂ ਲਈ 5,650 ਰੁਪਏ ਪ੍ਰਤੀ ਕੁਇੰਟਲ, ਮਸਰਾਂ ਲਈ 6,700 ਰੁਪਏ ਪ੍ਰਤੀ ਕੁਇੰਟਲ ਅਤੇ ਸਰ੍ਹੋਂ ਲਈ 5,950 ਰੁਪਏ ਪ੍ਰਤੀ ਕੁਇੰਟਲ ਸਮਰਥਨ ਮੁੱਲ ਨਿਰਧਾਰਤ ਕੀਤਾ ਗਿਆ ਹੈ। -ਪੀਟੀਆਈ