ਇਨਕਲਾਬੀ ਸ਼ਹੀਦਾਂ ਦੀ ਯਾਦ ’ਚ ਸੈਮੀਨਾਰ
ਪੱਤਰ ਪ੍ਰੇਰਕ
ਜੈਤੋ, 26 ਮਾਰਚ
ਸ਼ਹੀਦ ਭਗਤ ਸਿੰਘ ਵਿਚਾਰ ਮੰਚ ਜੈਤੋ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਯਾਦ ਨੂੰ ਸਮਰਪਿਤ ਇੱਥੇ ਸੈਮੀਨਾਰ ਕਰਵਾਇਆ ਗਿਆ।
ਸਮਾਗਮ ਦੇ ਮੁੱਖ ਵਕਤਾ ਰਣਜੀਤ ਸਿੰਘ ਨੇ ਸ਼ਹੀਦ ਭਗਤ ਸਿੰਘ ਨੂੰ ਇੱਕ ਸੰਸਥਾ ਬਿਆਨਦਿਆਂ ਕਿਹਾ ਕਿ ਦੇਸ਼ ਭਗਤੀ ਦਾ ਜਜ਼ਬਾ ਬਚਪਨ ਤੋਂ ਹੀ ਭਗਤ ਸਿੰਘ ਵਿੱਚ ਕੁੱਟ-ਕੁੱਟ ਕੇ ਭਰਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਭਗਤ ਸਿੰਘ ਦੇਸ਼ ਨੂੰ ਆਜ਼ਾਦ ਕਰਵਾ ਕੇ, ਦੇਸ਼ ਦੀ ਵਾਗਡੋਰ ਮਿਹਨਤਕਸ਼ਾਂ ਦੇ ਹੱਥ ਵਿੱਚ ਸੌਂਪਣ ਦਾ ਚਾਹਵਾਨ ਸੀ। ਉਸ ਦੀ ਇੱਛਾ ਇਹ ਹਰਗਿਜ਼ ਨਹੀਂ ਸੀ ਕਿ ਅੰਗਰੇਜ਼ਾਂ ਤੋਂ ਮੁਲਕ ਨੂੰ ਮੁਕਤ ਕਰਵਾ ਕੇ, ਦੇਸੀ ਅੰਗਰੇਜ਼ ਪਹਿਲੇ ਹੁਕਮਰਾਨਾਂ ਦੀਆਂ ਨੀਤੀਆਂ ਨੂੰ ਆਵਾਮ ’ਤੇ ਥੋਪਣ। ਉਨ੍ਹਾਂ ਸਾਫ਼ ਲਫ਼ਜ਼ਾਂ ’ਚ ਕਿਹਾ ਕਿ ਇਹ ਆਜ਼ਾਦੀ ਭਗਤ ਸਿੰਘ ਵੱਲੋਂ ਬਿਲਕੁਲ ਹੀ ਚਿਤਵੀ ਨਹੀਂ ਗਈ ਸੀ ਕਿ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਹੋਵੇ ਅਤੇ ਸਰਮਾਏਦਾਰ ਵਰਗ ਆਪਣੀ ਲੁੱਟ ਨੂੰ ਕਿਰਤ ’ਤੇ ਕੇਂਦਰਿਤ ਕਰੇੇ।
ਰਣਜੀਤ ਸਿੰਘ ਨੇ ਅੱਗੇ ਕਿਹਾ ਕਿ ਭਗਤ ਸਿੰਘ ਦੀ ਬੌਧਿਕਤਾ ਬੇਹੱਦ ਜ਼ਹੀਨ ਸੀ ਅਤੇ ਅਜਿਹੇ ਗੁਣ ਉਸ ਨੂੰ ਪੜ੍ਹਾਈ ’ਚੋਂ ਪ੍ਰਾਪਤ ਹੋਏ। ਉਨ੍ਹਾਂ ਕਿਹਾ ਕਿ ਭਗਤ ਸਿੰਘ ਨੇ ਵਿਸ਼ਵ ਪੱਧਰ ਦੇ ਦਾਰਸ਼ਨਿਕਾਂ ਦੀਆਂ ਲਿਖ਼ਤਾਂ ਨੂੰ ਸਿਰਫ ਪੜ੍ਹਿਆ ਹੀ ਨਹੀਂ, ਬਲਕਿ ਆਪਣੀ ਤੇਜ਼ ਤਰਾਰ ਬੁੱਧੀ ਦੇ ਆਸਰੇ ਬਾਰੀਕੀ ਨਾਲ ਘੋਖ ਕੇ ਅਮਲੀ ਤੌਰ ’ਤੇ ਵੀ ਪਰਖਿਆ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਆਪਣੀ 23 ਸਾਲ ਦੀ ਉਮਰ ਦੌਰਾਨ ਉੱਚ ਪਾਏ ਦਾ ਸਾਹਿਤ ਅਤੇ ਵਿਦਵਾਨਾਂ ਦੀਆਂ ਲਿਖ਼ਤਾਂ ਨੂੰ ਡੂੰਘਾ ਅਧਿਐਨ ਕੀਤਾ। ਉਨ੍ਹਾਂ ਮਿਸਾਲ ਦਿੱਤੀ ਕਿ ਜਦੋਂ ਭਗਤ ਸਿੰਘ ਨੂੰ ਕਾਲ ਕੋਠੜੀ ’ਚ ਫਾਂਸੀ ਦੇ ਤਖ਼ਤੇ ’ਤੇ ਲਿਜਾਣ ਲਈ ਜੇਲ੍ਹ ਦੀ ਗਾਰਦ ਆਈ, ਤਾਂ ਉਸ ਵਕਤ ਵੀ ਭਗਤ ਸਿੰਘ ਲੈਨਿਨ ਦੀ ਇੱਕ ਕਿਤਾਬ ਪੜ੍ਹ ਰਿਹਾ ਸੀ। ਉਨ੍ਹਾਂ ਕਿਹਾ ਕਿ ਫਾਂਸੀ ਦੇ ਤਖ਼ਤੇ ਵੱਲ ਜਾਣ ਤੋਂ ਪਹਿਲਾਂ ਭਗਤ ਸਿੰਘ ਨੇ ਕਿਤਾਬ ਨੂੰ ਜਿੱਥੋਂ ਤੱਕ ਪੜ੍ਹਿਆ ਸੀ, ਉਸ ਦਾ ਵਰਕਾ ਉਥੇ ਹੀ ਮੋੜ ਕੇ ਰੱਖ ਦਿੱਤਾ, ਜਿਸ ਦਾ ਸੰਕੇਤ ਸੀ ਕਿ ਆਉਣ ਵਾਲੀਆਂ ਨਸਲਾਂ ਆਪਣੀ ਬੌਧਿਕਤਾ ਨੂੰ ਸਾਣ ’ਤੇ ਲਾਉਣ ਲਈ ਉਸ ਤੋਂ ਅੱਗੇ ਪੜ੍ਹਨ ਦੀ ਕਵਾਇਦ ਜਾਰੀ ਰੱਖਣ।
ਇਸ ਦੌਰਾਨ ਮਾਸਟਰ ਭੁਪਿੰਦਰਪਾਲ ਸਿੰਘ, ਗੁਰਜੰਗ ਸਿੰਘ, ਕਰਮਜੀਤ ਸੇਵੇਵਾਲਾ, ਪਿ੍ਰੰਸੀਪਲ ਬਲਬੀਰ ਸਿੰਘ, ਭੁਪਿੰਦਰ ਜੈਤੋ, ਹਰਮੇਲ ਪਰੀਤ ਆਦਿ ਨੇ ਵੀ ਭਗਤ ਸਿੰਘ ਬਾਰੇ ਆਪਣੇ ਵੱਡਮੁੱਲੇ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ। ਇਸ ਮੌਕੇ ਸਾਹਿਤ ਤੇ ਸੰਗੀਤ ਪ੍ਰੇਮੀਆਂ ਵੱਲੋਂ ਅਗਾਂਹਵਧੂ ਰਚਨਾਵਾਂ ਦਾ ਗਾਇਨ ਵੀ ਕੀਤਾ ਗਿਆ।