ਇਤਿਹਾਸ ’ਚ ਅਹਿਮ ਥਾਂ ਰੱਖਦਾ ਜਸਰੋਟੇ ਦਾ ਕਿਲ੍ਹਾ
ਇੰਦਰਜੀਤ ਸਿੰਘ ਹਰਪੁਰਾ
ਜਦੋਂ ਅਸੀਂ ਮਾਧੋਪੁਰ ਤੋਂ ਜਾਂਦੇ ਹੋਏ ਜੰਮੂ-ਕਸ਼ਮੀਰ ਦਾ ਕਠੂਆ ਸ਼ਹਿਰ ਲੰਘਦੇ ਹਾਂ ਤਾਂ ਦਰਿਆ ਉੱਝ ਪਾਰ ਕਰਦਿਆਂ ਹੀ ਦਰਿਆ ਦੇ ਸੱਜੇ ਕਿਨਾਰੇ ਇੱਕ ਪਹਾੜੀ ਉੱਪਰ ਜਸਰੋਟੇ ਦਾ ਕਿਲ੍ਹਾ ਸਥਿਤ ਹੈ। ਇਸ ਕਿਲ੍ਹੇ ਦੇ ਖੰਡਰ ਅੱਜ ਵੀ ਬਾਈਧਾਰ ਰਿਆਸਤਾਂ ਵਿੱਚੋਂ ਇੱਕ ਜਸਰੋਟਾ ਰਿਆਸਤ ਦੀ ਬਾਤ ਪਾਉਂਦੇ ਹਨ। ਜਸਰੋਟਾ ਕਿਲ੍ਹੇ ਦੇ ਮੌਜੂਦਾ ਖੰਡਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਧਿਆਨ ਸਿੰਘ ਡੋਗਰਾ ਦੇ ਪੁੱਤਰ ਹੀਰਾ ਸਿੰਘ ਵੱਲੋਂ ਬਣਾਏ ਕਿਲ੍ਹੇ ਦੇ ਹਨ ਜੋ ਕਿ ਸਰਕਾਰ-ਏ-ਖ਼ਾਲਸਾ ਦਾ ਇੱਕ ਅਹਿਮ ਕਿਲ੍ਹਾ ਸੀ।
ਇਤਿਹਾਸ ਦੱਸਦਾ ਹੈ ਕਿ ਜਸਰੋਟਾ ਰਿਆਸਤ ਪੁਰਾਣੀਆਂ ਪਹਾੜੀ ਬਾਈਧਾਰ ਰਿਆਸਤਾਂ ਵਿੱਚੋਂ ਇੱਕ ਸੀ ਜਿਹੜੀ ਡੂਗਰ ਦੇ ਹਲਕੇ ਵਿੱਚ ਦਰਿਆ ਰਾਵੀ ਦੇ ਪੱਛਮ ਵੱਲ ਉੱਪਰਲੀਆਂ ਸ਼ਿਵਾਲਿਕ ਪਹਾੜੀਆਂ ਵਿੱਚ ਸਥਿਤ ਸੀ। ਇਸ ਰਿਆਸਤ ਦੇ ਦੱਖਣ ਵਿੱਚ ਕਾਰਾਈਧਾਰ ਪਰਬਤ ਲੜੀ ਹੈ ਜਿਹੜੀ ਜਸਰੋਟਾ ਰਿਆਸਤ ਨੂੰ ਉੱਤਰ ਵੱਲੋਂ ਬਜੋਹਲੀ, ਭਾਦੂ ਅਤੇ ਮਾਨਕੋਟ ਰਿਆਸਤਾਂ ਨਾਲੋਂ ਵੱਖ ਕਰਦੀ ਹੈ। ਇਸ ਦੇ ਪੂਰਬ ਵਿੱਚ ਲੱਖਣਪੁਰ, ਦੱਖਣ ਵਿੱਚ ਮੈਦਾਨੀ ਇਲਾਕਾ ਅਤੇ ਪੱਛਮ ਵੱਲ ਰਿਆਸਤ ਸਾਂਬਾ ਹੈ। ਜਸਰੋਟ ਰਿਆਸਤ ਦੀ ਰਾਜਧਾਨੀ ਜਸਰੋਟਾ ਸ਼ਹਿਰ ਹੈ ਜਿਸ ਦੇ ਨਾਂ ਉੱਪਰ ਇਸ ਰਿਆਸਤ ਅਤੇ ਇੱਥੋਂ ਦੇ ਸ਼ਾਹੀ ਘਰਾਣੇ ਦਾ ਨਾਮ ਪਿਆ। ਜਸਰੋਟਾ ਸ਼ਹਿਰ ਕਰਾਈਧਾਰ ਪਰਬਤਾਂ ਦੇ ਬਾਹਰ ਦੱਖਣੀ ਪਾਸੇ ਵੱਲ ਵਸਿਆ ਹੋਇਆ ਹੈ। ਜਸਰੋਟਾ ਇਨ੍ਹਾਂ ਰਾਜਿਆਂ ਦੇ ਰਾਜ ਦੌਰਾਨ ਇੱਕ ਖ਼ੁਸ਼ਹਾਲ ਰਿਆਸਤ ਸੀ। ਇਸ ਰਾਜ ਖੇਤਰ ਦੀ ਭੂਮੀ ਮੈਦਾਨੀ ਇਲਾਕੇ ਦੇ ਬਿਲਕੁਲ ਨਾਲ ਲੱਗਦੀ ਹੋਣ ਕਰਕੇ ਕਾਫ਼ੀ ਜ਼ਰਖ਼ੇਜ਼ ਸੀ ਅਤੇ ਇਸ ਦਾ ਸ਼ਕਤੀਸ਼ਾਲੀ ਹੋਣਾ ਕੁਦਰਤੀ ਸੀ।
ਜਸਰੋਟਾ ਦਾ ਸ਼ਾਹੀ ਘਰਾਣਾ ਹੋਰ ਰਿਆਸਤੀ ਰਾਜ ਵੰਸ਼ਾਂ ਵਾਂਗ ਮੂਲ ਰੂਪ ਵਿੱਚ ਜੰਮੂ ਦੇ ਸ਼ਾਹੀ ਖ਼ਾਨਦਾਨ ਵਿੱਚੋਂ ਸੀ। ਤੇਰ੍ਹਵੀਂ ਸਦੀ ਦੀ ਇਹ ਮੁੱਢਲੀ ਰਿਆਸਤ ਛੋਟੇ-ਛੋਟੇ ਪਹਾੜੀ ਰਜਵਾੜਿਆਂ ਵਿੱਚੋਂ ਸਭ ਤੋਂ ਪੁਰਾਣੀ ਜਾਪਦੀ ਹੈ। ਭੁਜ-ਦੇਵ ਅਣਵੰਡੀ ਰਿਆਸਤ ਜੰਮੂ ਦਾ ਅਖੀਰਲਾ ਰਾਜਾ ਸੀ। ਇਸ ਦੇ ਚਾਰ ਪੁੱਤਰ ਸਨ ਜਿਨ੍ਹਾਂ ਵਿਚੋਂ ਸਭ ਤੋਂ ਵੱਡਾ ਮਾਨਕੋਟੀਆ ਖ਼ਾਨਦਾਨ ਦਾ ਬਾਨੀ ਹੋਇਆ, ਦੂਜਾ ਜੰਮੂ ਦਾ ਰਾਜਾ ਬਣ ਗਿਆ, ਤੀਜਾ ‘ਕਰਨ ਦੇਵ’ ਜਿਸ ਲਈ ਜਸਰੋਟਾ ਦਾ ਇਲਾਕਾ ਬਾਕੀ ਰਹਿ ਗਿਆ ਸੀ ਜਸਰੋਟ ਦੇ ਨਾਲ ਲਗਦੇ ਰਾਜਿਆਂ ਦੇ ਇਲਾਕੇ ਮਿਲਾ ਕੇ ਨਵੀਂ ਰਿਆਸਤ ਦਾ ਰਾਜਾ ਬਣ ਗਿਆ। ਬਾਅਦ ਵਿੱਚ ਜਸਰੋਟਾ ਸ਼ਹਿਰ ਨੂੰ ਰਾਜਧਾਨੀ ਬਣਾਉਣ ਕਾਰਨ ਇਸ ਘਰਾਣੇ ਦਾ ਨਾਂ ਜਸਰੋਟੀਆ ਅਤੇ ਰਿਆਸਤ ਦਾ ਨਾਂ ਜਸਰੋਟਾ ਚੱਲਿਆ। ਜਸਰੋਟਾ ਨਗਰ ਦੀ ਨੀਂਹ ਜਸਦੇਵ ਨੇ ਰੱਖੀ ਸੀ, ਇਸ ਲਈ ਇਸ ਦਾ ਨਾਂ ਜਸਰੋਟਾ ਰੱਖਿਆ ਗਿਆ।
ਜਸਰੋਟਾ ਬਾਰੇ ਸੰਸਕ੍ਰਿਤ ਸਾਹਿਤ ਵਿੱਚ ਤਾਂ ਕੋਈ ਜਾਣਕਾਰੀ ਨਹੀਂ ਮਿਲਦੀ ਪਰ ਅਕਬਰ ਦੇ ਕਾਲ ਦੇ ਇਤਿਹਾਸ ਵਿੱਚ ਦੋ ਕੁ ਵਾਰੀ ਇਸ ਦਾ ਜ਼ਿਕਰ ਆਉਂਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਇਸ ਰਿਆਸਤ ਦਾ ਥੋੜ੍ਹਾ-ਬਹੁਤ ਸਬੰਧ ਜੰਮੂ ਨਾਲ ਹਮੇਸ਼ਾ ਹੀ ਰਿਹਾ। ਅਕਬਰਨਾਮਾ ਅਤੇ ਮਾਅਸਿਹ-ਉਲ-ਉਸਰ ਪੁਸਤਕਾਂ ਮੁਤਾਬਿਕ ਇਹ ਮੁਗ਼ਲ ਸਲਤਨਤ ਦੀਆਂ ਦੋ ਵੱਡੀਆਂ ਵਿਰੋਧੀ ਪਹਾੜੀ ਰਿਆਸਤਾਂ ਵਿੱਚੋਂ ਰਿਹਾ ਹੈ।
ਇਸ ਰਿਆਸਤ ਦਾ ਮੁੱਢ 13ਵੀਂ ਸਦੀ ਦੌਰਾਨ ਬੱਝਿਆ ਅਤੇ ਸੰਨ 1834 ਤੱਕ ਇਸ ਦੇ ਕੁੱਲ ਸਤਾਈ ਰਾਜੇ ਹੋਏ। ਇਸ ਰਿਆਸਤ ਦੇ ਮੁੱਢਲੇ ਇਤਿਹਾਸ ਬਾਰੇ ਕਿਤੇ ਕੋਈ ਵਿਸ਼ੇਸ਼ ਜਾਣਕਾਰੀ ਨਹੀਂ ਮਿਲਦੀ। ਕਰਮ ਦੇਵ, ਬੀਰ ਦੇਵ, ਕਾਲੂ ਦੇਵ, ਅਮੀਲ ਦੇਵ, ਬਲਾਰ ਦੇਵ, ਕਲਸ ਦੇਵ ਅਤੇ ਪ੍ਰਤਾਪ ਦੇਵ ਆਦਿ ਦੇ ਨਾਂ ਹੀ ਮੁੱਢਲੇ ਜਸਰੋਟ ਰਾਜਿਆਂ ਵਿੱਚੋਂ ਮਿਲਦੇ ਹਨ।
ਰਾਜਾ ਪ੍ਰਤਾਪ ਦੇਵ ਅਤੇ ਉਸ ਦੇ ਭਰਾ ਸੰਗਰਾਮ ਦੇਵ ਵਿਚਕਾਰ ਕੁਝ ਮੱਤਭੇਦ ਹੋ ਜਾਣ ਕਰਕੇ ਰਿਆਸਤ ਜਸਰੋਟ ਦਾ ਖੇਤਰ ਦੋ ਹਿੱਸਿਆਂ ਵਿੱਚ ਵੰਡਿਆ ਗਿਆ, ਜਿਸ ਦੇ ਫ਼ਲਸਰੂਪ ਇੱਕ ਨਵੀਂ ਸਟੇਟ ਹੋਂਦ ਵਿੱਚ ਆਈ। ਇਸ ਰਿਆਸਤ ਦੀ ਰਾਜਧਾਨੀ ਲਖਣਪੁਰ ਵਿੱਚ ਸਥਾਪਤ ਕੀਤੀ ਗਈ ਅਤੇ ਇਸ ਕਰਕੇ ਰਿਆਸਤ ਦਾ ਨਾਂ ਵੀ ਲਖਣਪੁਰ ਪਿਆ। ਲਖਣਪੁਰ ਦੀ ਪੱਛਮੀ ਹੱਦ ਰਾਵੀ ਦਰਿਆ ਦੀ ਸਹਾਇਕ ਨਦੀ ਉੱਝ ਨੂੰ ਮੰਨਿਆ ਗਿਆ। ਰਾਜੇ ਦੀ ਰਿਹਾਇਸ਼ ਲਈ ਲਖਣਪੁਰ ਵਿੱਚ ਅਤੇ ਥੀਨ ਵਿਖੇ ਇੱਕ ਟਿੱਲੇ ਉੱਪਰ ਕਿਲ੍ਹੇ ਬਣਵਾਏ ਗਏ। ਇਸ ਲਈ ਇਸ ਰਿਆਸਤ ਨੂੰ ਰਾਜਾ ਸੰਗਰਾਮ ਦੇਵ ਦੇ ਸਮਕਾਲੀ ਇਤਿਹਾਸ ਵਿੱਚ ਕਿਧਰੇ-ਕਿਧਰੇ ਥੀਨ ਰਿਆਸਤ ਵੀ ਕਿਹਾ ਗਿਆ ਹੈ। ਇਨ੍ਹਾਂ ਦੋਵਾਂ ਥਾਵਾਂ ’ਤੇ ਬਣਾਏ ਕਿਲ੍ਹਿਆਂ ਦੇ ਖੰਡਰ ਅਜੇ ਵੀ ਮੌਜੂਦ ਹਨ।
ਪ੍ਰਤਾਪ ਦੇਵ ਤੋਂ ਬਾਅਦ ਜਤਰ ਦੇਵ, ਅਤਰ ਦੇਵ ਜਾਂ ਅਟਲ ਦੇਵ, ਸੁਲਤਾਨ ਦੇਵ, ਸਗਤ ਦੇਵ, ਦੌਲਤ ਦੇਵ ਅਤੇ ਭਾਬੂ ਦੇਵ ਰਾਜਿਆਂ ਦੇ ਤੌਰ ’ਤੇ ਗੱਦੀਨਸ਼ੀਨ ਹੋਏ। ਇਨ੍ਹਾਂ ਵਿੱਚੋਂ ਰਾਜਾ ਭਾਬੂ ਦੇਵ ਨੂੰ ਬਾਦਸ਼ਾਹ ਅਕਬਰ ਦੇ ਸਮੇਂ ਦਾ ਵਿਰੋਧੀ ਰਾਜਾ ਦੱਸਿਆ ਗਿਆ ਹੈ। ਸੰਨ 1588-89 ਦੌਰਾਨ ਜੰਮੂ ਤੋਂ ਲੈ ਕੇ ਜਸਵਾਨ ਤਕ ਦੀਆਂ ਸਾਰੀਆਂ ਪਹਾੜੀ ਰਿਆਸਤਾਂ ਨੇ ਬਗ਼ਾਵਤ ਕੀਤੀ ਪਰ ਇਸ ਬਗ਼ਾਵਤ ਨੂੰ ਦਬਾਅ ਦਿੱਤਾ ਗਿਆ। ਇਸ ਤੋਂ ਛੇ ਕੁ ਸਾਲ ਪਿੱਛੋਂ ਦੁਬਾਰਾ ਫਿਰ ਇਨ੍ਹਾਂ ਹੀ ਰਾਜਿਆਂ ਨੇ ਬਗ਼ਾਵਤ ਕੀਤੀ ਜਿਸ ਦੀ ਅਗਵਾਈ ਰਾਜਾ ਭਾਬੂ ਨੇ ਕੀਤੀ। ਸ਼ਾਹੀ ਫ਼ੌਜਾਂ ਨੇ ਕਾਫ਼ੀ ਜੱਦੋਜਹਿਦ ਉਪਰੰਤ ਜੰਮੂ ਉੱਪਰ ਕਬਜ਼ਾ ਕਰ ਲਿਆ। ਇਸ ਉਪਰੰਤ ਇਹ ਪੂਰਬ ਵੱਲ ਵਧਿਆ ਤੇ ਸਾਂਭਾ ਦੇ ਸਥਾਨ ’ਤੇ ਆ ਕੇ ਲਖਣਪੁਰ ਦੇ ਰਾਜਾ ਬਲਭਦਰ ਅਤੇ ਜਸਰੋਟਾ ਦੇ ਰਾਜਾ ਭਾਬੂ ਨੂੰ ਹਥਿਆਰ ਸੁੱਟਣੇ ਪਏ। ਇਸ ਪਿੱਛੋਂ ਜਸਰੋਟਾ ’ਤੇ ਕਬਜ਼ਾ ਕਰਨ ਲਈ ਵੀ ਮੁਗ਼ਲ ਫ਼ੌਜਾਂ ਨੂੰ ਰਾਜਾ ਭਾਬੂ ਦੇ ਪੁੱਤਰਾਂ ਅਤੇ ਰਿਸ਼ਤੇਦਾਰਾਂ ਨਾਲ ਚੰਗਾ ਟਾਕਰਾ ਕਰਨਾ ਪਿਆ ਅਤੇ ਘਮਸਾਣ ਦੀ ਲੜਾਈ ਹੋਈ।
ਭਾਬੂ ਦੇਵ ਤੋਂ ਪਿੱਛੋਂ ਭੁਜ ਦੇਵ, ਫਤਹਿ ਦੇਵ, ਤੇਜ ਦੇਵ, ਸ਼ਿਵ ਦੇਵ, ਜਗ ਦੇਵ, ਸੁਖ ਦੇਵ ਅਤੇ ਧਰੁਵ ਦੇਵ ਕ੍ਰਮਵਾਰ ਹੋਏ। ਇਨ੍ਹਾਂ ਬਾਰੇ ਵੀ ਕਿਸੇ ਵਿਸ਼ੇਸ਼ ਘਟਨਾ ਦਾ ਇਤਿਹਾਸ ਵਿੱਚ ਜ਼ਿਕਰ ਨਹੀਂ ਹੈ। ਫਿਰ ਕਿਰਾਲ ਦੇਵ ਤੇ ਰਤਨ ਦੇਵ ਹੋਏ। ਰਤਨ ਦੇਵ ਜੰਮੂ ਦੇ ਰਾਜਾ ਰਣਜੀਤ ਦੇਵ ਦਾ ਸਮਕਾਲੀ (1750 ਈ.) ਸੀ।
ਇਤਿਹਾਸਕਾਰਾਂ ਵੱਲੋਂ ਇਹ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ 18ਵੀਂ ਸਦੀ ਦੇ ਪਹਿਲੇ ਅੱਧ ਤੱਕ ਮੁਗ਼ਲ ਤਾਕਤ ਦੇ ਘਟਣ ਨਾਲ ਪੰਜਾਬ ਉੱਪਰ ਅਹਿਮਦ ਸ਼ਾਹ ਦੁਰਾਨੀ ਦਾ ਕਬਜ਼ਾ ਹੋ ਗਿਆ ਅਤੇ ਬਸੋਹਲੀ ਵਰਗੀਆਂ ਪਹਾੜੀ ਰਿਆਸਤਾਂ ਵਾਂਗ ਜਸਰੋਟਾ ਵੀ ਕਾਫ਼ੀ ਹੱਦ ਤਕ ਜੰਮੂ ਰਾਜ ਦੇ ਅਧਿਕਾਰ ਹੇਠ ਆ ਗਈ। 18ਵੀਂ ਸਦੀ ਦੇ ਪਿਛਲੇ ਅੱਧ ਦੌਰਾਨ ਸਿੱਖਾਂ ਨੇ ਇਸ ਰਿਆਸਤ ਵੱਲ ਵਧਣਾ ਸ਼ੁਰੂ ਕਰ ਦਿੱਤਾ। ਅੱਗੋਂ ਪਹਾੜੀ ਮੁਖੀਆਂ ਨੇ ਵੀ ਇਨ੍ਹਾਂ ਦੀਆਂ ਲੜਾਈਆਂ ਵਿੱਚ ਭਾੜੇ ਦੇ ਸਿਪਾਹੀਆਂ ਵਜੋਂ ਲੜਨ ਦੀ ਪੇਸ਼ਕਸ਼ ਕਰ ਦਿੱਤੀ। ਇਸ ਤਰ੍ਹਾਂ ਸਿੱਖਾਂ ਨੇ ਆਪਣੇ ਪੈਰ ਇਨ੍ਹਾਂ ਰਿਆਸਤਾਂ ਵਿੱਚ ਵੀ ਟਿਕਾ ਲਏ। ਸੰਨ 1744 ਤੋਂ ਲੈ ਕੇ 1783 ਦੌਰਾਨ ਜਸਰੋਟਾ ਅਤੇ ਚੰਬਾ, ਬਸੋਹਲੀ ਤੇ ਜੰਮੂ ਤੱਕ ਸਿੱਖਾਂ ਵੱਲੋਂ ਹਮਲੇ ਹੋਏ। ਖ਼ਿਆਲ ਹੈ ਪਠਾਨਕੋਟ ਦੇ ਕਾਬਜ਼ ਹਮਲਾਵਰਾਂ ਵਿੱਚੋਂ ਕਨ੍ਹਈਆ ਮਿਸਲ ਦੇ ਸਰਦਾਰਾਂ ਨੇ ਸਭ ਤੋਂ ਪਹਿਲਾਂ ਹੱਲਾ ਕੀਤਾ।
ਇਸ ਦੌਰਾਨ (19ਵੀਂ ਸਦੀ ਦੇ ਸ਼ੁਰੂ ਤੱਕ) ਜਸਰੋਟਾ ਰਿਆਸਤ ਦੀ ਗੱਦੀ ’ਤੇ ਭਾਗ ਸਿੰਘ, ਅਜੈਬ ਸਿੰਘ ਤੇ ਲਾਲ ਸਿੰਘ ਬੈਠੇ। ਰਣਜੀਤ ਸਿੰਘ ਪੰਜਾਬ ਦਾ ਮਹਾਰਾਜਾ ਬਣਿਆ ਤਾਂ ਸੰਨ 1808 ਵਿੱਚ ਜਸਰੋਟਾ ਵੱਲ ਵਧਿਆ। ਜਸਰੋਟਾ ਸਰਦਾਰਾਂ ਨੇ ਅੱਗੋਂ ਧੀਰਜ ਭਾਅ ਨਾਲ ਨਜ਼ਰਾਨਾ ਭੇਟ ਕੀਤਾ ਅਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਅਧੀਨਤਾ ਸਵੀਕਾਰ ਕਰ ਲਈ। ਇਸੇ ਤਰ੍ਹਾਂ ਬਾਕੀ ਦੀਆਂ ਰਿਆਸਤਾਂ ਵੀ ਸਿੱਖ ਰਾਜ ਹੇਠ ਆ ਗਈਆਂ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਉੱਘੇ ਸਰਦਾਰ ਦੇਸਾ ਸਿੰਘ ਮਜੀਠਾ ਨੂੰ ਪਹਾੜੀ ਖੇਤਰ ਦਾ ਨਾਜ਼ਮ ਥਾਪਿਆ ਗਿਆ। ਬਸੌਲੀ, ਭਾਦੂ ਤੇ ਮਾਨਕੋਟ ਇਲਾਕੇ ਵੀ ਉਸ ਦੇ ਅਧੀਨ ਹੀ ਆ ਗਏ।
ਇਸ ਸਮੇਂ ਜਸਰੋਟਾ ਦਾ ਰਾਜਾ ਰਣਬੀਰ ਸਿੰਘ ਸੀ ਜਿਸ ਦੀ ਮੌਤ ਪਿੱਛੋਂ ਉਸ ਦੇ ਕੋਈ ਪੁੱਤਰ ਨਾ ਹੋਣ ਕਰਕੇ ਉਸ ਦਾ ਛੋਟਾ ਭਰਾ ਭੂਰੀ ਸਿੰਘ ਰਾਜਾ ਬਣਿਆ। ਇਹ ਜਸਰੋਟਾ ਖ਼ਾਨਦਾਨ ਦਾ ਅੰਤਲਾ ਰਾਜਾ ਸੀ ਅਤੇ ਪੂਰੀ ਤਰ੍ਹਾਂ ਸਿੱਖਾਂ ਦੇ ਅਧੀਨ ਰਿਹਾ।
ਸੰਨ 1828 ਵਿੱਚ ਮਹਾਰਾਜਾ ਰਣਜੀਤ ਸਿੰਘ ਵੱਲੋਂ ਸਿੱਖ ਵਜ਼ੀਰ ਧਿਆਨ ਸਿੰਘ ਦੇ ਪੁੱਤਰ ਹੀਰਾ ਸਿੰਘ ਨੂੰ ਰਾਜਾ ਬਣਾ ਕੇ ਇੱਥੇ ਭੇਜਿਆ ਗਿਆ ਅਤੇ ਜਸਰੋਟਾ ਰਿਆਸਤ ਇਸ ਨੂੰ ਜਗੀਰ ਦੇ ਤੌਰ ’ਤੇ ਦੇ ਦਿੱਤੀ ਗਈ। ਹੀਰਾ ਸਿੰਘ ਨੇ ਜਸਰੋਟਾ ਦੀ ਪਹਾੜੀ ਉੱਪਰ ਪੁਰਾਣੇ ਕਿਲ੍ਹੇ ਦਾ ਫਿਰ ਨਿਰਮਾਣ ਕੀਤਾ। ਨਾਨਕਸ਼ਾਹੀ ਇੱਟਾਂ ਨਾਲ ਬਣੇ ਇਸ ਕਿਲ੍ਹੇ ਵਿੱਚੋਂ 18ਵੀਂ ਤੇ 19ਵੀਂ ਸਦੀ ਦੀ ਸਿੱਖ ਭਵਨ ਨਿਰਮਾਣ ਕਲਾ ਦੀ ਖ਼ੂਬਸੂਰਤ ਝਲਕ ਦੇਖੀ ਜਾ ਸਕਦੀ ਹੈ।
ਇਸ ਸਮੇਂ ਜਸਰੋਟਾ ਦਾ ਕਿਲ੍ਹਾ ਪੂਰੀ ਤਰ੍ਹਾਂ ਖੰਡਰ ਦਾ ਰੂਪ ਧਾਰਨ ਕਰ ਚੁੱਕਾ ਹੈ ਅਤੇ ਪਹਾੜੀ ਦੇ ਉੱਪਰ ਜੰਗਲ ਵਿੱਚ ਹੋਣ ਕਾਰਨ ਬਹੁਤੇ ਲੋਕਾਂ ਨੂੰ ਇਸ ਬਾਰੇ ਪਤਾ ਵੀ ਨਹੀਂ ਹੈ। ਹਾਲਾਂਕਿ ਜਸਰੋਟਾ ਕਿਲ੍ਹੇ ਦੇ ਕੋਲ ਇੱਕ ਪ੍ਰਾਚੀਨ ਸ਼ਿਵ ਮੰਦਰ ਅਤੇ ਸਥਾਨਕ ਲੋਕਾਂ ਦੇ ਕੁੱਲ ਦੇਵਤਾ ਦਾ ਮੰਦਰ ਸਥਿਤ ਹੈ ਜਿੱਥੇ ਲੋਕ ਮੱਥਾ ਟੇਕਣ ਜਾਂਦੇ ਹਨ। ਉਸ ਤੋਂ ਥੋੜ੍ਹਾ ਦੂਰ ਜੰਗਲ ਵਿੱਚ ਇਹ ਕਿਲ੍ਹਾ ਦੇਖਣ ਘੱਟ ਲੋਕ ਹੀ ਪਹੁੰਚਦੇ ਹਨ। ਕਿਲ੍ਹੇ ਦਾ ਇੱਕ ਵੱਡਾ ਦਰਵਾਜ਼ਾ ਹੁਣ ਲਗਭਗ ਢਹਿ ਚੁੱਕਾ ਹੈ ਜੋ ਇਸ ਦੀ ਬੁਲੰਦੀ ਨੂੰ ਦਰਸਾਉਂਦਾ ਹੈ। ਉਸ ਤੋਂ ਅੱਗੇ ਚੱਲ ਕੇ ਕਾਫ਼ੀ ਖੰਡਰ ਆਉਂਦੇ ਹਨ ਅਤੇ ਫਿਰ ਇੱਕ ਵੱਡਾ ਤਲਾਬ ਅਤੇ ਉਸ ਦੇ ਕਿਨਾਰੇ ਇੱਕ ਸ਼ਾਹੀ ਮਹਿਲ ਦੇ ਖੰਡਰ ਮੌਜੂਦ ਹਨ। ਇਹ ਮਹਿਲ ਵੀ ਹੁਣ ਪੂਰੀ ਤਰ੍ਹਾਂ ਖੰਡਰ ਹੋ ਗਿਆ ਹੈ ਪਰ ਇਸ ਦੇ ਖੰਡਰਾਂ ਨੂੰ ਦੇਖ ਕੇ ਇਸ ਦੀ ਸ਼ਾਨ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਜਸਰੋਟਾ ਕਿਲ੍ਹੇ ’ਤੇ ਇਹ ਗੱਲ ਬਿਲਕੁਲ ਢੁਕਦੀ ਹੈ ਕਿ ਖੰਡਰਾਤ ਬਤਾਤੇ ਹੈਂ ਕਿ ਇਮਾਰਤ ਅਜ਼ੀਮ ਥੀ।
ਸੰਪਰਕ: 98155-77574