ਇਤਿਹਾਸਕ ਸ਼ਹਿਰ ਨੂੰ ਗ੍ਰੀਨ, ਕਲੀਨ ਤੇ ਪਾਮ ਸਿਟੀ ਬਣਾਵਾਂਗੇ: ਕੁੰਦਰਾ
ਪੱਤਰ ਪ੍ਰੇਰਕ
ਮਾਛੀਵਾੜਾ, 4 ਅਪਰੈਲ
ਸਮਾਜ ਸੇਵੀ ਕਾਰਜਾਂ ਵਿੱਚ ਜੁਟੀ ਚਰਨ ਕੰਵਲ ਵੈੱਲਫੇਅਰ ਸੁਸਾਇਟੀ ਵੱਲੋਂ ਨਗਰ ਕੌਂਸਲ ਮਾਛੀਵਾੜਾ ਦੇ ਸਹਿਯੋਗ ਨਾਲ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਦੇ ਕਿਨਾਰਿਆਂ ’ਤੇ ਪਾਮ ਦੇ ਬੂਟੇ ਲਗਾਏ ਜਾਣਗੇ। ਅੱਜ ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਨਾਲ ਚਰਨ ਕੰਵਲ ਵੈੱਲਫੇਅਰ ਸੁਸਾਇਟੀ ਦੇ ਨੁਮਾਇੰਦੇ ਸਰਪ੍ਰਸਤ ਗੁਰਨਾਮ ਸਿੰਘ ਨਾਗਰਾ, ਪੰਕਜ ਬਾਂਸਲ, ਅਮਿਤ ਭਾਟੀਆ ਨੇ ਮੀਟਿੰਗ ਕਰਦਿਆਂ ਕਿਹਾ ਕਿ ਉਹ ਕੌਂਸਲ ਦੀ ਵਧੀਆ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹਨ ਅਤੇ ਸ਼ਹਿਰ ਨੂੰ ਹਰਿਆ-ਭਰਿਆ ਰੱਖਣ ਵਿਚ ਸਹਿਯੋਗ ਕਰਨਗੇ। ਇਸ ਮੌਕੇ ਚਰਨ ਕੰਵਲ ਸਾਹਿਬ ਵੈਲਫੇਅਰ ਸੁਸਾਇਟੀਆਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਹੁਣ ਨਗਰ ਕੌਂਸਲ ਦੇ ਸਹਿਯੋਗ ਨਾਲ ਸਮਰਾਲਾ ਰੋਡ, ਰਾਹੋਂ ਰੋਡ, ਕੁਹਾੜਾ ਰੋਡ ਤੋਂ ਇਲਾਵਾ ਜਿੱਥੇ ਵੀ ਕੌਂਸਲ ਕਹੇਗੀ ਉੱਥੇ ਸ਼ਹਿਰ ਦੀ ਸੁੰਦਰਤਾ ਨੂੰ ਵਧਾਉਣ ਲਈ ਪਾਮ ਦੇ ਬੂਟੇ ਲਗਾਏ ਜਾਣਗੇ।
ਸੰਸਥਾ ਦੇ ਪ੍ਰਧਾਨ ਪੰਕਜ ਬਾਂਸਲ ਨੇ ਕਿਹਾ ਕਿ ਪ੍ਰਧਾਨ ਮੋਹਿਤ ਕੁੰਦਰਾ ਨੇ ਸਮਰਾਲਾ ਰੋਡ ’ਤੇ ਅਨਾਜ ਮੰਡੀ ਬਾਹਰ ਪਾਮ ਦੇ ਬੂਟੇ ਲਗਾ ਕੇ ਸ਼ਹਿਰ ਦੀ ਸੁੰਦਰਤਾ ਨੂੰ ਵਧਾਇਆ ਹੈ ਅਤੇ ਹੁਣ ਸਾਡੀ ਸੰਸਥਾ ਵੀ ਕੌਂਸਲ ਨੂੰ ਹੋਰ ਪਾਮ ਦੇ ਬੂਟੇ ਦੇਵੇਗੀ ਤਾਂ ਜੋ ਇਤਿਹਾਸਕ ਸ਼ਹਿਰ ਵਿਚ ਆਉਣ ਵਾਲੇ ਸ਼ਰਧਾਲੂਆਂ ਨੂੰ ਇਹ ਸ਼ਹਿਰ ਸੋਹਣਾ ਲੱਗੇ। ਉਨ੍ਹਾਂ ਕਿਹਾ ਕਿ ਚਰਨ ਕੰਵਲ ਵੈਲਫੇਅਰ ਸੁਸਾਇਟੀ ਵਲੋਂ ਪਹਿਲਾਂ ਵੀ ਸ਼ਹਿਰ ਵਿਚ ਕਈ ਪੌਦੇ ਲਗਾਏ ਗਏ ਹਨ ਅਤੇ ਹੁਣ ਵੀ ਨਵੇਂ ਬੂਟੇ ਲਗਾਏ ਜਾਣ ਦੀ ਮੁਹਿੰਮ ਆਰੰਭੀ ਜਾਵੇਗੀ। ਇਸ ਮੌਕੇ ਪ੍ਰਧਾਨ ਮੋਹਿਤ ਕੁੰਦਰਾ ਨੇ ਕਿਹਾ ਕਿ ਚਰਨ ਕੰਵਲ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਜੋ ਪੌਦੇ ਲਗਾਏ ਜਾ ਰਹੇ ਹਨ ਉਸਦੀ ਸਾਂਭ ਸੰਭਾਲ ਨਗਰ ਕੌਂਸਲ ਕਰੇਗੀ।
ਉਨ੍ਹਾਂ ਕਿਹਾ ਕਿ ਮਾਛੀਵਾੜਾ ਨਗਰ ਕੌਂਸਲ ਦਾ ਉਦੇਸ਼ ਸ਼ਹਿਰ ਨੂੰ ਗ੍ਰੀਨ ਸਿਟੀ, ਕਲੀਨ ਸਿਟੀ ਤੇ ਪਾਮ ਸਿਟੀ ਬਣਾਉਣਾ ਹੈ ਤਾਂ ਜੋ ਇਸ ਦੀ ਦਿੱਖ ਨੂੰ ਹੋਰ ਸੁੰਦਰ ਬਣਾਇਆ ਜਾ ਸਕੇ। ਪ੍ਰਧਾਨ ਕੁੰਦਰਾ ਨੇ ਦੱਸਿਆ ਕਿ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੀ ਅਗਵਾਈ ਹੇਠ ਨਗਰ ਕੌਂਸਲ ਮਾਛੀਵਾੜਾ ਵਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗਨੀ ਖਾਂ ਨਬੀ ਖਾਂ ਗੇਟ ਤੋਂ ਲੈ ਕੇ ਗੁਰਦੁਆਰਾ ਚਰਨ ਕੰਵਲ ਸਾਹਿਬ ਤੱਕ ਸਜਾਵਟੀ ਲਾਈਟਾਂ ਤੇ ਵਧੀਆ ਪੌਦੇ ਲਗਾਏ ਜਾਣਗੇ ਜਿਸ ਦਾ ਤਖਮੀਨਾ ਪਾਸ ਹੋ ਚੁੱਕਾ ਹੈ। ਇਸ ਮੌਕੇ ਉਨ੍ਹਾਂ ਨਾਲ ਕੌਂਸਲਰ ਅਸ਼ੋਕ ਸੂਦ ਵੀ ਮੌਜੂਦ ਸਨ।