‘ਆਪ’ ਦੇ ਕਾਰਜਕਾਲ ਦੌਰਾਨ ਲੋਕਤੰਤਰ ਦਾ ਘਾਣ ਹੋਇਆ: ਸਿੱਧੂ
ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 7 ਅਪਰੈਲ
‘ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜਨ ਦੇ ਦਾਅਵੇ ਨਾਲ ਲੋਕਾਂ ਤੋਂ ਵੱਡਾ ਫ਼ਤਵਾ ਲੈ ਕੇ ਸੱਤਾ ’ਚ ਆਈ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਦੇ ਪਿਛਲੇ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਕਈ ਵਾਰ ਲੋਕਤੰਤਰੀ ਕਦਰਾਂ ਕੀਮਤਾਂ ਦਾ ਘਾਣ ਹੋਇਆ ਹੈ। ਕਿਸਾਨੀ ਸੰਘਰਸ਼ ਨੂੰ ਤਾਰਪੀਡੋ ਕਰਨ ਸਣੇ ਕਈ ਮੁਲਾਜ਼ਮ ਜਥੇਬੰਦੀਆਂ ਦੇ ਪ੍ਰਦਰਸ਼ਨਾਂ ਦੌਰਾਨ ਲਾਠੀਚਾਰਜ ਵਰਗੀਆਂ ਤਾਜ਼ਾ ਘਟਨਾਵਾਂ ਇਸ ਦੀਆਂ ਉਦਾਹਰਣਾਂ ਹਨ।’ ਇਸ ਗੱਲ ਦਾ ਪ੍ਰਗਟਾਵਾ ਕਾਂਗਰਸੀ ਉਮੀਦਵਾਰ ਵਜੋਂ ਬਠਿੰਡਾ ਤੋਂ ਲੋਕ ਸਭਾ ਚੋਣ ਲੜ ਚੁੱਕੇ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਕੀਤਾ। ਸਾਬਕਾ ਵਿਧਾਇਕ ਸਿੱਧੂ ਆਪਣੇ ਪੁਰਾਣੇ ਸਾਥੀ ਦਰਸ਼ਨ ਸਿੰਘ ਅਕਾਲੀ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕਰਨ ਸਣੇ ਕਈ ਜਨਤਕ ਪ੍ਰੋਗਰਾਮਾਂ ’ਚ ਸ਼ਾਮਲ ਹੋਣ ਲਈ ਇਲਾਕੇ ਦੇ ਪਿੰਡਾਂ ’ਚ ਪੁੱਜੇ ਸਨ। ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਲੋਕਤੰਤਰਿਕ ਤਰੀਕੇ ਨਾਲ ਵਿੱਢੇ ਸੰਘਰਸ਼ਾਂ ਨੂੰ ਜਿਸ ਤਰ੍ਹਾਂ ਡੰਡੇ ਦੇ ਜ਼ੋਰ ਨਾਲ ਦਬਾਇਆ ਜਾ ਰਿਹੈ, ਉਸ ਤੋਂ ਲੱਗਦਾ ਹੀ ਨਹੀਂ ਕਿ ਸੂਬੇ ’ਚ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ। ਸਗੋਂ ਇਹ ਸਰਕਾਰ ਤਾਨਾਸ਼ਾਹੀ ਦੀ ਝਲਕ ਪੇਸ਼ ਕਰ ਰਹੀ ਹੈ। ਇਸ ਮੌਕੇ ਸੁਖਬੀਰ ਸਿੰਘ ਚੱਠਾ, ਅਵਤਾਰ ਮੈਨੂੰਆਣਾ, ਬਲਵੰਤ ਸਿੰਘ ਲੇਲੇਵਾਲਾ, ਭੋਲਾ ਕਲਾਲ ਵਾਲਾ ਮੌਜੂਦ ਸਨ।