ਆਈਪੀਐੱਲ: ਪੰਜਾਬ ਅਤੇ ਰਾਜਸਥਾਨ ਵਿਚਾਲੇ ਮੁਕਾਬਲਾ ਅੱਜ
ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ(ਮੁਹਾਲੀ), 4 ਅਪਰੈਲ
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦਾ 18ਵਾਂ ਮੈਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਮੁੱਲਾਂਪੁਰ (ਨਿਊ ਚੰਡੀਗੜ੍ਹ) ਵਿਚਲੇ ਮਹਾਰਾਜਾ ਯਾਦਵਿੰਦਰਾ ਸਿੰਘ ਕ੍ਰਿਕਟ ਸਟੇਡੀਅਮ ਵਿੱਚ ਸ਼ਨਿਚਰਵਾਰ ਨੂੰ ਸ਼ਾਮ 7.30 ਵਜੇ ਪੰਜਾਬ ਕਿੰਗਜ਼ ਤੇ ਰਾਜਸਥਾਨ ਰੌਇਲਜ਼ ਵਿਚਾਲੇ ਖੇਡਿਆ ਜਾਵੇਗਾ। ਦੋਵੇਂ ਟੀਮਾਂ ਨੇ ਅੱਜ ਬਾਅਦ ਦੁਪਹਿਰ ਕ੍ਰਿਕਟ ਸਟੇਡੀਅਮ ਵਿੱਚ ਨੈੱਟ ਪ੍ਰੈਕਟਿਸ ਕੀਤੀ। ਇਸ ਸੀਜ਼ਨ ਵਿੱਚ ਪੰਜਾਬ ਦੀ ਟੀਮ ਨੇ ਹੁਣ ਤੱਕ ਦੋ ਮੈਚ ਖੇਡੇ ਹਨ ਅਤੇ ਦੋਵੇਂ ਮੈਚਾਂ ਵਿੱਚ ਜਿੱਤ ਹਾਸਲ ਕੀਤੀ ਹੈ। ਦੂਜੇ ਪਾਸੇ ਰਾਜਸਥਾਨ ਨੇ ਹੁਣ ਤੱਕ ਤਿੰਨ ਮੈਚ ਖੇਡੇ ਹਨ ਅਤੇ ਸਿਰਫ਼ ਇੱਕ ਮੈਚ ’ਚ ਹੀ ਜਿੱਤ ਦਰਜ ਕੀਤੀ ਹੈ। ਪੰਜਾਬ ਦੀ ਟੀਮ ਆਪਣੀ ਜੇਤੂ ਲੈਅ ਬਰਕਰਾਰ ਰੱਖਣ ਅਤੇ ਰਾਜਸਥਾਨ ਦੀ ਟੀਮ ਜੇਤੂ ਲੀਹ ’ਤੇ ਚੜ੍ਹਨ ਲਈ ਮੈਦਾਨ ਵਿਚ ਉਤਰੇਗੀ। ਮੈਚ ਲਈ ਪੁਲੀਸ ਅਤੇ ਪ੍ਰਸ਼ਾਸਨ ਵੱਲੋਂ ਸਖ਼ਤ ਪ੍ਰਬੰਧ ਕੀਤੇ ਗਏ ਹਨ। ਮੈਚ ਦੀਆਂ ਸਾਰੀਆਂ ਟਿਕਟਾਂ ਵਿਕ ਚੁੱਕੀਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਪਿਛਲੇ ਸਾਲ ਦਰਸ਼ਕਾਂ ਨੂੰ ਆਈਆਂ ਸਮੱਸਿਆਵਾਂ ਹੱਲ ਕਰਦਿਆਂ ਪਾਰਕਿੰਗ ਤੇ ਟਰੈਫ਼ਿਕ ਕੰਟਰੋਲ ਦੇ ਪੁਖ਼ਤਾ ਪ੍ਰਬੰਧ ਕੀਤੇ ਹਨ। -ਪੀਟੀਆਈ
ਚੇਨੱਈ ਤੇ ਦਿੱਲੀ ਦੀਆਂ ਟੀਮਾਂ ਵੀ ਹੋਣਗੀਆਂ ਆਹਮੋ-ਸਾਹਮਣੇ
ਚੇਨੱਈ: ਇੱਥੇ ਬਾਅਦ ਦੁਪਹਿਰ 3:30 ਵਜੇ ਦਿੱਲੀ ਕੈਪੀਟਲਜ਼ ਅਤੇ ਚੇਨੱਈ ਸੁਪਰਕਿੰਗਜ਼ ਵਿਚਾਲੇ ਖੇਡੇ ਜਾਣ ਵਾਲੇ ਆਈਪੀਐੱਲ ਮੁਕਾਬਲੇ ਵਿੱਚ ਸਪਿੰਨਰ ਅਹਿਮ ਭੂਮਿਕਾ ਨਿਭਾਅ ਸਕਦੇ ਹਨ। ਦਿੱਲੀ ਕੋਲ ਕੁਲਦੀਪ ਯਾਦਵ ਅਤੇ ਕਪਤਾਨ ਅਕਸ਼ਰ ਪਟੇਲ ਦੇ ਰੂਪ ਵਿੱਚ ਦੋ ਸ਼ਾਨਦਾਰ ਸਪਿੰਨਰ ਹਨ, ਜਦਕਿ ਚੇਨੱਈ ਕੋਲ ਨੂਰ ਅਹਿਮਦ, ਰਵੀਚੰਦਰਨ ਅਸ਼ਿਵਨ ਅਤੇ ਰਵਿੰਦਰ ਜਡੇਜਾ ਵਰਗੇ ਸਪਿੰਨਰ ਹਨ। ਜੇ ਬੱਲੇਬਾਜ਼ੀ ਦੀ ਗੱਲ ਕਰੀਏ ਤਾਂ ਦਿੱਲੀ ਕੈਪੀਟਲਜ਼ ਨੂੰ ਆਸ਼ੂਤੋਸ਼ ਸ਼ਰਮਾ, ਵਿਪਰਾਜ ਨਿਗਮ ਅਤੇ ਤਜਰਬੇਕਾਰ ਕੇਐਲ ਰਾਹੁਲ ਦੀ ਮੌਜੂਦਗੀ ਨਾਲ ਮੱਧਕ੍ਰਮ ਵਿੱਚ ਤਾਕਤ ਮਿਲੀ ਹੈ। ਦੂਜੇ ਪਾਸੇ ਚੇਨੱਈ ਲਈ ਮਹਿੰਦਰ ਸਿੰਘ ਧੋਨੀ ਤੇ ਬਾਕੀ ਬੱਲੇਬਾਜ਼ਾਂ ਦੀ ਲੈਅ ਚਿੰਤਾ ਦਾ ਵਿਸ਼ਾ ਹੈ।