ਵਿਸ਼ਵ ਮੁੱਕੇਬਾਜ਼ੀ ਨੇ ਬੀਐੱਫਆਈ ਲਈ ਅੰਤਰਿਮ ਕਮੇਟੀ ਬਣਾਈ
ਨਵੀਂ ਦਿੱਲੀ, 9 ਅਪਰੈਲ
ਵਿਸ਼ਵ ਮੁੱਕੇਬਾਜ਼ੀ ਨੇ ਪ੍ਰਸ਼ਾਸਕੀ ਕੰਮਕਾਜ, ਘਰੇਲੂ ਤੇ ਕੌਮਾਂਤਰੀ ਮੁਕਾਬਲਿਆਂ ਦਾ ਪ੍ਰਬੰਧਨ ਯਕੀਨੀ ਬਣਾਉਣ ਲਈ ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ (ਬੀਐੱਫਆਈ) ਦੇ ਮਾਮਲਿਆਂ ਦੀ ਦੇਖਰੇਖ ਵਾਸਤੇ ਅੰਤਰਿਮ ਕਮੇਟੀ ਬਣਾਈ ਹੈ। ਵਿਸ਼ਵ ਮੁੱਕੇਬਾਜ਼ੀ ਦੇ ਪ੍ਰਧਾਨ ਬੋਰਿਸ ਵੈਨ ਡੇਰ ਵੋਰਸਟ ਨੇ ਬੀਐੱਫਆਈ ਦੇ ਪ੍ਰਧਾਨ ਅਜੈ ਸਿੰਘ ਨੂੰ ਪੱਤਰ ਲਿਖ ਕੇ ਛੇ ਮੈਂਬਰੀ ਕਮੇਟੀ ਦੀ ਨਿਯੁਕਤੀ ਬਾਰੇ ਜਾਣਕਾਰੀ ਦਿੱਤੀ ਹੈ। ਅਜੈ ਸਿੰਘ ਕਮੇਟੀ ਦੀ ਪ੍ਰਧਾਨਗੀ ਕਰਨਗੇ। ਛੇ ਮੈਂਬਰੀ ਕਮੇਟੀ ਵਿੱਚ ਬੀਐੱਫਆਈ ਦੇ ਉਪ-ਪ੍ਰਧਾਨ ਨਰਿੰਦਰ ਕੁਮਾਰ ਨਿਰਵਾਨ, ਕਾਰਜਕਾਰੀ ਨਿਰਦੇਸ਼ਕ ਅਰੁਣ ਮਲਿਕ ਅਤੇ ਓਲੰਪੀਅਨ ਐੱਲ. ਸਰਿਤਾ ਦੇਵੀ ਵੀ ਸ਼ਾਮਲ ਹਨ। 7 ਅਪਰੈਲ ਦੀ ਚਿੱਠੀ ਵਿੱਚ ਕਿਹਾ ਗਿਆ ਹੈ ਕਿ ਕਮੇਟੀ ਦੇ ਬਾਕੀ ਦੋ ਮੈਂਬਰਾਂ ’ਚੋਂ ਇੱਕ ਭਾਰਤੀ ਓਲੰਪਿਕ ਕਮੇਟੀ (ਆਈਓਏ) ਦਾ ਨਾਮਜ਼ਦ ਹੋਵੇਗਾ, ਜਿਸ ਨੂੰ ਆਈਓਏ ਪ੍ਰਧਾਨ ਅਤੇ ਮੈਂਬਰਾਂ ਨਾਲ ਸਲਾਹ-ਮਸ਼ਵਰਾ ਕਰਕੇ ਨਾਮਜ਼ਦ ਕੀਤਾ ਜਾਵੇਗਾ। ਆਈਓਏ ਪ੍ਰਧਾਨ ਪੀਟੀ ਊਸ਼ਾ ਨੇ ਹਾਲੇ ਤੱਕ ਕਿਸੇ ਵੀ ਮੈਂਬਰ ਨੂੰ ਨਾਮਜ਼ਦ ਨਹੀਂ ਕੀਤਾ ਹੈ। ਸਿੰਗਾਪੁਰ ਮੁੱਕੇਬਾਜ਼ੀ ਐਸੋਸੀਏਸ਼ਨ ਦੇ ਪ੍ਰਧਾਨ ਫੈਰੂਜ਼ ਮੁਹੰਮਦ ਵੀ ਕਮੇਟੀ ਦਾ ਹਿੱਸਾ ਹਨ। ਉਹ ‘ਇਸ ਕਮੇਟੀ ਦੇ ਕੰਮ ਨੂੰ ਮਾਨਤਾ ਦੇਣ ਲਈ’ ਨਿਰੀਖਕ ਵਜੋਂ ਵਿਸ਼ਵ ਮੁੱਕੇਬਾਜ਼ੀ ਦੇ ਪ੍ਰਤੀਨਿਧੀ ਵਜੋਂ ਵੀ ਕੰਮ ਕਰਨਗੇ। ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ ਸੁਧੀਰ ਕੁਮਾਰ ਜੈਨ ਦੀ ਅਗਵਾਈ ਹੇਠ ਹੋਈ ਜਾਂਚ ਵਿੱਚ ‘ਵਿੱਤੀ ਬੇਨਿਯਮੀਆਂ’ ਦੇ ਦੋਸ਼ੀ ਪਾਏ ਜਾਣ ਤੋਂ ਬਾਅਦ ਅਜੈ ਸਿੰਘ ਨੇ ਬੀਐੱਫਆਈ ਸਕੱਤਰ ਹੇਮੰਤ ਕਲਿਤਾ ਅਤੇ ਖਜ਼ਾਨਚੀ ਦਿਗਵਿਜੈ ਸਿੰਘ ਨੂੰ ਮੁਅੱਤਲ ਕਰ ਦਿੱਤਾ ਸੀ। -ਪੀਟੀਆਈ