ਆਈਪੀਐੱਲ: ਰਾਜਸਥਾਨ ਤੇ ਮੁੰਬਈ ਅੱਜ ਹੋਣਗੇ ਆਹਮੋ-ਸਾਹਮਣੇ
ਜੈਪੁਰ, 30 ਅਪਰੈਲ
ਰਾਜਸਥਾਨ ਰੌਇਲਜ਼ ਦੀ ਟੀਮ ਆਪਣੇ ਪਿਛਲੇ ਮੈਚ ਵਿੱਚ 14 ਸਾਲਾ ਵੈਭਵ ਸੂਰਿਆਵੰਸ਼ੀ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਜਿੱਤ ਦਰਜ ਕਰਨ ਤੋਂ ਬਾਅਦ ਵੀਰਵਾਰ ਨੂੰ ਇੱਥੇ ਮੁੰਬਈ ਇੰਡੀਅਨਜ਼ ਖ਼ਿਲਾਫ਼ ਨਵੇਂ ਜੋਸ਼ ਨਾਲ ਉਤਰੇਗੀ ਅਤੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਵਿੱਚ ਪੰਜ ਵਾਰ ਦੀ ਚੈਂਪੀਅਨ ਟੀਮ ਮੁੰਬਈ ਦੀ ਜੇਤੂ ਮੁਹਿੰਮ ਰੋਕਣ ਦੀ ਕੋਸ਼ਿਸ਼ ਕਰੇਗੀ। ਰਾਜਸਥਾਨ ਲਈ ਪਲੇਅਆਫ ਵਿੱਚ ਜਾਣਾ ਕਾਫੀ ਮੁਸ਼ਕਲ ਲੱਗ ਰਿਹਾ ਹੈ ਪਰ ਉਹ ਇੱਥੋਂ ਬਾਕੀ ਬਚੇ ਮੈਚ ਜਿੱਤ ਕੇ ਪੂਰੀ ਵਾਹ ਲਾਉਣ ਦੀ ਕੋਸ਼ਿਸ਼ ਕਰੇਗੀ। ਉਸ ਨੂੰ ਸੂਰਿਆਵੰਸ਼ੀ ਦੇ ਰੂਪ ਵਿੱਚ ਉਮੀਦ ਦੀ ਨਵੀਂ ਕਿਰਨ ਮਿਲੀ ਹੈ। ਸੂਰਿਆਵੰਸ਼ੀ ਨੇ ਗੁਜਰਾਤ ਟਾਈਟਨਜ਼ ਖ਼ਿਲਾਫ਼ ਮੈਚ ਵਿੱਚ ਸ਼ਾਨਦਾਰ ਸੈਂਕੜਾ ਜੜਿਆ ਸੀ ਅਤੇ ਉਹ ਮੁੰਬਈ ਖ਼ਿਲਾਫ਼ ਵੀ ਇਹ ਲੈਅ ਜਾਰੀ ਰੱਖਣ ਦੀ ਕੋਸ਼ਿਸ਼ ਕਰੇਗਾ। ਉਸ ਦਾ ਜੋੜੀਦਾਰ ਯਸ਼ਸਵੀ ਜੈਸਵਾਲ ਵੀ ਸ਼ਾਨਦਾਰ ਲੈਅ ਵਿੱਚ ਚੱਲ ਰਿਹਾ ਹੈ। ਇਨ੍ਹਾਂ ਦੋਵਾਂ ਤੋਂ ਇਲਾਵਾ ਰਾਜਸਥਾਨ ਦੇ ਬਾਕੀ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਬਹੁਤਾ ਵਧੀਆ ਨਹੀਂ ਰਿਹਾ। ਜੋਫਰਾ ਆਰਚਰ ਤੋਂ ਇਲਾਵਾ ਉਸ ਦੇ ਗੇਂਦਬਾਜ਼ਾਂ ਨੇ ਵੀ ਹੁਣ ਤੱਕ ਨਿਰਾਸ਼ ਕੀਤਾ ਹੈ। ਦੂਜੇ ਪਾਸੇ ਜਦੋਂ ਤੋਂ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਟੀਮ ਵਿੱਚ ਵਾਪਸੀ ਕੀਤੀ ਹੈ, ਉਦੋਂ ਤੋਂ ਹਾਰਦਿਕ ਪਾਂਡਿਆ ਦੀ ਅਗਵਾਈ ਵਾਲੀ ਮੁੰਬਈ ਦੀ ਟੀਮ ਵੱਖਰੀ ਹੀ ਨਜ਼ਰ ਆ ਰਹੀ ਹੈ। ਮੁੰਬਈ ਦੀ ਸ਼ੁਰੂਆਤ ਹਮੇਸ਼ਾ ਵਾਂਗ ਚੰਗੀ ਨਹੀਂ ਰਹੀ ਪਰ ਹੁਣ ਟੀਮ ਲਗਾਤਾਰ ਪੰਜ ਮੈਚ ਜਿੱਤ ਚੁੱਕੀ ਹੈ। -ਪੀਟੀਆਈ