ਬੈਡਮਿੰਟਨ: ਪ੍ਰਣੌਏ ਏਸ਼ੀਆ ਚੈਂਪੀਅਨਸ਼ਿਪ ’ਚੋਂ ਬਾਹਰ
ਨਿੰਗਬੋ (ਚੀਨ), 9 ਅਪਰੈਲ
ਭਾਰਤੀ ਸ਼ਟਲਰ ਐੱਚਐੱਸ ਪ੍ਰਣੌਏ ਨੂੰ ਅੱਜ ਇੱਥੇ ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ ਦੇ ਪੁਰਸ਼ ਸਿੰਗਲਜ਼ ਦੇ ਪਹਿਲੇ ਗੇੜ ਵਿੱਚ ਚੀਨ ਦੇ ਜ਼ੂ ਗੁਆਂਗ ਲੂ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਲੈਅ ਲੱਭਣ ਲਈ ਸੰਘਰਸ਼ ਕਰ ਰਿਹਾ ਪ੍ਰਣੌਏ ਇੱਕ ਘੰਟਾ ਅੱਠ ਮਿੰਟ ਤੱਕ ਚੱਲੇ ਮੈਚ ਵਿੱਚ ਆਪਣੇ ਚੀਨੀ ਵਿਰੋਧੀ ਤੋਂ 16-21, 21-12, 11-21 ਨਾਲ ਹਾਰ ਗਿਆ। ਹਾਲਾਂਕਿ ਕਿਰਨ ਜੌਰਜ ਨੇ ਕਜ਼ਾਖਸਤਾਨ ਦੇ ਦਮਿਤਰੀ ਪਨਾਰਿਨ ਨੂੰ 35 ਮਿੰਟਾਂ ਵਿੱਚ 21-16, 21-8 ਨਾਲ ਹਰਾ ਕੇ ਪ੍ਰੀ-ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ।
ਮਹਿਲਾ ਸਿੰਗਲਜ਼ ਵਿੱਚ ਆਕਰਸ਼ੀ ਕਸ਼ਯਪ ਅਤੇ ਅਨੁਪਮਾ ਉਪਾਧਿਆਏ ਵੀ ਆਪੋ-ਆਪਣੇ ਮੈਚ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈਆਂ ਹਨ। ਆਕਰਸ਼ੀ ਨੂੰ ਦੁਨੀਆ ਦੀ ਤੀਜੇ ਨੰਬਰ ਦੀ ਖਿਡਾਰਨ ਚੀਨ ਦੀ ਹਾਨ ਯੂਈ ਤੋਂ 31 ਮਿੰਟਾਂ ਵਿੱਚ 13-21, 7-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਦਕਿ ਅਨੁਪਮਾ ਨੂੰ ਦੁਨੀਆ ਦੀ 13ਵੇਂ ਨੰਬਰ ਦੀ ਖਿਡਾਰਨ ਅਤੇ ਅੱਠਵਾਂ ਦਰਜਾ ਪ੍ਰਾਪਤ ਥਾਈਲੈਂਡ ਦੀ ਰਤਚਾਨੋਕ ਇੰਤਾਨੋਨ ਨੇ 36 ਮਿੰਟਾਂ ਵਿੱਚ 21-13, 21-14 ਨਾਲ ਹਰਾ ਦਿੱਤਾ।
ਮਹਿਲਾ ਡਬਲਜ਼ ਵਿੱਚ ਪ੍ਰਿਆ ਕੋਨਜੇਂਗਬਾਮ ਅਤੇ ਸ਼ਰੂਤੀ ਮਿਸ਼ਰਾ ਨੂੰ ਚੀਨੀ ਤਾਇਪੇ ਦੀ ਸ਼ੁਓ ਯੁਨ ਸੁੰਗ ਅਤੇ ਚਿਏਨ ਹੁਈ ਯੂ ਤੋਂ 35 ਮਿੰਟਾਂ ਵਿੱਚ 11-21, 13-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪੁਰਸ਼ ਡਬਲਜ਼ ਵਿੱਚ ਹਰੀਹਰਨ ਏ. ਅਤੇ ਰੁਬਨ ਕੁਮਾਰ ਆਰ ਨੇ ਮਧੂਕਾ ਦੁਲੰਜਨਾ ਅਤੇ ਲਾਹਿਰੂ ਵੀਰਾਸਿੰਘੂ ਦੀ ਸ੍ਰੀਲੰਕਨ ਜੋੜੀ ਨੂੰ ਸਿਰਫ਼ 19 ਮਿੰਟ ਵਿੱਚ 21-3, 21-12 ਨਾਲ ਹਰਾ ਕੇ ਅਗਲੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ। ਉਧਰ ਪ੍ਰਿਥਵੀ ਕ੍ਰਿਸ਼ਨਾਮੂਰਤੀ ਰਾਏ ਅਤੇ ਸਾਈ ਪ੍ਰਤੀਕ ਕੇ ਦੀ ਭਾਰਤੀ ਜੋੜੀ ਨੂੰ ਚੀਨੀ ਤਾਇਪੇ ਦੀ ਜੋੜੀ ਨੇ 21-19, 21-12 ਨਾਲ ਹਰਾ ਦਿੱਤਾ। -ਪੀਟੀਆਈ
ਪੀਵੀ ਸਿੰਧੂ ਅਗਲੇ ਗੇੜ ਵਿੱਚ ਪੁੱਜੀ
ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀਵੀ ਸਿੰਧੂ ਨੇ ਇੰਡੋਨੇਸ਼ੀਆ ਦੀ ਈਸਟਰ ਨੂਰੂਮੀ ਵਾਰਡੋਯੋ ਨੂੰ ਹਰਾ ਕੇ ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ ਦੇ ਦੂਜੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ।
