ਆਈਜੀ ਗੌਤਮ ਚੀਮਾ ਵੱਲੋਂ ਜੇਲ੍ਹ ਦੀ ਚੈਕਿੰਗ
ਪੱਤਰ ਪ੍ਰੇਰਕ
ਮਾਲੇਰਕੋਟਲਾ, 3 ਮਈ
ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਅੱਜ ਆਈਜੀ ਗੌਤਮ ਚੀਮਾ ਦੀ ਨਿਗਰਾਨੀ ਹੇਠ ਐੱਸਐੱਸਪੀ ਮਾਲੇਰਕੋਟਲਾ ਗਗਨ ਅਜੀਤ ਸਿੰਘ ਅਤੇ ਜ਼ਿਲ੍ਹੇ ਦੇ ਸਾਰੇ ਗਜ਼ਟਿਡ ਪੁਲੀਸ ਅਫ਼ਸਰਾਂ ਵੱਲੋਂ ਸਬ-ਜੇਲ੍ਹ ਮਾਲੇਰਕੋਟਲਾ ਦੀ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਜੇਲ੍ਹ ਇਮਾਰਤ ਦੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ। ਚੈਕਿੰਗ ਟੀਮ ’ਚ ਇੰਚਾਰਜ ਸੀਆਈਏ ਮਾਹੋਰਾਣਾ ਅਤੇ ਸਬ-ਡਿਵੀਜ਼ਨ ਮਾਲੇਰਕੋਟਲਾ ਅਧੀਨ ਥਾਣਿਆਂ ਦੇ ਮੁੱਖ ਅਫਸਰ ਵੀ ਸ਼ਾਮਲ ਸਨ। ਇੰਸਪੈਕਟਰ ਜਨਰਲ ਪੁਲਿਸ ਗੌਤਮ ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਇਹ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਜੇਲ੍ਹ ਸੁਪਰਡੈਂਟ ਨੂੰ ਜੇਲ੍ਹ ਦੀ ਸੁਰੱਖਿਆ ਅਤੇ ਕੈਦੀਆਂ ਨੂੰ ਚੰਗਾ ਮਾਹੌਲ ਪ੍ਰਦਾਨ ਕਰਨ ਲਈ ਹਦਾਇਤਾਂ ਵੀ ਦਿੱਤੀਆਂ। ਐੱਸਐੱਸਪੀ ਗਗਨ ਅਜੀਤ ਸਿੰਘ ਨੇ ਦੱਸਿਆ ਕਿ ਚੈਕਿੰਗ ਦੌਰਾਨ ਸਬ-ਜੇਲ੍ਹ ਵਿੱਚ ਹਾਜ਼ਰ ਕੁੱਲ 299 ਹਵਾਲਾਤੀਆਂ ਤੇ ਕੈਦੀਆਂ ਦੀ ਤਲਾਸੀ ਲੈਣ ਦੇ ਨਾਲ-ਨਾਲ ਬੈਰਕਾਂ ਨੂੰ ਵੀ ਚੰਗੀ ਤਰ੍ਹਾਂ ਖੰਗਾਲਿਆ ਗਿਆ। ਤਲਾਸ਼ੀ ਦੌਰਾਨ ਕੋਈ ਵੀ ਮੋਬਾਈਲ ਜਾਂ ਗੈਰ-ਕਾਨੂੰਨੀ ਵਸਤੂ ਪ੍ਰਾਪਤ ਨਹੀਂ ਹੋਈ। ਪੁਲੀਸ ਅਧਿਕਾਰੀਆਂ ਨੇ ਸਬ-ਜੇਲ੍ਹ ਦੇ ਮੈੱਸ ਅਤੇ ਸਟੋਰ ਆਦਿ ਦੀ ਵੀ ਚੈਕਿੰਗ ਕੀਤੀ।