ਅੱਠਵੀਂ ਦੇ ਨਤੀਜੇ: ਫ਼ਿਰੋਜ਼ਪੁਰ ’ਚੋਂ ਅਰਸ਼ਪ੍ਰੀਤ ਅਤੇ ਬਰਨਾਲੇ ’ਚੋਂ ਦਿਲਪ੍ਰੀਤ ਨੇ ਮਾਰੀ ਬਾਜ਼ੀ
ਹਰਮੇਸ਼ਪਾਲ ਨੀਲੇਵਾਲਾ
ਜ਼ੀਰਾ, 5 ਅਪਰੈਲ
ਸ਼ਹੀਦ ਗੁਰਦਾਸ ਰਾਮ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜ਼ੀਰਾ ਦੀ ਵਿਦਿਆਰਥਣ ਅਰਸ਼ਪ੍ਰੀਤ ਕੌਰ ਨੇ ਅੱਠਵੀਂ ਜਮਾਤ ਦੇ ਨਤੀਜੇ ’ਚ ਪੰਜਾਬ ਭਰ ਵਿੱਚੋਂ ਦਸਵਾਂ ਸਥਾਨ ਅਤੇ ਫਿਰੋਜ਼ਪੁਰ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕਰ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਬੰਧੀ ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਵਿਦਿਆਰਥਣ ਨੇ 591/600 ਅੰਕ ਪ੍ਰਾਪਤ ਕੀਤੇ ਹਨ ਅਤੇ ਮੈਰਿਟ ਵਿੱਚ ਆਪਣਾ ਨਾਮ ਦਰਜ ਕੀਤਾ ਹੈ। ਮੈਰਿਟ ਹਾਸਲ ਕਰਨ ਵਾਲੀ ਵਿਦਿਆਰਥਣ ਨੂੰ ਸਕੂਲ ਵਿੱਚ ਵਿਸ਼ੇਸ਼ ਸਮਾਗਮ ਕਰਕੇ ਸਕੂਲ ਦੇ ਸਰਵਉੱਚ ਐਵਾਰਡ ਆਫ ਐਕਸੀਲੈਂਸ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਿਰਨਵੀਰ ਕੌਰ, ਮਨਪ੍ਰੀਤ ਕੌਰ, ਮੀਨੂ ਖੁਰਾਣਾ, ਗੁਰਜੀਤ ਕੌਰ, ਜੋਤੀ ਢੀਂਗਰਾ, ਸੁਦੇਸ਼ ਕੁਮਾਰੀ, ਰੇਖਾ ਦੇਵੀ, ਪਰਮਜੀਤ ਸਿੰਘ, ਅਜੇ ਕੁਮਾਰ, ਨਵਦੀਪ ਕੁਮਾਰ ਤੇ ਰਵਨੀਤ ਕੌਰ ਹਾਜ਼ਰ ਸਨ।
ਬਰਨਾਲਾ (ਰਵਿੰਦਰ ਰਵੀ): ਪੀਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਵਾਹੀ ਦੀ ਵਿਦਿਆਰਥਣ ਦਿਲਪ੍ਰੀਤ ਕੌਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 8ਵੀਂ ਕਲਾਸ ਦੇ ਨਤੀਜਿਆਂ ਵਿੱਚ ਮੈਰਿਟ ਸੂਚੀ ’ਚ ਸ਼ਾਮਲ ਹੋ ਕੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਪ੍ਰਿੰਸੀਪਲ ਮੈਡਮ ਨਿਦਾ ਅਲਤਾਫ਼ ਨੇ ਦੱਸਿਆ ਕਿ ਵਿਦਿਆਰਥਣ ਨੇ ਕੁੱਲ 600 ਨੰਬਰਾਂ ਵਿੱੱਚੋਂ 589 ਨੰਬਰ ਹਾਸਲ ਕਰਕੇ ਸੂਬੇ ਭਰ ਵਿੱਚੋਂ 12ਵਾਂ ਸਥਾਨ ਪ੍ਰਾਪਤ ਕਰ ਸਕੂਲ ਦੇ ਨਾਲ-ਨਾਲ ਸਮੁੱਚੇ ਇਲਾਕੇ ਦਾ ਨਾਮ ਰੁਸ਼ਨਾਇਆ ਹੈ। ਦੱਸਣਯੋਗ ਹੈ ਕਿ ਵਿਦਿਆਰਥਣ ਦਿਲਪ੍ਰੀਤ ਦੇ ਪਿਤਾ ਇਸੇ ਸਕੂਲ ਵਿੱਚ ਦਿਹਾੜੀਦਾਰ ਕਾਮੇ ਦੇ ਤੌਰ ’ਤੇ ਸੇਵਾ ਨਿਭਾਅ ਰਹੇ ਹਨ। ਘਰ ਵਿੱਚ ਸਹੂਲਤਾਂ ਦੀ ਬੇਹੱਦ ਘਾਟ ਹੋਣ ਬਾਵਜੂਦ ਬਿਨਾਂ ਕਿਸੇ ਪ੍ਰਾਈਵੇਟ ਟਿਊਸ਼ਨ ਤੋਂ ਇਸ ਵਿਦਿਆਰਥਣ ਨੇ ਆਪਣੀ ਸਖ਼ਤ ਮਿਹਨਤ ਅਤੇ ਅਧਿਆਪਕਾਂ ਦੀ ਹੱਲਾਸ਼ੇਰੀ ਨਾਲ ਇਹ ਉੱਚ ਮੁਕਾਮ ਹਾਸਲ ਕੀਤਾ ਹੈ। ਸਕੂਲ ਦਾ ਨਤੀਜਾ ਇਸ ਵਾਰ ਵੀ 100 ਫ਼ੀਸਦੀ ਰਿਹਾ ਹੈ। ਵਿਦਿਆਰਥਣ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਇੰਦੂ ਸਿਮਕ ਨੇ ਦਿਲਪ੍ਰੀਤ, ਸਟਾਫ਼ ਨੂੰ ਵਧਾਈ ਦਿੱਤੀ ਹੈ।
ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ਦੀ ਵਿਦਿਆਰਥਣ ਨਵਦੀਪ ਕੌਰ ਪੁੱਤਰੀ ਭੋਲਾ ਸਿੰਘ ਨੇ ਅੱਠਵੀਂ ਜਮਾਤ ਵਿੱਚੋਂ 587/600 ਅੰਕ ਪ੍ਰਾਪਤ ਕਰਕੇ ਜ਼ਿਲ੍ਹਾ ਬਰਨਾਲਾ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਪਰਮਿੰਦਰ ਸਿੰਘ ਨੇ ਦੱਸਿਆ ਕਿ ਵਿਦਿਆਰਥਣ ਫਿਜ਼ਾ ਪੁੱਤਰੀ ਰਿੰਪਲ ਕੁਮਾਰ ਨੇ 581/600 ਅੰਕ ਪ੍ਰਾਪਤ ਕਰਕੇ ਸਕੂਲ ’ਚੋਂ ਦੂਜਾ ਅਤੇ ਕਮਲਪ੍ਰੀਤ ਕੌਰ ਪੁੱਤਰੀ ਕਰਮਜੀਤ ਸਿੰਘ ਨੇ 572/600 ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ ਹੈ।
ਜੈਸਲੀਨ ਕੌਰ ਸੂਬਾ ਪੱਧਰੀ ਮੈਰਿਟ ’ਚ ਛੇਵੇਂ ਸਥਾਨ ’ਤੇ
ਭਗਤਾ ਭਾਈ (ਰਾਜਿੰਦਰ ਸਿੰਘ ਮਰਾਹੜ): ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਅੱਠਵੀਂ ਜਮਾਤ ਦੇ ਨਤੀਜੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) ਭਗਤਾ ਭਾਈ ਦੀ ਹੋਣਹਾਰ ਵਿਦਿਆਰਥਣ ਜੈਸਲੀਨ ਕੌਰ ਨੇ 600 ਵਿੱਚੋਂ 595 (99.17 ਫ਼ੀਸਦੀ) ਅੰਕ ਪ੍ਰਾਪਤ ਕਰਕੇ ਪੰਜਾਬ ਪੱਧਰੀ ਮੈਰਿਟ ਵਿੱਚ ਛੇਵਾਂ ਸਥਾਨ ਹਾਸਲ ਕੀਤਾ ਹੈ। ਸਥਾਨਕ ਸ਼ਹਿਰ ਦੀ ਖਾਨਾਪੱਤੀ ਦੇ ਵਸਨੀਕ ਬੀਰਬਲ ਸਿੰਘ (ਬਿੱਕਾ ਟੇਲਰ) ਅਤੇ ਸਤਵੀਰ ਕੌਰ ਦੀ ਹੋਣਹਾਰ ਧੀ ਜੈਸਲੀਨ ਕੌਰ ਦੇ ਮੈਰਿਟ ਵਿੱਚ ਆਉਣ ਦੀ ਖ਼ਬਰ ਸੁਣਦਿਆਂ ਹੀ ਸ਼ਹਿਰ ਵਾਸੀਆਂ ਵੱਲੋਂ ਉਨ੍ਹਾਂ ਦੇ ਘਰ ਜਾ ਕੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਜੈਸਲੀਨ ਕੌਰ ਨੇ ਭਾਵੇਂ ਬਠਿੰਡਾ ਜ਼ਿਲ੍ਹੇ ’ਚੋਂ ਓਵਰਆਲ ਦੂਜਾ ਸਥਾਨ ਪ੍ਰਾਪਤ ਕੀਤਾ ਹੈ ਪਰੰਤੂ ਸਰਕਾਰੀ ਸਕੂਲਾਂ ’ਚੋਂ ਉਸਨੇ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਮਾਪਿਆਂ ਦਾ ਮਾਣ ਵਧਾਇਆ ਹੈ। ਜੈਸਲੀਨ ਨੇ ਇਸ ਪ੍ਰਾਪਤੀ ਲਈ ਸਕੂਲ ਸਟਾਫ਼ ਤੇ ਆਪਣੇ ਮਾਪਿਆਂ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਅਗਲੇਰੀ ਪੜ੍ਹਾਈ ਉਪਰੰਤ ਡਾਕਟਰ ਬਣ ਕੇ ਲੋਕਾਂ ਦੀ ਸੇਵਾ ਕਰਨ ਦੀ ਇਛੁੱਕ ਹੈ। ਇਸੇ ਦੌਰਾਨ ਸਕੂਲ ਦੀ ਇੰਚਾਰਜ ਕਮਲਜੀਤ ਕੌਰ ਨੇ ਜੈਸਲੀਨ ਕੌਰ ਤੇ ਉਸ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਹੈ।Advertisement