ਸੀਐੱਚਸੀ ਜੈਤੋ ਨੂੰ ਕਾਰਜਸ਼ੀਲ ਰੱਖਣ ਲਈ ਯਤਨ ਸ਼ੁਰੂ
ਸ਼ਗਨ ਕਟਾਰੀਆ
ਜੈਤੋ, 9 ਅਪਰੈਲ
ਕਮਿਊਨਟੀ ਹੈਲਥ ਸੈਂਟਰ ਜੈਤੋ ਨਾਲ ਸਬੰਧਤ ਰੋਗੀ ਕਲਿਆਣ ਸਮਿਤੀ ਦੀ ਹੋਈ ਮੀਟਿੰਗ ’ਚ ਸਿਹਤ ਕੇਂਦਰ ਨੂੰ ਦਰਪੇਸ਼ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਸੁਝਾਏ ਗਏ। ਸਮਿਤੀ ਦੇ ਪ੍ਰਧਾਨ ਅਤੇ ਹੈਲਥ ਸੈਂਟਰ ਦੇ ਸੀਨੀਅਰ ਮੈਡੀਕਲ ਅਧਿਕਾਰੀ (ਐੱਸਐੱਮਓ) ਡਾ. ਵਰਿੰਦਰ ਕੁਮਾਰ ਐੱਮ.ਡੀ. ਦੀ ਅਗਵਾਈ ਹੇਠ ਹੋਈ ਮੀਟਿੰਗ ’ਚ ਸਿਹਤ ਕੇਂਦਰ ਦੀ ਇਮਾਰਤ ਦੇ ਨਵੀਨੀਕਰਨ ਅਤੇ ਓਪੀਡੀ ਦੇ ਮਰੀਜ਼ਾਂ ਨੂੰ ਹੋਰ ਸਹੂਲਤ ਦੇਣ ਦਾ ਜ਼ਿਕਰ ਛਿੜਿਆ। ਮੀਟਿੰਗ ’ਚ ਹਾਜ਼ਰ ਨਗਰ ਕੌਂਸਲ ਜੈਤੋ ਦੇ ਪ੍ਰਧਾਨ ਡਾ. ਹਰੀਸ਼ ਗੋਇਲ ਨੇ ਮੁਸ਼ਕਿਲਾਂ ਸੁਣਨ ਬਾਅਦ ਭਰੋਸਾ ਦਿੱਤਾ ਕਿ ਉਹ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਦੇ ਧਿਆਨ ’ਚ ਇਹ ਮਾਮਲਾ ਲਿਆਉਣ ਤੋਂ ਬਾਅਦ ਹੱਲ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਨਗੇ। ਸਮਿਤੀ ਦੇ ਪ੍ਰਤੀਨਿਧ ਅਤੇ ਵਿਵੇਕ ਆਸ਼ਰਮ ਜੈਤੋ ਦੇ ਸੰਚਾਲਕ ਸੰਤ ਰਿਸ਼ੀ ਰਾਮ ਨੇ ਮਸ਼ਵਰਾ ਦਿੱਤਾ ਕਿ ਜਦੋਂ ਤੱਕ ਸਰਕਾਰੀ ਫੰਡ ਨਹੀਂ ਆਉਂਦਾ, ਉਸ ਤੋਂ ਪਹਿਲਾਂ ਇਲਾਕੇ ਦੇ ਸਮਾਜਿਕ ਤੇ ਧਾਰਮਿਕ ਸੰਗਠਨਾਂ ਨੂੰ ਫੰਡ ਦੇਣ ਦੀ ਅਪੀਲ ਕੀਤੀ ਜਾ ਸਕਦੀ ਹੈ। ਸੰਤ ਰਿਸ਼ੀ ਰਾਮ ਦੀ ਅਪੀਲ ਤੋਂ ਕਾਇਲ ਹੋ ਕੇ ਮੌਕੇ ’ਤੇ ਮੌਜੂਦ ਲਾਇਨਜ਼ ਆਈ ਕੇਅਰ ਸੈਂਟਰ ਦੇ ਚੇਅਰਮੈਨ ਰਾਕੇਸ਼ ਰੋਮਾਣਾ ਅਤੇ ਲਾਇਨਜ਼ ਕਲੱਬ ਗੁੱਡਵਿੱਲ ਦੇ ਚੇਅਰਮੈਨ ਪ੍ਰਵੀਨ ਜਿੰਦਲ ਨੇ ਆਪਣੀਆਂ ਸੰਸਥਾਵਾਂ ਤਰਫ਼ੋਂ 10-10 ਹਜ਼ਾਰ ਰੁਪਏ ਦੀ ਮਾਇਕ ਮਦਦ ਦੇਣ ਦਾ ਐਲਾਨ ਕਰ ਦਿੱਤਾ। ਮੀਟਿੰਗ ਵਿੱਚ ਹੈਲਥ ਸੈਂਟਰ ਦੇ ਮੈਡੀਕਲ ਅਫ਼ਸਰ ਡਾ. ਰਾਜਵੀਰ ਕੌਰ, ਨਰਸਿੰਗ ਸੁਪਰਡੈਂਟ ਬਲਜੀਤ ਕੌਰ, ਸੁਪਰਵਾਈਜ਼ਰ ਸੀਡੀਪੀਓ ਚਰਨਜੀਤ ਕੌਰ, ਵਾਟਰ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਅਨਿਲ ਕੁਮਾਰ, ਬੀਡੀਪੀਓ ਦਫ਼ਤਰ ਤੋਂ ਅਮਰਜੀਤ ਸਿੰਘ, ਸਮਾਜ ਸੇਵੀ ਲਵਲੀਨ ਕੋਛੜ, ਰਾਜੂ ਗਰੋਵਰ, ਸੁਰਿੰਦਰ ਗਰਗ ਆਦਿ ਹਾਜ਼ਰ ਹੋਏ।
ਗੌਰਤਲਬ ਹੈ ਕਿ ਸਿਹਤ ਵਿਭਾਗ ਦੇ ਨਿਯਮਾਂ ਮੁਤਾਬਕ ਸਬ-ਡਿਵੀਜ਼ਨ ਪੱਧਰ ’ਤੇ ਉੱਚ ਪਾਏ ਦਾ ਸਿਵਲ ਹਸਪਤਾਲ ਹੁੰਦਾ ਹੈ, ਪਰ ਜੈਤੋ ਨੂੰ ਸਬ-ਡਿਵੀਜ਼ਨ ਦਾ ਦਰਜਾ ਮਿਲਿਆਂ ਤਿੰਨ ਦਹਾਕੇ ਬੀਤੇ ਚੁੱਕੇ ਹਨ, ਪਰ ਇੱਥੋਂ ਦਾ ਕਮਿਊਨਟੀ ਹੈਲਥ ਸੈਂਟਰ ਇਸ ਦਰਜੇ ਤੋਂ ਅੱਗੇ ਨਹੀਂ ਵਧ ਸਕਿਆ, ਹਾਲਾਂਕਿ ਲੋਕ ਚਿਰਾਂ ਤੋਂ ਰੁਤਬਾ ਵਧਾਏ ਜਾਣ ਦੀ ਮੰਗ ਕਰ ਰਹੇ ਹਨ।