ਐੱਸਡੀਐੱਮ ਦਫ਼ਤਰ ਅੱਗੇ ਫਾਇਨਾਂਸਰ ਖ਼ਿਲਾਫ਼ ਧਰਨਾ ਜਾਰੀ
ਰਮੇਸ਼ ਭਾਰਦਵਾਜ
ਲਹਿਰਾਗਾਗਾ, 14 ਮਈ
ਹਲਕਾ ਲਹਿਰਾਗਾਗਾ ਅੰਦਰ ਕਥਿਤ ਫਾਇਨਾਂਸ ਦਾ ਗੋਰਖਧੰਦਾ ਕਰਨ ਵਾਲੇ ਬਲਦੀਪ ਸਿੰਘ ਖ਼ਿਲਾਫ਼ ਐੱਸਡੀਐੱਮ ਦਫ਼ਤਰ ਵਿੱਚ ਲੱਗਾ ਧਰਨਾ 23ਵੇਂ ਦਿਨ ਵਿੱਚ ਸ਼ਾਮਲ ਹੋ ਚੁੱਕਾ ਹੈ। ਇਸ ਮਸਲੇ ਸਬੰਧੀ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਲਿਬਰੇਸ਼ਨ ਅਤੇ ਪ੍ਰਗਤੀਸ਼ੀਲ ਇਸਤਰੀ ਸਭਾ ਪੰਜਾਬ ਨੇ ਸਾਂਝੇ ਤੌਰ ’ਤੇ ਐੱਸਡੀਐੱਮ ਦਫ਼ਤਰ ਵਿੱਚ ਭਰਵੀਂ ਮੀਟਿੰਗ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਗੋਬਿੰਦ ਸਿੰਘ ਛਾਜਲੀ ਨੇ ਕਿਹਾ ਕਿ ਫਾਇਨਾਂਸਰ ਦੀ ਲੁੱਟ ਦੇ ਖਿਲਾਫ਼ ਅੱਜ ਵਿਚਾਰ ਵਟਾਂਦਰਾ ਹੋਇਆ ਹੈ ਕਿ ਆਉਣ ਵਾਲੀ 22 ਮਈ ਨੂੰ ਵਿਸ਼ਾਲ ਰੈਲੀ ਕਰ ਕੇ ਪੀੜਤਾਂ ਲਈ ਇਨਸਾਫ਼ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਅਜੇ ਤੱਕ ਜਾਂਚ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੁਲੀਸ ਪੀੜਤ ਪਰਿਵਾਰਾਂ ਦਾ ਮੁੜ ਵਸੇਬਾ ਨਹੀਂ ਕਰਵਾਉਂਦੀ, ਉਦੋਂ ਤੱਕ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ 22 ਮਈ ਨੂੰ ਹੋਣ ਵਾਲੀ ਵਿਸ਼ਾਲ ਰੈਲੀ ਅੰਦਰ ਕੋਈ ਵੀ ਵਧੀਕੀ ਹੁੰਦੀ ਹੈ ਤਾਂ ਇਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਤੇ ਪੁਲੀਸ ਹੋਵੇਗੀ। ਇਸ ਮੌਕੇ ਮੀਟਿੰਗ ’ਚ ਜ਼ਿਲ੍ਹਾ ਪ੍ਰਧਾਨ ਕਾਮਰੇਡ ਬਿੱਟੂ ਖੋਖਰ, ਕੁਲਵੰਤ ਛਾਜਲੀ, ਮਨਜੀਤ ਕੌਰ ਆਲੋਅਰਖ, ਘੁਮੰਡ ਸਿੰਘ ਖਾਲਸਾ, ਕਿੱਕਰ ਸਿੰਘ ਖਾਲਸਾ, ਬਲਵੀਰ ਸਿੰਘ ਜਲੂਰ, ਕਿਸਾਨ ਆਗੂ ਸਵਰਨ ਸਿੰਘ, ਕਿਰਨਪਾਲ ਕੌਰ ਭੁਟਾਲ, ਗੋਗੀ ਲਹਿਰਾਗਾਗਾ, ਰੀਨਾ ਰਾਣੀ, ਬਲਜੀਤ ਕੌਰ, ਦਵਿੰਦਰ ਕੌਰ, ਮਨਜੀਤ ਕੌਰ ਲਹਿਰਾਗਾਗਾ ਜਸਵੰਤ ਕੌਰ ਭੁਟਾਲ ਤੇ ਸੁਰਜੀਤ ਕੌਰ ਭੁਟਾਲ ਵੀ ਹਾਜ਼ਰ ਸਨ।