ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਲਵਿਦਾ ਤੋਂ ਪਹਿਲਾਂ...

04:44 AM Apr 19, 2025 IST
featuredImage featuredImage

Advertisement

ਗੁਰਸ਼ਰਨ ਸਿੰਘ ਕੁਮਾਰ

ਅੱਜ ਦਾ ਮਨੁੱਖ ਖੋਜ ਕਰ ਰਿਹਾ ਹੈ ਕਿ ਮੰਗਲ ਗ੍ਰਹਿ ’ਤੇ ਜੀਵਨ ਹੈ ਕਿ ਨਹੀਂ, ਪਰ ਉਹ ਇਹ ਕਦੀ ਨਹੀਂ ਸੋਚਦਾ ਕਿ ਇਸ ਜੀਵਨ ਵਿੱਚ ਮੰਗਲ ਹੈ ਕਿ ਨਹੀਂ। ਜਦ ਅਸੀਂ ਕਿਸੇ ਸਫ਼ਰ ’ਤੇ ਜਾਣਾ ਹੋਵੇ, ਕੋਈ ਇਮਤਿਹਾਨ ਦੇਣਾ ਹੋਏ ਜਾਂ ਕੋਈ ਹੋਰ ਵਿਸ਼ੇਸ਼ ਕੰਮ ਕਰਨਾ ਹੋਏ ਤਾਂ ਪਹਿਲਾਂ ਉਸ ਲਈ ਤਿਆਰੀ ਕਰਦੇ ਹਾਂ। ਸਾਨੂੰ ਸਭ ਨੂੰ ਇਹ ਵੀ ਪਤਾ ਹੈ ਕਿ ਅਸੀਂ ਸਭ ਨੇ ਇੱਕ ਦਿਨ ਮਰਨਾ ਹੀ ਹੈ। ਮੌਤ ਇੱਕ ਅਟੱਲ ਸੱਚਾਈ ਹੈ। ਅਸੀਂ ਆਮ ਤੌਰ ’ਤੇੇ ਇਸ ਗੱਲੋਂ ਅਵੇਸਲੇ ਹੋਏ ਰਹਿੰਦੇ ਹਾਂ। ਮੌਤ ਤੋਂ ਪਹਿਲਾਂ ਜੀਵਨ ਵਿੱਚ ਇਸ ਦੀ ਕੋਈ ਤਿਆਰੀ ਨਹੀਂ ਕਰਦੇ। ਜਦ ਸਾਡੇ ’ਤੇ ਬੁਢਾਪਾ ਆਉਂਦਾ ਹੈ ਤਾਂ ਅਸੀਂ ਲੋਕਾਂ ਨੂੰ ਸੁਣਾਉਂਦੇ ਰਹਿੰਦੇ ਹਾਂ ਕਿ ਹੁਣ ਤਾਂ ਅਸੀਂ ਬੁੱਢੇ ਹੋ ਗਏ ਹਾਂ। ਹੁਣ ਅਸੀਂ ਇੱਥੋਂ ਜਾਣ ਵਾਲੇ ਹਾਂ। ਅਸੀਂ ਆਪਣੇ ਆਪ ਨੂੰ ਗ਼ਮਾਂ ਦੇ ਸਮੁੰਦਰ ਵਿੱਚ ਸੁੱਟ ਕੇ ਲਹਿਰਾਂ ਦੇ ਹਵਾਲੇ ਛੱਡ ਦਿੰਦੇ ਹਾਂ। ਇਸ ਲਈ ਅਸੀਂ ਕਸ਼ਟ ਭੋਗਦੇ ਹੋਏ ਮਰਦੇ ਹਾਂ। ਸਾਨੂੰ ਜ਼ਿੰਦਗੀ ਦੇ ਆਖਰੀ ਸਮੇਂ ਨੂੰ ਸੁਖਾਵਾਂ ਬਣਾਉਣ ਲਈ ਵਿਸ਼ੇਸ਼ ਯਤਨ ਕਰਨੇ ਚਾਹੀਦੇ ਹਨ।
ਅੱਜਕੱਲ੍ਹ ਦੇ ਨੌਜੁਆਨਾਂ ਨੂੰ ਬੇਨਤੀ ਹੈ ਕਿ ਜਦੋਂ ਕਦੀ ਮਨ ਵਿੱਚ ਖ਼ਿਆਲ ਆਵੇ ਕਿ ਤੁਹਾਡੇ ਮਾਂ-ਪਿਓ ਨੇ ਤੁਹਾਡੇ ਲਈ ਕੀਤਾ ਹੀ ਕੀ ਹੈ ਤਾਂ ਸੜਕ ’ਤੇ ਰੁਲਦੇ ਬੱਚਿਆਂ ਵੱਲ ਦੇਖ ਲਿਆ ਕਰੋ। ਫਿਰ ਆਪੇ ਪਤਾ ਚੱਲ ਜਾਵੇਗਾ ਕਿ ਤੁਹਾਡੇ ਮਾਂ-ਪਿਓ ਨੇ ਤੁਹਾਡੇ ਲਈ ਕੀ ਕੀਤਾ ਹੈ। ਉਨ੍ਹਾਂ ਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਜਿਵੇਂ ਉਨ੍ਹਾਂ ਨੂੰ ਬਚਪਨ ਵਿੱਚ ਮਾਂ-ਪਿਓ ਦੇ ਸਹਾਰੇ ਦੀ ਲੋੜ ਸੀ, ਉਵੇਂ ਹੀ ਬੁਢਾਪੇ ਵਿੱਚ ਮਾਂ-ਪਿਓ ਨੂੰ ਉਨ੍ਹਾਂ ਦੇ ਸਹਾਰੇ ਦੀ ਲੋੜ ਹੁੰਦੀ ਹੈ।
ਕਈ ਲੋਕ ਬੁਢਾਪੇ ਨੂੰ ਇਸ ਲਈ ਮਾੜਾ ਗਿਣਦੇ ਹਨ ਕਿਉਂਕਿ ਇਸ ਉਮਰ ਵਿੱਚ ਸਰੀਰਕ ਤੌਰ ’ਤੇ ਅਤੇ ਆਰਥਿਕ ਪੱਖੋਂ ਕਮਜ਼ੋਰ ਹੋਣ ਕਰ ਕੇ ਕਾਫ਼ੀ ਹੱਦ ਤੱਕ ਬੱਚਿਆਂ ’ਤੇ ਨਿਰਭਰ ਹੋਣਾ ਪੈਂਦਾ ਹੈ। ਇੱਥੇ ਉਨ੍ਹਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਉਹ ਭਾਗਾਂ ਵਾਲੇ ਹਨ ਕਿਉਂਕਿ ਕਈਆਂ ਨੂੰ ਤਾਂ ਬੁਢਾਪਾ ਨਸੀਬ ਹੀ ਨਹੀਂ ਹੁੰਦਾ। ਰੱਬ ਨੇ ਸਾਨੂੰ ਨਰੋਆ ਸਰੀਰ ਦਿੱਤਾ ਹੈ ਤਾਂ ਇਸ ਨੂੰ ਉਸ ਦੀ ਅਮਾਨਤ ਸਮਝ ਕੇ ਸੰਭਾਲ ਕਰਨੀ ਸਾਡਾ ਮੁੱਢਲਾ ਫਰਜ਼ ਹੈ। ਬੰਦਾ ਜਦ ਕੁੱਝ ਵੱਡਾ ਹੋ ਜਾਂਦਾ ਹੈ ਤਾਂ ਉਸ ਦੇ ਸਰੀਰ ਦੇ ਸਾਰੇ ਅੰਗ ਕੁੱਝ ਕਮਜ਼ੋਰ ਪੈ ਜਾਂਦੇ ਹਨ। ਇਸ ਸਮੇਂ ਕਈ ਲੋਕ ਇਹ ਸੋਚਦੇ ਹਨ ਕਿ ਇਸ ਉਮਰ ਵਿੱਚ ਬਿਮਾਰ ਪੈਣਾ ਅਤੇ ਕਸ਼ਟ ਪਾਉਣਾ ਉਨ੍ਹਾਂ ਦੀ ਕਿਸਮਤ ਵਿੱਚ ਹੀ ਲਿਖਿਆ ਹੈ। ਉਹ ਲਗਾਤਾਰ ਦਰਦ ਸਹਿੰਦੇ ਰਹਿੰਦੇ ਹਨ। ਇਹ ਧਾਰਨਾ ਬਿਲਕੁਲ ਗ਼ਲਤ ਹੈ। ਸਾਡਾ ਫ਼ਰਜ਼ ਬਣਦਾ ਹੈ ਕਿ ਜੇ ਸਾਨੂੰ ਕੋਈ ਸਰੀਰਕ ਕਸ਼ਟ ਆ ਗਿਆ ਹੈ ਤਾਂ ਅਸੀਂ ਕਿਸੇ ਚੰਗੇ ਡਾਕਟਰ ਕੋਲੋਂ ਇਲਾਜ ਕਰਾ ਕੇ ਤੰਦਰੁਸਤ ਹੋਈਏ ਅਤੇ ਕਸ਼ਟ ਤੋਂ ਛੁਟਕਾਰਾ ਪਾਈਏ। ਕਈ ਲੋਕਾਂ ਨੂੰ ਬੁਢਾਪੇ ਵਿੱਚ ਇਹ ਵੀ ਤਸੱਲੀ ਹੁੰਦੀ ਹੈ ਕਿ ਉਨ੍ਹਾਂ ਦੇ ਲਾਇਕ ਬੱਚੇ ਉਨ੍ਹਾਂ ਦੀ ਪੂਰੀ ਸੇਵਾ ਸੰਭਾਲ ਕਰ ਰਹੇ ਹਨ। ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਇਹ ਠੀਕ ਹੈ ਕਿ ਅਸੀਂ ਦੂਜੇ ’ਤੇ ਨਿਰਭਰ ਰਹਿ ਕੇ ਆਪਣੇ ਨਿੱਜੀ ਕੰਮ ਉਸ ਤੋਂ ਕਰਵਾਈਏ? ਨਹੀਂ ਨਾ, ਫਿਰ ਆਪਣੇ ਸਰੀਰ ਵੱਲੋਂ ਅਵੇਸਲੇ ਨਾ ਹੋਵੋ। ਆਪਣੇ ਬੁਢਾਪੇ ਨੂੰ ਤੁਸੀਂ ਆਪ ਸਹਿਜ ਵਿੱਚ ਰੱਖਣਾ ਹੈ। ਡਾਕਟਰ ਨੂੰ ਆਪਣੀਆਂ ਸਰੀਰਕ ਸਮੱਸਿਆਵਾਂ ਦੱਸ ਕੇ ਤੰਦਰੁਸਤ ਬਣੋ ਅਤੇ ਸੁੱਖ ਪਾਓ। ਇਸ ਤੋਂ ਇਲਾਵਾ ਸਭ ਨੂੰ ਜਵਾਨੀ ਵਿੱਚ ਹੀ ਆਪਣੇ ਬੁਢਾਪੇ ਲਈ ਕੁੱਝ ਧਨ ਵੱਖਰਾ ਬਚਾ ਕੇ ਰੱਖਣਾ ਚਾਹੀਦਾ ਹੈ ਤਾਂ ਕਿ ਇਸ ਉਮਰ ਵਿੱਚ ਆਰਥਿਕ ਪੱਖੋਂ ਕਿਸੇ ਦਾ ਮੁਥਾਜ ਨਾ ਹੋਣਾ ਪਏ।
ਜ਼ਿੰਦਗੀ ਨੂੰ ਸੁਖਾਵਾਂ ਬਣਾਉਣ ਲਈ ਹੋਰ ਵੀ ਕਈ ਗੱਲਾਂ ਧਿਆਨ ਯੋਗ ਹਨ ਜਿਵੇਂ ਮਨੁੱਖ ਦੀ ਮਾਨਸਿਕ ਖ਼ੁਸ਼ੀ। ਮਨੁੱਖ ਦੀ ਮਾਨਸਿਕ ਸਥਿਤੀ ਦਾ ਉਸ ਦੀ ਸਿਹਤ ’ਤੇ ਸਿੱਧਾ ਪ੍ਰਭਾਵ ਪੈਂਦਾ ਹੈ। ਇਸ ਲਈ ਖ਼ੁਸ਼ ਰਹਿਣਾ ਵੀ ਤੁਹਾਡੀ ਆਪਣੀ ਜ਼ਿੰਮੇਵਾਰੀ ਹੈ। ਬੇਸ਼ੱਕ ਇਹ ਜ਼ਿੰਦਗੀ ਸਮੱਸਿਆਵਾਂ ਨਾਲ ਭਰੀ ਪਈ ਹੈ, ਪਰ ਤੁਹਾਡੀ ਖ਼ੁਸ਼ੀ ਇਸ ’ਤੇ ਨਿਰਭਰ ਕਰਦੀ ਹੈ ਕਿ ਕਿ ਤੁਸੀਂ ਕਿਸੇ ਘਟਨਾ ਜਾਂ ਸਮੱਸਿਆ ਨੂੰ ਕਿਸ ਤਰ੍ਹਾਂ ਲੈਂਦੇ ਹੋ। ਜੇ ਤੁਸੀਂ ਛੋਟੀ ਛੋਟੀ ਗੱਲ ਨੂੰ ਹੀ ਮਨ ’ਤੇ ਲਾ ਲਾਓਗੇ ਤਾਂ ਦੁਖੀ ਹੋਵੋਗੇ ਹੀ। ਭਵਿੱਖ ਦੀ ਚਿੰਤਾ ਬੰਦੇ ਨੂੰ ਅੰਦਰੋਂ ਖੋਖਲਾ ਕਰ ਦਿੰਦੀ ਹੈ। ਇਸ ਲਈ ਭਵਿੱਖ ਬਾਰੇ ਜ਼ਿਆਦਾ ਫ਼ਿਕਰ ਕਰਨ ਦੀ ਲੋੜ ਨਹੀਂ। ਹੋ ਸਕਦਾ ਹੈ ਕਿ ਭਵਿੱਖ ਦੀਆਂ ਜਿਹੜੀਆਂ ਅਣਸੁਖਾਵੀਆਂ ਗੱਲਾਂ ਬਾਰੇ ਸੋਚ ਕੇ ਤੁਸੀਂ ਦੁਖੀ ਹੋ ਰਹੇ ਹੋ, ਉਹ ਕਦੀ ਵਾਪਰਨ ਹੀ ਨਾ। ਇਸੇ ਤਰ੍ਹਾਂ ਬੀਤੀਆਂ ਗੱਲਾਂ ਜਾਂ ਘਟਨਾਵਾਂ ਬਾਰੇ ਵੀ ਬਹੁਤਾ ਝੂਰਨ ਦੀ ਲੋੜ ਨਹੀਂ ਜੋ ਗੁਜ਼ਰ ਗਿਆ ਸੋ ਗੁਜ਼ਰ ਗਿਆ। ਜੋ ਤੁਹਾਡੇ ਹੱਥ ਵੱਸ ਹੀ ਨਹੀਂ, ਉਸ ਦਾ ਦੁੱਖ ਕਾਹਦਾ? ਸਭ ਚਿੰਤਾਵਾਂ ਪਰਮਾਤਮਾ ’ਤੇ ਛੱਡ ਦਿਓ। ਜੋ ਉਹ ਕਰੇਗਾ ਸਾਡੇ ਲਈ ਠੀਕ ਹੀ ਕਰੇਗਾ। ਕਈ ਘਟਨਾਵਾਂ ਸਾਡੇ ਚੰਗੇ ਮਾੜੇ ਕੀਤੇ ਦਾ ਫ਼ਲ ਹੀ ਹੁੰਦੀਆਂ ਹਨ। ਇਸ ਲਈ ਅਸੀਂ ਅੱਜ ਚੰਗੇ ਕੰਮ ਕਰ ਕੇ ਆਪਣੇ ਖੁਸ਼ਹਾਲ ਭਵਿੱਖ ਦੀ ਨੀਂਹ ਰੱਖ ਸਕਦੇ ਹਾਂ। ਲੋਕ ਭਲਾਈ ਦੇ ਕੰਮ ਕਦੀ ਵਿਅਰਥ ਨਹੀਂ ਜਾਂਦੇ। ਸਾਡੇ ਚੰਗੇ ਜਾਂ ਮਾੜੇ ਕੰਮ ਦਾ ਫ਼ਲ ਸਾਨੂੰ ਇਸੇ ਜਨਮ ਵਿੱਚ ਮਿਲਣਾ ਹੀ ਮਿਲਣਾ ਹੈ। ਜੇ ਅੱਜ ਅਸੀਂ ਕਿਸੇ ਦੀ ਮਦਦ ਕਰਦੇ ਹਾਂ ਤਾਂ ਮੁਸੀਬਤ ਸਮੇਂ ਕੋਈ ਦੋ ਹੱਥ ਸਾਡੀ ਸਹਾਇਤਾ ਲਈ ਵੀ ਜ਼ਰੂਰ ਆ ਹੀ ਜਾਣਗੇ।
ਪਰਮਾਤਮਾ ਨੇ ਸਭ ਨੂੰ ਇੱਕ-ਦੂਸਰੇ ਤੋਂ ਵੱਖਰੀ ਕਿਸਮ ਦਾ ਬਣਾ ਕੇ ਭੇਜਿਆ ਹੈ। ਸਭ ਦਾ ਕੰਮ ਕਰਨ ਦਾ ਆਪਣਾ ਆਪਣਾ ਢੰਗ ਹੈ। ਹਰ ਇੱਕ ਦੇ ਹਾਲਾਤ ਅਲੱਗ ਅਲੱਗ ਹਨ। ਸਭ ਦੀ ਸਮਝ ਅਤੇ ਪਸੰਦ ਵੀ ਅਲੱਗ ਅਲੱਗ ਹੀ ਹੈ। ਇਸ ਲਈ ਕਦੀ ਕਿਸੇ ਦੂਸਰੇ ਦੀ ਜ਼ਿੰਦਗੀ ਵਿੱਚ ਦਖਲ ਨਾ ਦਿਓ। ਦੂਸਰੇ ਨੂੰ ਟੋਕਾ ਟਾਕੀ ਕਰਨ ਤੋਂ ਬਚੋ, ਨਹੀਂ ਤਾਂ ਤੁਹਾਡੇ ਉਸ ਨਾਲ ਰਿਸ਼ਤੇ ਖ਼ਰਾਬ ਹੋਣਗੇ। ਇਸੇ ਲਈ ਕਹਿੰਦੇ ਹਨ ਕਿ ਤੁਹਾਡੀ ਇੱਜ਼ਤ ਤੁਹਾਡੇ ਆਪਣੇ ਹੱਥ ਵਿੱਚ ਹੈ। ਜੇ ਕਿਸੇ ਨਾਲ ਤੁਹਾਡਾ ਸੁਭਾਅ ਨਹੀਂ ਮਿਲਦਾ, ਉਹ ਤੁਹਾਡੇ ਨਾਲ ਬੁਰਾ ਵਰਤਦਾ ਹੈ ਜਾਂ ਮੰਦਾ ਬੋਲਦਾ ਹੈ ਤਾਂ ਉਸ ਨੂੰ ਆਪਣੀ ਜ਼ਿੰਦਗੀ ਵਿੱਚੋਂ ਬੇਦਖਲ ਕਰ ਦਿਓ। ਉਸ ਦੇ ਮਾੜੇ ਵਿਹਾਰ ਦਾ ਕੋਈ ਨੋਟਿਸ ਨਾ ਲਓ। ਜੇ ਤੁਸੀਂ ਉਸ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਹੋ ਜਾਂ ਉਸ ਦੇ ਕੰਮਾਂ ’ਤੇ ਜ਼ਿਆਦਾ ਧਿਆਨ ਦਿੰਦੇ ਹੋ ਤਾਂ ਉਹ ਹੋਰ ਵੀ ਜ਼ਿਆਦਾ ਚਾਂਬਲੇਗਾ ਅਤੇ ਤੁਹਾਨੂੰ ਹੋਰ ਪਰੇਸ਼ਾਨ ਕਰੇਗਾ। ਤੁਸੀਂ ਦੁਖੀ ਹੋਵੋਗੇ। ਤੁਸੀਂ ਉਸ ਦੇ ਕੰਮਾਂ ਨੂੰ ਅਣਦੇਖਿਆ ਕਰ ਕੇ ਆਪਣੀਆਂ ਖ਼ੁਸ਼ੀਆਂ ਨੂੰ ਬਚਾ ਕੇ ਰੱਖੋ। ਤੁਸੀਂ ਉਸ ਤੋਂ ਬਿਲਕੁਲ ਵਿਰਕਤ ਹੋ ਜਾਓ, ਜਿਵੇਂ ਤੁਹਾਡੇ ਲਈ ਉਹ ਹੈ ਹੀ ਨਹੀਂ।
ਆਪਣੇ ਆਪ ਨੂੰ ਕਦੀ ਕਮਜ਼ੋਰ, ਨਿਮਾਣਾ, ਨਿਤਾਣਾ ਜਾਂ ਹੀਣਾ ਨਾ ਸਮਝੋ, ਨਾ ਹੀ ਕਿਸੇ ਦੇ ਸਹਾਰੇ ਰਹੋ। ਸਹਾਰੇ ਬੰਦੇ ਨੂੰ ਕਮਜ਼ੋਰ ਬਣਾਉਂਦੇ ਹਨ। ਆਤਮਵਿਸ਼ਵਾਸ ਬੰਦੇ ਦੀ ਤਾਕਤ ਬਣਦਾ ਹੈ। ਜੋ ਕੁਝ ਪਰਮਾਤਮਾ ਨੇ ਤੁਹਾਨੂੰ ਦਿੱਤਾ ਹੈ, ਉਸ ਨਾਲ ਸਬਰ ਕਰੋ ਅਤੇ ਪਰਮਾਤਮਾ ਦਾ ਸ਼ੁਕਰਾਨਾ ਕਰੋ। ਪਰਾਈ ਆਸ ਛੱਡੋ। ਦੂਸਰੇ ਤੋਂ ਮੰਗਣ ਦੀ ਆਦਤ ਛੱਡੋ। ਇਸ ਨਾਲ ਤੁਹਾਡੀ ਇੱਜ਼ਤ ਘਟਦੀ ਹੈ। ਤੁਹਾਡੀ ਅਣਖ ਨੂੰ ਸੱਟ ਵੱਜਦੀ ਹੈ। ਸੰਤੁਸ਼ਟ ਰਹੋ ਅਤੇ ਆਪਣੇ ਬਲ ’ਤੇ ਭਰੋਸਾ ਰੱਖੋ। ਸਹਿਜ ਵਿੱਚ ਆਪਣੀ ਜ਼ਿੰਦਗੀ ਬਸਰ ਕਰੋ। ਤੁਹਾਡੀ ਜ਼ਿੰਦਗੀ ਬੁਝਦੇ ਹੋਏ ਚਿਰਾਗ ਦੀ ਤਰ੍ਹਾਂ ਨਹੀਂ ਹੋਣੀ ਚਾਹੀਦੀ। ਤੁਹਾਡੇ ਚਿਹਰੇ ਦੇ ਨੂਰ ਵਿੱਚੋਂ ਨੌਜਵਾਨਾਂ ਨੂੰ ਆਪਣੀ ਮੰਜ਼ਿਲ ਨਜ਼ਰ ਆਉਣੀ ਚਾਹੀਦੀ ਹੈ। ਪਰਮਾਤਮਾ ਨੇ ਤੁਹਾਨੂੰ ਹਾਰਨ ਲਈ ਨਹੀਂ ਬਣਾਇਆ। ਤੁਹਾਡੇ ਵਿੱਚ ਹਾਲੀ ਵੀ ਨਵੀਆਂ ਮੱਲਾਂ ਮਾਰਨ ਦੀ ਅਤੇ ਨਵੀਆਂ ਉਪਲੱਬਧੀਆਂ ਪ੍ਰਾਪਤ ਕਰਨ ਦੀ ਗੁੰਜਾਇਸ਼ ਹੈ।
ਪਰਮਾਤਮਾ ਨੂੰ ਅਤੇ ਮੌਤ ਨੂੰ ਕਦੀ ਨਾ ਭੁੱਲੋ। ਪਰਮਾਤਮਾ ਨੇ ਤੁਹਾਨੂੰ ਬੇਅੰਤ ਦਾਤਾਂ ਦਿੱਤੀਆਂ ਹਨ ਜੋ ਗਿਣੀਆਂ ਵੀ ਨਹੀਂ ਜਾ ਸਕਦੀਆਂ। ਫਿਰ ਵੀ ਜੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਖ਼ੁਸ਼ ਨਾ ਰਹੋ ਤਾਂ ਇਹ ਨਾਸ਼ੁਕਰਾਪਣ ਹੀ ਹੈ। ਇਸ ਧਰਤੀ ’ਤੇ ਆ ਕੇ ਦੂਜੇ ਲੋਕਾਂ ਨਾਲ ਆਪਣੇ ਸੁਹਿਰਦ ਵਿਹਾਰ ਰਾਹੀਂ ਤੁਸੀਂ ਸੁਖਾਵੇਂ ਰਿਸ਼ਤੇ ਆਪ ਬਣਾਉਣੇ ਹਨ ਤਾਂ ਹੀ ਤੁਹਾਡੀ ਜ਼ਿੰਦਗੀ ਸੌਖੀ ਹੋਵੇਗੀ। ਕੁੱਝ ਸੰਤੁਲਨ ਬਣਾ ਕੇ, ਕੁੱਝ ਬਰਦਾਸ਼ਤ ਕਰਕੇ ਅਤੇ ਕੁੱਝ ਅਣਦੇਖਿਆ ਕਰ ਕੇ ਹੀ ਰਿਸ਼ਤੇ ਸੁਖਾਵੇਂ ਬਣਦੇ ਹਨ।
ਤੁਹਾਡਾ ਬੁਢਾਪਾ ਬਿਮਾਰ ਪੈਣ ਲਈ ਅਤੇ ਦੁਖੀ ਹੋਣ ਲਈ ਨਹੀਂ ਹੈ। ਇਹ ਤੁਹਾਡੀ ਜ਼ਿੰਦਗੀ ਦਾ ਸੁਨਹਿਰੀ ਸਮਾਂ ਹੈ। ਤੁਹਾਡੇ ਕੋਲ ਜ਼ਿੰਦਗੀ ਦੇ ਕੀਮਤੀ ਤਜਰਬੇ ਦਾ ਵਿਸ਼ਾਲ ਭੰਡਾਰ ਹੈ। ਤੁਸੀਂ ਇਸ ਨੂੰ ਲੋੜਵੰਦਾਂ ਵਿੱਚ ਵੰਡ ਕੇ ਉਨ੍ਹਾਂ ਨੂੰ ਸਿੱਧੇ ਰਾਹ ਪਾ ਸਕਦੇ ਹੋ। ਤੁਸੀਂ ਬੱਚਿਆਂ ਵਿੱਚ ਚੰਗੇ ਸੰਸਕਾਰ ਭਰ ਸਕਦੇ ਹੋ। ਇਸ ਉਮਰ ਵਿੱਚ ਤੁਸੀਂ ਕਾਫ਼ੀ ਹੱਦ ਤੱਕ ਸਮਾਜਿਕ ਬੰਧਨਾਂ ਤੋਂ ਆਜ਼ਾਦ ਹੋ ਜਾਂਦੇ ਹੋ। ਤੁਸੀਂ ਆਪਣੀਆਂ ਰੁਕੀਆਂ ਹੋਈਆਂ ਖ਼ਹਿਸ਼ਾਂ ਨੂੰ ਆਪਣੀ ਪਸੰਦ ਅਨੁਸਾਰ ਪੂਰਾ ਕਰ ਸਕਦੇ ਹੋ। ਇਸ ਸਮੇਂ ਤੁਹਾਡਾ ਸਰੀਰ ਤੰਦਰੁਸਤ ਹੋਣਾ ਚਾਹੀਦਾ ਹੈ ਅਤੇ ਜੇਬ ਵਿੱਚ ਪੈਸੇ ਹੋਣੇ ਚਾਹੀਦੇ ਹਨ। ਆਪਣੇ ਬੁਢਾਪੇ ਨੂੰ ਖ਼ੁਸ਼ੀ ਨਾਲ ਮਾਣੋ। ਕਿਸੇ ਹੋਰ ਸਵਰਗ ਦੀ ਆਸ ਨਾ ਰੱਖੋ ਅਤੇ ਨਾ ਹੀ ਕਿਸੇ ਨਰਕ ਤੋਂ ਡਰੋ। ਜੇ ਤੁਹਾਡੇ ਕੋਲ ਗੁਜ਼ਾਰੇ ਲਈ ਧਨ ਹੈ, ਖਾਣ ਲਈ ਭੋਜਨ ਹੈ, ਪਾਉਣ ਲਈ ਕੱਪੜਾ ਹੈ ਅਤੇ ਸੌਣ ਲਈ ਸਿਰ ’ਤੇ ਛੱਤ ਹੈ ਤਾਂ ਤੁਸੀਂ ਦੁਨੀਆ ਦੇ ਸਭ ਤੋਂ ਖ਼ੁਸ਼ਨਸੀਬ ਬੰਦੇ ਹੋ। ਲੋਕਾਂ ਦੀ ਫਾਲਤੂ ਪਰਵਾਹ ਕਰਨੀ ਛੱਡ ਦਿਓ। ਗੁੱਸੇ ਗਿਲਿਆਂ ਦਾ ਫਿਤੂਰ ਦਿਮਾਗ਼ ਵਿੱਚੋਂ ਕੱਢ ਦਿਓ। ਸਹਿਜ ਵਿੱਚ ਖ਼ੁਸ਼ੀ ਨਾਲ ਜੀਓ। ਮੌਤ ਦਾ ਡਰ ਵੀ ਦਿਲ ਵਿੱਚੋਂ ਕੱਢ ਦਿਓ। ਇਹ ਕੁਦਰਤ ਦਾ ਆਮ ਵਰਤਾਰਾ ਹੈ। ਇੱਥੇ ਸਦਾ ਲਈ ਕੋਈ ਵੀ ਅਮਰ ਨਹੀਂ ਰਿਹਾ। ਫਿਰ ਮੌਤ ਦਾ ਡਰ ਕਾਹਦਾ। ਆਪਣੇ ਅੰਤਿਮ ਸਮੇਂ ਐਵੇਂ ਨਾ ਡਰੋ। ਇਹ ਨਾ ਸੋਚੋ ਕਿ ਤੁਹਾਨੂੰ ਕੋਈ ਯਮ ਲੈਣ ਆਉਣਗੇ ਜਾਂ ਕਿਸੇ ਨਰਕ ਵਿੱਚ ਸੁੱਟਿਆ ਜਾਵੇਗਾ ਜਾਂ ਉਬਲਦੇ ਤੇਲ ਦੇ ਕੜਾਹਿਆਂ ਵਿੱਚ ਪਾ ਕੇ ਸਾੜਿਆ ਜਾਵੇਗਾ। ਨਰਕ ਸਵਰਗ ਇੱਥੇ ਇਸ ਧਰਤੀ ’ਤੇ ਹੀ ਹੈ ਜੋ ਤੁਹਾਡੀ ਸੋਚ ਅਤੇ ਕਰਮਾਂ ਅਨੁਸਾਰ ਇਸੇ ਜੀਵਨ ਵਿੱਚ ਹੀ ਭੁਗਤਣਾ ਪੈਂਦਾ ਹੈ। ਇਸੇ ਲਈ ਕਹਿੰਦੇ ਹਨ, ‘ਆਪ ਮਰੇ ਜੱਗ ਪਰਲੋ।’ ਆਪ ਮਰ ਗਏ ਤਾਂ ਸਭ ਖ਼ਤਮ, ਸਭ ਧਨ ਦੌਲਤ, ਜਾਇਦਾਦ ਅਤੇ ਰਿਸ਼ਤੇ ਨਾਤਿਆਂ ਤੋਂ ਤੁਹਾਡਾ ਸਬੰਧ ਖ਼ਤਮ। ਛੋਟੀਆਂ ਛੋਟੀਆਂ ਸਮੱਸਿਆਵਾਂ ਕਾਰਨ ਦਿਲ ਨਾ ਛੱਡੋ। ਮਰਨ ਤੋਂ ਪਹਿਲਾਂ ਨਾ ਮਰੋ।
ਬੁਢਾਪਾ ਜ਼ਿੰਦਗੀ ਦੇ ਨਾਟਕ ਦਾ ਆਖਰੀ ਦ੍ਰਿਸ਼ ਹੈ, ਇਸ ਨੂੰ ਸੋਹਣੀ ਤਰ੍ਹਾਂ ਨਿਭਾਓ ਤਾਂ ਕਿ ਦਰਸ਼ਕਾਂ ਦੇ ਮਨਾਂ ਵਿੱਚ ਤੁਹਾਡੀ ਯਾਦ ਚੰਗੀ ਤਰ੍ਹਾਂ ਬਣੀ ਰਹੇ। ਬੇਸ਼ੱਕ ਮਨੁੱਖ ਰੋਂਦਾ ਹੋਇਆ ਧਰਤੀ ’ਤੇ ਆਉਂਦਾ ਹੈ, ਪਰ ਇੱਥੋਂ ਰੁਖ਼ਸਤ ਸਹਿਜ ਅਤੇ ਖ਼ੁਸ਼ੀ ਨਾਲ ਹੋਣਾ ਚਾਹੀਦਾ ਹੈ। ਇਸ ਸਮੇਂ ਮਨ ’ਤੇ ਕੋਈ ਬੋਝ ਵੀ ਨਹੀਂ ਹੋਣਾ ਚਾਹੀਦਾ। ਜੇ ਮੌਤ ਆ ਵੀ ਗਈ ਤਾਂ ਖ਼ੁਸ਼ੀ ਖ਼ੁਸ਼ੀ ਸਹਿਜ ਨਾਲ ਇਸ ਦੁਨੀਆ ਨੂੰ ਅਲਵਿਦਾ ਕਹੋ। ਜ਼ਿੰਦਗੀ ਨੂੰ ਆਖ਼ਰੀ ਪਲਾਂ ਤੱਕ ਮਾਣੋ।
ਸੰਪਰਕ: 94631-89432

Advertisement

Advertisement