ਭਾਰਤ ’ਚ ਫਵਾਦ, ਆਤਿਫ ਤੇ ਆਬਿਦਾ ਪਰਵੀਨ ਦੇ ਇੰਸਟਾਗ੍ਰਾਮ ਖਾਤੇ ਵੀ ਬਲੌਕ
ਨਵੀਂ ਦਿੱਲੀ, 4 ਮਈ
ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਵਿੱਚ ਅਦਾਕਾਰ ਫਵਾਦ ਖਾਨ, ਗਾਇਕ ਆਤਿਫ ਅਸਲਮ, ‘ਸਨਮ ਤੇਰੀ ਕਸਮ’ ਲਈ ਮਸ਼ਹੂਰ ਅਦਾਕਾਰਾ ਮਾਵਰਾ ਹੋਕੇਨ ਤੇ ਮਸ਼ਹੂਰ ਗਾਇਕਾ ਆਬਿਦਾ ਪਰਵੀਨ ਸਮੇਤ ਕਈ ਪਾਕਿਸਤਾਨੀ ਸਿਤਾਰਿਆਂ ਦੇ ਇੰਸਟਾਗ੍ਰਾਮ ਖਾਤੇ ਬਲੌਕ ਕਰ ਦਿੱਤੇ ਗਏ ਹਨ। ਭਾਰਤ ਵਿੱਚ ਜਦੋਂ ਇਨ੍ਹਾਂ ਦੇ ਇੰਸਟਾਗ੍ਰਾਮ ਪੇਜ ਖੋਲ੍ਹਣ ਦੀ ਕੋਸ਼ਿਸ਼ ਗਈ ਕੀਤੀ ਤਾਂ ‘ਭਾਰਤ ਵਿੱਚ ਖਾਤਾ ਉਪਲੱਬਧ ਨਹੀਂ ਹੈ’ ਲਿਖਿਆ ਆਇਆ। ਫਵਾਦ ਖਾਨ ਨੌਂ ਸਾਲਾਂ ਬਾਅਦ ਫਿਲਮ ‘ਅਬੀਰ ਗੁਲਾਲ’ ਨਾਲ ਬੌਲੀਵੁਡ ’ਚ ਵਾਪਸੀ ਕਰਨ ਵਾਲਾ ਸੀ, ਪਰ ਇਸ ਦੀ ਰਿਲੀਜ਼ ਹੁਣ ਲਟਕ ਗਈ ਹੈ। ‘ਮੇਰੇ ਹਮਸਫ਼ਰ’ ਦੇ ਅਦਾਕਾਰ ਤੇ ‘ਜਲ ਬੈਂਡ’ ਦੇ ਸਾਬਕਾ ਮੈਂਬਰ ਫਰਹਾਨ ਸਈਦ, ਮਸ਼ਹੂਰ ਗੀਤ ‘ਭਸੂੜੀ’ ਦੇ ਗਾਇਕ ਅਲੀ ਸੇਠੀ, ਅਦਾਕਾਰਾ ਸਬਾ ਕਮਰ ਅਤੇ ਅਦਨਾਨ ਸਿੱਦੀਕੀ ਦੇ ਇੰਸਟਾਗ੍ਰਾਮ ਖਾਤੇ ਵੀ ਹੁਣ ਭਾਰਤ ਵਿੱਚ ਖੋਲ੍ਹੇ ਨਹੀਂ ਜਾ ਸਕਦੇ। ਇਸ ਹਫ਼ਤੇ ਦੇ ਸ਼ੁਰੂ ’ਚ ਅਦਾਕਾਰਾ ਮਾਹਿਰਾ ਖਾਨ, ਹਾਨੀਆ ਆਮਿਰ, ਸਨਮ ਸਈਦ, ਅਲੀ ਜ਼ਫਰ, ਬਿਲਾਲ ਅੱਬਾਸ ਤੇ ਇਕਰਾ ਅਜ਼ੀਜ਼ ਵਰਗੇ ਕਲਾਕਾਰਾਂ ਦੇ ਇੰਸਟਾਗ੍ਰਾਮ ਖਾਤੇ ਵੀ ਬਲੌਕ ਕਰ ਦਿੱਤੇ ਗਏ ਸਨ। -ਪੀਟੀਆਈ