ਅਮਰੀਕਾ: ਤੂਫ਼ਾਨ ਕਾਰਨ ਮੱਧ-ਪੱਛਮੀ ਅਤੇ ਦੱਖਣੀ ਖੇਤਰ ’ਚ ਤਬਾਹੀ
ਵਾਸ਼ਿੰਗਟਨ, 3 ਅਪਰੈਲ
ਅਮਰੀਕਾ ਦੇ ਮੱਧ-ਪੱਛਮੀ ਅਤੇ ਦੱਖਣ ਦੇ ਕੁਝ ਖੇਤਰਾਂ ਵਿੱਚ ਖ਼ਤਰਨਾਕ ਤੂਫ਼ਾਨ ਕਰ ਕੇ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਘਰਾਂ ਦੀਆਂ ਛੱਤਾਂ ਉੱਡ ਗਈਆਂ ਅਤੇ ਬਿਜਲੀ ਦੇ ਖੰਭੇ ਤੇ ਦਰੱਖਤ ਵੀ ਡਿੱਗ ਗਏ।
ਉੱਤਰ-ਪੂਰਬ ਅਰਕਾਂਸਸ ਵਿੱਚ ਤੂਫ਼ਾਨ ਦੇ ਮੱਦੇਨਜ਼ਰ ਸੰਖੇਪ ਐਮਰਜੈਂਸੀ ਐਲਾਨੀ ਗਈ। ਕੌਮੀ ਮੌਸਮ ਸੇਵਾ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਲੋਕਾਂ ਨੂੰ ਅਪੀਲ ਕੀਤੀ, ‘‘ਇਹ ਖ਼ਤਰਨਾਕ ਸਥਿਤੀ ਹੈ। ਕ੍ਰਿਪਾ ਕਰ ਕੇ ਘਰਾਂ ਵਿੱਚ ਰਹੋ।’’ ਬੁੱਧਵਾਰ ਸ਼ਾਮ ਨੂੰ ਅਰਕਾਂਸਸ, ਇਲੀਨੌਇ, ਮਿਸੂਰੀ ਅਤੇ ਮਿਸੀਸਿਪੀ ਦੇ ਕੁਝ ਹਿੱਸਿਆਂ ਵਿੱਚ ਤੂਫ਼ਾਨ ਅਤੇ ਵਾਵਰੋਲੇ ਬਾਰੇ 12 ਤੋਂ ਵੱਧ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ। ਮੌਸਮ ਵਿਗਿਆਨੀਆਂ ਨੇ ਇਸ ਵਾਸਤੇ ਅਸਥਿਰ ਵਾਤਾਵਰਨ, ਤੇਜ਼ ਹਵਾਵਾਂ ਅਤੇ ਖਾੜੀ ਵੱਲੋਂ ਦੇਸ਼ ਦੇ ਮੱਧ ਭਾਗ ਵਿੱਚ ਆਉਣ ਵਾਲੀ ਨਮੀ ਤੇ ਦਿਨ ਦੇ ਸਮੇਂ ਦੀ ਗਰਮੀ ਨੂੰ ਜ਼ਿੰਮੇਵਾਰ ਦੱਸਿਆ ਹੈ।
ਕੇਐੱਫਵੀਐੱਸ-ਟੀਵੀ ਨੇ ਦੱਸਿਆ ਕਿ ਦੱਖਣ-ਪੂਰਬੀ ਮਿਸੂਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇੰਡੀਆਨਾਪੋਲਿਸ ਦੇ ਇੱਕ ਉਪ ਨਗਰ ਵਿੱਚ ਇੱਕ ਗੋਦਾਮ ਦਾ ਹਿੱਸਾ ਢਹਿ-ਢੇਰੀ ਹੋ ਗਿਆ, ਜਿਸ ਵਿੱਚ ਇੱਕ ਵਿਅਕਤੀ ਫਸ ਗਿਆ। ਆਗਾਮੀ ਦਿਨਾਂ ਵਿੱਚ ਦੱਖਣ ਅਤੇ ਮੱਧ-ਪੱਛਮੀ ਖੇਤਰ ਵਿੱਚ ਸੰਭਾਵੀ ਤੌਰ ’ਤੇ ਭਾਰੀ ਹੜ੍ਹਾਂ ਦਾ ਖ਼ਤਰਾ ਵੀ ਹੈ ਕਿਉਂਕਿ ਪੂਰਬ ਵੱਲ ਵਧ ਰਿਹਾ ਖ਼ਤਰਨਾਕ ਤੂਫ਼ਾਨ ਵੱਡਾ ਹੁੰਦਾ ਜਾ ਰਿਹਾ ਹੈ। ਕੌਮੀ ਮੌਸਮ ਸੇਵਾ ਨੇ ਕਿਹਾ ਕਿ ਤਾਕਤਵਰ ਤੂਫ਼ਾਨ ਕਰ ਕੇ ਸ਼ਨਿੱਚਰਵਾਰ ਤੱਕ ਰੋਜ਼ਾਨਾ ਹੜ੍ਹਾਂ ਦਾ ਖ਼ਤਰਾ ਰਹੇਗਾ। ਅਗਲੇ ਚਾਰ ਦਿਨਾਂ ਵਿੱਚ 30 ਸੈਂਟੀਮੀਟਰ ਤੋਂ ਵੱਧ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ। -ਏਪੀ