3 killed in Waqf-related violence: ਵਕਫ਼ ਕਾਨੂੰਨ ਦਾ ਵਿਰੋਧ: ਬੰਗਾਲ ਦੇ ਮੁਰਸ਼ਿਦਾਬਾਦ ’ਚ ਹਿੰਸਾ ਨਾਲ ਤਿੰਨ ਮੌਤਾਂ
ਕੋਲਕਾਤਾ, 12 ਅਪਰੈਲ
ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ’ਚ ਵਕਫ (ਸੋਧ) ਕਾਨੂੰਨ ਵਿਰੁੱਧ ਚੱਲ ਰਹੇ ਪ੍ਰਦਰਸ਼ਨਾਂ ਨਾਲ ਜੁੜੀਆਂ ਹਿੰਸਕ ਝੜਪਾਂ ’ਚ ਪਿਓ-ਪੁੱਤ ਸਣੇ ਤਿੰਨ ਜਣਿਆਂ ਦੀ ਮੌਤ ਹੋ ਗਈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੀਆਂ ਲਾਸ਼ਾਂ ਹਿੰਸਾ ਪ੍ਰਭਾਵਿਤ ਸਮਸੇਰਗੰਜ ਇਲਾਕੇ ’ਚ ਸਥਿਤ ਜਾਫਰਾਬਾਦ ਵਿਚਲੀ ਉਨ੍ਹਾਂ ਦੀ ਰਿਹਾਇਸ਼ ’ਚੋਂ ਬਰਾਮਦ ਹੋਈਆਂ ਹਨ। ਦੋਵਾਂ ਦੀਆਂ ਲਾਸ਼ਾਂ ’ਤੇ ਚਾਕੂ ਦੇ ਨਿਸ਼ਾਨ ਹਨ। ਅਧਿਕਾਰੀ ਅਨੁਸਾਰ ਕੁੱਝ ਵਿਅਕਤੀ ਉਨ੍ਹਾਂ ਦੇ ਘਰ ’ਚੋਂ ਸਾਮਾਨ ਲੁੱਟਣ ਮਗਰੋਂ ਉਨ੍ਹਾਂ ਦਾ ਚਾਕੂ ਨਾਲ ਕਤਲ ਕਰਕੇ ਚਲੇ ਗਏ। ਇਕ ਹੋਰ ਘਟਨਾ ’ਚ ਸਮਸੇਰਗੰਜ ਬਲਾਕ ਦੇ ਧੂਲੀਆਂ ’ਚ ਇਕ ਹੋਰ ਵਿਅਕਤੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ। ਹਿੰਸਕ ਝੜਪਾਂ ਕਾਰਨ ਇਲਾਕੇ ਵਿੱਚ ਵੱਡੀ ਗਿਣਤੀ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।
ਦੂਜੇ ਪਾਸੇ ਕਲਕੱਤਾ ਹਾਈ ਕੋਰਟ ਨੇ ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਵਿੱਚ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ (ਸੀਏਪੀਐਫ) ਦੀ ਤਾਇਨਾਤੀ ਕਰਨ ਦਾ ਆਦੇਸ਼ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਖੇਤਰ ਵਿੱਚ ਸ਼ਾਂਤੀ ਅਤੇ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਨਾਗਰਿਕਾਂ ਨੂੰ ਲੋੜੀਂਦੀ ਸੁਰੱਖਿਆ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ। ਇੱਥੇ ਹਿੰਸਾ ਕਾਰਨ ਤਿੰਨ ਜਣੇ ਮਾਰੇ ਗਏ ਹਨ ਅਤੇ ਹਿੰਸਾ ਦੇ ਸਬੰਧ ਵਿੱਚ 150 ਤੋਂ ਵੱਧ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਸਟਿਸ ਸੌਮੇਨ ਸੇਨ ਦੀ ਪ੍ਰਧਾਨਗੀ ਵਾਲੇ ਡਿਵੀਜ਼ਨ ਬੈਂਚ ਨੇ ਮੁਰਸ਼ਿਦਾਬਾਦ ਦੇ ਪ੍ਰਭਾਵਿਤ ਖੇਤਰਾਂ ਵਿੱਚ ਸੀਏਪੀਐਫ ਦੀ ਤਾਇਨਾਤੀ ਦਾ ਹੁਕਮ ਦਿੱਤਾ ਤਾਂ ਕਿ ਆਮ ਸਥਿਤੀ ਨੂੰ ਬਹਾਲ ਕਰਨ ਵਿੱਚ ਮਦਦ ਕੀਤੀ ਜਾ ਸਕੇ। ਕੇਂਦਰੀ ਬਲ ਰਾਜ ਪ੍ਰਸ਼ਾਸਨ ਦੇ ਤਾਲਮੇਲ ਨਾਲ ਕੰਮ ਕਰਨਗੇ। ਅਦਾਲਤ ਨੇ ਸੂਬਾ ਸਰਕਾਰ ਅਤੇ ਕੇਂਦਰ ਦੋਵਾਂ ਨੂੰ ਸਥਿਤੀ ਬਾਰੇ ਵਿਸਤ੍ਰਿਤ ਰਿਪੋਰਟ ਪੇਸ਼ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ।