Kailash Mansarovar Yatra: ਕੈਲਾਸ਼ ਮਾਨਸਰੋਵਰ ਯਾਤਰਾ ਇਸ ਸਾਲ ਮੁੜ ਸ਼ੁਰੂ ਹੋਵੇਗੀ: ਵਿਦੇਸ਼ ਮੰਤਰਾਲਾ
ਨਵੀਂ ਦਿੱਲੀ, 17 ਅਪਰੈਲ
ਭਾਰਤ ਅਤੇ ਚੀਨ ਕੈਲਾਸ਼ ਮਾਨਸਰੋਵਰ ਯਾਤਰਾ ਮੁੜ ਸ਼ੁਰੂ ਕਰਨ ਲਈ ਤਿਆਰ ਹਨ। ਇਹ ਧਾਰਮਿਕ ਯਾਤਰਾ ਤਿੱਬਤ ਵਿੱਚ ਕੈਲਾਸ਼ ਪਰਬਤ ਅਤੇ ਝੀਲ ਮਾਨਸਰੋਵਰ ਤਕ ਕੀਤੀ ਜਾਂਦੀ ਹੈ ਜੋ ਸਾਲ 2020 ਤੋਂ ਬੰਦ ਪਈ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਇਸ ਯਾਤਰਾ ਦੇ ਇਸ ਸਾਲ ਸ਼ੁਰੂ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਸਬੰਧੀ ਤਿਆਰੀਆਂ ਚੱਲ ਰਹੀਆਂ ਹਨ ਅਤੇ ਜਲਦੀ ਹੀ ਇੱਕ ਜਨਤਕ ਨੋਟਿਸ ਜਾਰੀ ਕੀਤਾ ਜਾਵੇਗਾ।
ਜੈਸਵਾਲ ਨੇ ਕਿਹਾ, ‘ਕੈਲਾਸ਼ ਮਾਨਸਰੋਵਰ ਯਾਤਰਾ ਇਸ ਸਾਲ ਹੋਵੇਗੀ ਅਤੇ ਅਸੀਂ ਤਿਆਰੀਆਂ ਕਰ ਰਹੇ ਹਾਂ। ਅਸੀਂ ਜਲਦੀ ਹੀ ਕੈਲਾਸ਼ ਮਾਨਸਰੋਵਰ ਯਾਤਰਾ ਬਾਰੇ ਇੱਕ ਜਨਤਕ ਨੋਟਿਸ ਜਾਰੀ ਕਰਾਂਗੇ। ਯਾਤਰਾ ਦੇ ਜਲਦੀ ਹੀ ਮੁੜ ਸ਼ੁਰੂ ਹੋਣ ਦੀ ਸੰਭਾਵਨਾ ਹੈ। ਕੈਲਾਸ਼ ਮਾਨਸਰੋਵਰ ਯਾਤਰਾ ਕੋਵਿਡ -19 ਮਹਾਂਮਾਰੀ ਤੋਂ ਬਾਅਦ ਸ਼ੁਰੂ ਨਹੀਂ ਹੋ ਸਕੀ। ।
ਦੋਵੇਂ ਦੇਸ਼ ਸਿੱਧੇ ਹਵਾਈ ਸੇਵਾਵਾਂ ਨੂੰ ਮੁੜ ਸ਼ੁਰੂ ਕਰਨ ਲਈ ਸਿਧਾਂਤਕ ਤੌਰ ’ਤੇ ਸਹਿਮਤ ਹੋਏ ਹਨ। ਇਸ ਸਬੰਧੀ ਤਕਨੀਕੀ ਟੀਮਾਂ ਰੂਪ-ਰੇਖਾ ਤੈਅ ਕਰਨ ’ਤੇ ਚਰਚਾ ਕਰ ਰਹੀਆਂ ਹਨ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਜਨਵਰੀ 2025 ਵਿੱਚ ਭਾਰਤੀ ਵਿਦੇਸ਼ ਸਕੱਤਰ ਵਿਕਰਮ ਮਿਸ਼ਰੀ ਦੀ ਬੀਜਿੰਗ ਫੇਰੀ ਦੌਰਾਨ ਦੋਵਾਂ ਦੇਸ਼ਾਂ ਨੇ ਸਿੱਧੀਆਂ ਉਡਾਣਾਂ ਮੁੜ ਸ਼ੁਰੂ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ।
ਜੈਸਵਾਲ ਨੇ ਕਿਹਾ, ‘ਸਿਧਾਂਤਕ ਤੌਰ ’ਤੇ ਦੋਵੇਂ ਦੇਸ਼ ਇਸ ਗੱਲ ’ਤੇ ਸਹਿਮਤ ਹੋਏ ਹਨ ਕਿ ਇਸ ਸਬੰਧੀ ਉਡਾਣਾਂ ਮੁੜ ਸ਼ੁਰੂ ਕੀਤੀਆਂ ਜਾਣਗੀਆਂ।’