ਅਮਨ ਸ਼ਾਂਤੀ ਲਈ ਅਤੇ ਜੰਗ ਦੇ ਵਿਰੋਧ ’ਚ ਮਾਰਚ
ਸੰਗਰੂਰ, 9 ਮਈ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਅਗਵਾਈ ਹੇਠ ਪਾਰਟੀ ਆਗੂਆਂ ਅਤੇ ਵਰਕਰਾਂ ਵਲੋਂ ਅਮਨ ਸ਼ਾਂਤੀ ਲਈ ਅਤੇ ਜੰਗ ਦੇ ਵਿਰੋਧ ਵਿੱਚ ਮਾਰਚ ਕੀਤਾ ਗਿਆ। ਪਾਰਟੀ ਵਰਕਰਾਂ ਨੇ ਹੱਥਾਂ ਵਿਚ ਅਮਨ ਦੇ ਨਾਅਰਿਆਂ ਵਾਲੇ ਬੈਨਰ ਅਤੇ ਪੋਸਟਰ ਫੜੇ ਹੋਏ ਸਨ ਅਤੇ ਉਹ ਜੰਗ ਵਿਰੋਧੀ ਨਾਅਰੇ ਲਗਾ ਰਹੇ ਸਨ। ਮਾਰਚ ਦੌਰਾਨ ਆਪਸੀ ਭਾਈਚਾਰਕ ਸਾਂਝ ਅਤੇ ਅਮਨ ਸ਼ਾਂਤੀ ਬਣਾਈ ਰੱਖਣ ਦਾ ਸੱਦਾ ਦਿੱਤਾ।
ਸਥਾਨਕ ਧੂਰੀ ਰੋਡ ਸਥਿਤ ਗੁਰਦੁਆਰਾ ਸਾਹਿਬ ਮਹਿਲ ਮੁਬਾਰਕ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਤੇ ਵਰਕਰ ਇਕੱਠੇ ਹੋਏ, ਜਿੱਥੋਂ ਅਮਨ ਲਈ ਅਤੇ ਜੰਗ ਵਿਰੋਧੀ ਮਾਰਚ ਸ਼ੁਰੂ ਹੋਇਆ, ਜੋ ਕਿ ਭਗਵਾਨ ਮਹਾਂਵੀਰ ਚੌਕ, ਲਾਲ ਬੱਤੀ ਚੌਕ, ਧੂਰੀ ਗੇਟ ਬ;ਜ਼ਾਰ, ਸਦਰ ਬਾਜ਼ਾਰ, ਵੱਡਾ ਚੌਕ ਆਦਿ ਹੁੰਦਾ ਹੋਇਆ ਪਟਿਆਲਾ ਗੇਟ ਚੌਕ ਤੱਕ ਪੁੱਜਿਆ। ਮਾਰਚ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਨੈਬ ਸਿੰਘ ਰਾਮਪੁਰਾ, ਜ਼ਿਲ੍ਹਾ ਯੂਥ ਵਿੰਗ ਪ੍ਰਧਾਨ ਸਤਨਾਮ ਸਿੰਘ ਰੱਤੋਕੇ, ਜਥੇਦਾਰ ਬਹਾਦਰ ਸਿੰਘ ਭਸੌੜ, ਜਥੇਦਾਰ ਹਰਜੀਤ ਸਿੰਘ ਸਜੂਮਾਂ, ਪਰਗਟ ਸਿੰਘ ਗਾਗਾ ਅਤੇ ਨਰਿੰਦਰ ਸਿੰਘ ਕਾਲਾਬੂਲਾ ਨੇ ਕਿਹਾ ਕਿ ਜੰਗ ਦੌਰਾਨ ਨੁਕਸਾਨ ਹਮੇਸ਼ਾ ਪੰਜਾਬ ਨੂੰ ਝੱਲਣਾ ਪਿਆ ਹੈ। ਇਸ ਇਲਾਕੇ ਵਿਚ ਜੰਗ ਦੀ ਗੱਲ ਕਰਨਾ ਨਾ ਸਿਰਫ਼ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੇ ਵਿਰੁੱਧ ਹੈ ਬਲਕਿ ਆਮ ਲੋਕਾਂ ਦੀ ਜਾਨ ਮਾਲ ਲਈ ਵੀ ਵੱਡਾ ਖ਼ਤਰਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਰ ਹਾਲਤ ਵਿਚ ਜੰਗ ਦਾ ਵਿਰੋਧ ਕਰਦਾ ਹੈ ਅਤੇ ਅਮਨ ਸ਼ਾਂਤੀ ਲਈ ਕਿਸੇ ਵੀ ਪੱਧਰ ’ਤੇ ਹਰ ਸੰਭਵ ਕੋਸ਼ਿਸ਼ ਕਰਨ ਨੂੰ ਤਿਆਰ ਹੈ। ਉਨ੍ਹਾਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਰਾਜਨੀਤਕ ਲਾਭ ਲਈ ਜੰਗੀ ਮਾਹੌਲ ਨਾ ਬਣਾਇਆ ਜਾਵੇ ਕਿਉਂਕਿ ਇਹ ਜੰਗ ਕਿਸੇ ਵੀ ਹਾਲਤ ਵਿਚ ਲੋਕਾਂ ਦੇ ਹਿੱਤ ਵਿਚ ਨਹੀਂ ਹੈ। ਮਾਰਚ ਦੇ ਅੰਤ ਵਿਚ ਅਮਨ ਸ਼ਾਂਤੀ ਲਈ ਗੁੁਰਦੁਆਰਾ ਸਾਹਿਬ ਵਿਖੇ ਅਰਦਾਸ ਕੀਤੀ ਗਈ।
ਮਾਰਚ ਵਿਚ ਪਾਰਟੀ ਆਗੂ ਜਥੇਦਾਰ ਅਮਰਜੀਤ ਸਿੰਘ ਬਾਦਸ਼ਾਹਪੁਰ, ਅਮਰਜੀਤ ਸਿੰਘ ਗਿੱਲ, ਗੋਲੂ ਪਹਿਲਵਾਨ, ਬੀਬੀ ਹਰਪਾਲ ਕੌਰ, ਬੀਬੀ ਬਲਜੀਤ ਕੌਰ ਜਖੇਪਲ, ਜਸਵਿੰਦਰ ਸਿੰਘ ਬੀਂਬੜ, ਹਰਚਰਨ ਸਿੰਘ ਭਸੌੜ, ਡਾ. ਬਿਨੇਪਾਲ ਸਿੰਘ ਘਨੌਰ, ਸੁਖਵਿੰਦਰ ਸਿੰਘ ਬਲਿਆਲ, ਗੁਰਦਰਸ਼ਲ ਸਿੰਘ ਬਾਲਦ ਕਲਾਂ, ਅਰਸ਼ਦੀਪ ਸਿੰਘ, ਹਰਵਿੰਦਰ ਸਿੰਘ ਜੇਜੀਆਂ, ਹਰਬੰਸ ਸਿੰਘ ਜੈਨਪੁਰ, ਗੁਰਪ੍ਰੀਤ ਸਿੰਘ ਦੁੱਗਾਂ, ਸੁਖਵੀਰ ਸਿੰਘ ਛਾਜਲੀ ਅਤੇ ਗੁਰਜੀਤ ਸਿੰਘ ਗਾਗਾ ਸ਼ਾਮਲ ਸਨ।