ਅਪਰੇਸ਼ਨ ‘ਸੰਪਰਕ’ ਤਹਿਤ ਸਪੈਸ਼ਲ ਡੀਜੀਪੀ ਰੇਲਵੇ ਵੱਲੋਂ ਪੁਲੀਸ ਪਬਲਿਕ ਮੀਟਿੰਗ
ਅੰਮ੍ਰਿਤਸਰ, 16 ਅਪਰੈਲ
ਨਸ਼ਿਆਂ ਖ਼ਿਲਾਫ਼ ਚੱਲ ਰਹੀ ਮੁਹਿੰਮ ਤਹਿਤ ਕਮਿਸ਼ਨਰੇਟ ਪੁਲੀਸ ਅੰਮ੍ਰਿਤਸਰ ਵੱਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਵਿੱਚ ਅਪਰੇਸ਼ਨ ‘ਸੰਪਰਕ’ ਤਹਿਤ ਪੁਲੀਸ ਪਬਲਿਕ ਮੀਟਿੰਗ ਕਰਵਾਈ ਗਈ ਜਿਸ ਵਿੱਚ ਰੇਲਵੇ ਦੀ ਸਪੈਸ਼ਲ ਡੀਜੀਪੀ ਸ੍ਰੀਮਤੀ ਸ਼ਸ਼ੀ ਪ੍ਰਭਾ ਦਿਵੇਦੀ ਨੇ ਲੋਕਾਂ ਨਾਲ ਇਸ ਮੁਹਿੰਮ ਬਾਰੇ ਚਰਚਾ ਕੀਤੀ।
ਸਪੈਸ਼ਲ ਡੀਜੀਪੀ ਨਾਲ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ ਜਿਨ੍ਹਾਂ ਇਲਾਕੇ ਦੇ ਕੌਂਸਲਰ ਅਤੇ ਵਸਨੀਕਾਂ ਦੇ ਨਾਲ ਚਰਚਾ ਕੀਤੀ। ਇਸ ਦੌਰਾਨ ਲੋਕਾਂ ਦੇ ਸੁਝਾਅ ਤੇ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਵੀ ਸੁਣਿਆ ਗਿਆ। ਸਪੈਸ਼ਲ ਡੀਜੀਪੀ ਸ਼ਸ਼ੀ ਪ੍ਰਭਾ ਦੁਵੇਦੀ ਨੇ ਕਿਹਾ ਕਿ ਨਸ਼ੇ ਦਾ ਧੰਦਾ ਕਰਨ ਵਾਲਿਆਂ ਖਿਲਾਫ਼ ਪੁਲੀਸ ਵੱਲੋਂ ਸਖ਼ਤੀ ਨਾਲ ਜ਼ੀਰੋ ਟੋਲਰੈਂਸ ਨੀਤੀ ਹੇਠ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਜਿਸ ਤਹਿਤ ਪੁਲੀਸ ਵੱਲੋਂ ਜਨਤਕ ਥਾਵਾਂ, ਸਕੂਲਾਂ ਤੇ ਕਾਲਜਾਂ ਵਿੱਚ ਅਤੇ ਹੋਰ ਅਦਾਰਿਆਂ ਵਿੱਚ ਅਪਰੇਸ਼ਨ ‘ਸੰਪਰਕ’ ਤਹਿਤ ਪੁਲੀਸ ਪਬਲਿਕ ਮੀਟਿੰਗ ਕਰ ਕੇ ਲੋਕਾਂ ਨੂੰ ਨਸ਼ਿਆਂ ਤੋਂ ਹੋਣ ਵਾਲੇ ਨੁਕਸਾਨਾਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ। ਇਸੇ ਤਹਿਤ ਨਸ਼ਿਆਂ ਵਿੱਚ ਫਸ ਚੁੱਕੇ ਲੋਕਾਂ ਨੂੰ ਇਸ ਤੋਂ ਬਾਹਰ ਕੱਢਣ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਅਜਿਹੇ ਲੋਕਾਂ ਨੂੰ ਨਸ਼ੇ ਛਡਾਊ ਕੇਂਦਰਾਂ ਵਿੱਚ ਭੇਜ ਕੇ ਉਨ੍ਹਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ। ਉਨਾ ਇਸ ਮਾਮਲੇ ਵਿੱਚ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ।
ਇਸ ਦੌਰਾਨ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪਿਛਲੇ ਤਿੰਨ ਮਹੀਨੇ ਦੌਰਾਨ ਇਸ ਮੁਹਿੰਮ ਤਹਿਤ ਐਨਡੀਪੀਐਸ ਐਕਟ ਹੇਠ 243 ਕੇਸ ਦਰਜ ਕੀਤੇ ਗਏ ਹਨ ਅਤੇ 489 ਨਸ਼ਾ ਤਸਕਰ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਅਤੇ ਸ਼ਾਂਤੀ ਭੰਗ ਕਰਨ ਵਾਲੇ ਮਾੜੇ ਅਨਸਰਾਂ ਖਿਲਾਫ਼ ਪੁਲੀਸ ਨੂੰ ਸਹਿਯੋਗ ਦਿੱਤਾ ਜਾਵੇ। ਇਸ ਸਬੰਧ ਵਿੱਚ ਪੁਲੀਸ ਹੈਲਪਲਾਈਨ ਨੰਬਰ 112 ਅਤੇ ਕੰਟਰੋਲ ਰੂਮ ਦੇ ਮੋਬਾਈਲ ਨੰਬਰ ਤੇ ਸੂਚਨਾ ਦਿੱਤੀ ਜਾਵੇ।