ਅਨੇਕਾਂ ਕਹਾਣੀਆਂ ਦਾ ਸੁਮੇਲ ਹਨ ਜਸਵਿੰਦਰ ਦੀਆਂ ਕਲਾਕ੍ਰਿਤਾਂ
ਸਤਵਿੰਦਰ ਬਸਰਾ
ਲੁਧਿਆਣਾ, 17 ਮਾਰਚ
ਮੂਰਤੀ ਕਲਾ ਇੱਕ ਅਜਿਹੀ ਕਲਾ ਹੈ, ਜਿਸ ਰਾਹੀਂ ਕਲਾਕਾਰ ਬਿਨਾਂ ਕੋਈ ਸ਼ਬਦ ਬੋਲਿਆਂ ਆਪਣੀ ਗੱਲ ਨੂੰ ਸਮਝਾ ਦਿੰਦਾ ਹੈ। ਜਸਵਿੰਦਰ ਸਿੰਘ ਵੀ ਇੱਕ ਅਜਿਹਾ ਹੀ ਕਲਾਕਾਰ ਹੈ, ਜਿਸ ਨੇ ਕਰੋਨਾ, ਕਿਸਾਨ ਸੰਘਰਸ਼ ਅਤੇ ਸਰਹੱਦਾਂ ਦੀ ਤ੍ਰਾਸਦੀ ਨੂੰ ਆਪਣੀਆਂ ਕਲਾਕ੍ਰਿਤਾਂ ਰਾਹੀਂ ਬਾਖੂਬੀ ਬਿਆਨ ਕੀਤਾ ਹੈ। ਉਹ ਪੰਜਾਬੀ ਭਵਨ ਵਿੱਚ ਆਪਣੀਆਂ ਕਲਾਕ੍ਰਿਤਾਂ ਲੈ ਕੇ ਪਹੁੰਚਿਆ ਹੋਇਆ ਹੈ।
ਦੋ ਦੇਸ਼ਾਂ ਦੀ ਸਰਹੱਦ ਸਿਰਫ ਕੰਡਿਆਂ ਦੀ ਤਾਰ ਜਾਂ ਦੀਵਾਰ ਹੀ ਨਹੀਂ ਹੁੰਦੀ, ਸਗੋਂ ਦੋਵਾਂ ਪਾਸੇ ਤਾਇਨਾਤ ਫੌਜੀਆਂ ਵਿੱਚ ਸੰਘਰਸ਼ ਵੀ ਚੱਲਦਾ ਰਹਿੰਦਾ ਹੈ। ਅਜਿਹੇ ਹਾਲਾਤਾਂ ਨੂੰ ਬਿਆਨ ਕਰਨ ਲਈ ਹਜ਼ਾਰਾਂ ਕਿਤਾਬਾਂ ਲਿਖੀਆਂ ਜਾ ਸਕਦੀਆਂ ਹਨ ਪਰ ਜਸਵਿੰਦਰ ਸਿੰਘ ਨਾਂ ਦੇ ਮੂਰਤੀਕਾਰ ਵੱਲੋਂ ਆਪਣੀ ਇੱਕ ਹੀ ਕਲਾਕ੍ਰਿਤ ਰਾਹੀਂ ਸਭ ਕੁਝ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਉਸ ਨੇ ਛੱਲਣੀ ਹੋਈਆਂ ਦੋ ਬੰਦੂਕਾਂ ਦੀ ਕਲਾਕ੍ਰਿਤ ਦਿਖਾ ਕੇ ਸਰਹੱਦਾਂ ਦੇ ਦੁਖਾਂਤ ਨੂੰ ਸਮਝਾਉਣ ਦੇ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਇਸੇ ਤਰ੍ਹਾਂ ਜਸਵਿੰਦਰ ਨੇ ਪਹਿਲੇ ਕਿਸਾਨੀ ਸੰਘਰਸ਼ ਸਮੇਂ ਕਣਕ ਦੀਆਂ ਰੋਟੀਆਂ ’ਤੇ ਕਿਸਾਨ ਅਤੇ ਬਾਬੇ ਨਾਨਕ ਦੀ ਕਿਰਤ ਵਾਲੀ ਕਲਾਕ੍ਰਿਤ ਬਣਾ ਕੇ ਨਾ ਸਿਰਫ ਕਿਸਾਨੀ ਸੰਘਰਸ਼ ਵਿੱਚ ਬਣਦਾ ਯੋਗਦਾਨ ਪਾਇਆ ਸਗੋਂ ਕਿਸਾਨੀ ਕਿੱਤੇ ਦੀਆਂ ਮੁਸ਼ਕਲਾਂ ਨੂੰ ਵੀ ਬਾਖੂਬੀ ਦਿਖਾਇਆ। ਇੱਥੇ ਹੀ ਨਹੀਂ ਜਸਵਿੰਦਰ ਨੇ ਕਰੋਨਾ ਸਮੇਂ ਵੀ ਅਜਿਹੀਆਂ ਕਲਾਕ੍ਰਿਤਾਂ ਤਿਆਰ ਕੀਤੀਆਂ ਜੋ ਇਸ ਤ੍ਰਾਸਦੀ ਦੌਰਾਨ ਮਰੇ ਅਨੇਕਾਂ ਲੋਕਾਂ, ਬਿਮਾਰੀ ਦੇ ਬਣੇ ਰਹਿਸ, ਗਲੋਬਲ ’ਤੇ ਫੈਲੀ ਇਸ ਦੀ ਦਹਿਸ਼ਤ ਨੂੰ ਬਾਖੂਬੀ ਦਰਸਾ ਰਹੀਆਂ ਹਨ। ਉਸ ਵੱਲੋਂ ਹਾਕਮਾਂ ਦੀ ਦੁਰਦਸ਼ਾ ਨੂੰ ਦਰਸਾਉਂਦੀ ਕਲਾਕ੍ਰਿਤੀ ਸਾਰਿਆਂ ਲਈ ਖਿੱਚ ਦਾ ਕੇਂਦਰ ਬਣ ਰਹੀ ਹੈ। ਇਸ ਕਲਾਕ੍ਰਿਤ ਵਿੱਚ ਉਸ ਨੇ ਕਿੱਲਾਂ ਦੇ ਵਿੱਚ ਘਿਰੀ ਹਥੌੜੀ ਦਿਖਾਈ ਗਈ ਹੈ। ਉਸ ਦਾ ਮੰਨਣਾ ਹੈ ਕਿ ਹਥੌੜੀ ਕਿੱਲਾਂ ’ਤੇ ਆਪਣਾਂ ਦਬਦਬਾ ਰੱਖਦੀ ਹੈ ਪਰ ਜਦੋਂ ਕਿੱਲ੍ਹ ਇਕੱਠੇ ਹੋ ਕੇ ਹਥੌੜ੍ਹੀ ਨੂੰ ਘੇਰਾ ਪਾ ਲੈਣ ਤਾਂ ਉਸ ਦੀ ਤਾਕਤ ਖਤਮ ਹੋ ਜਾਂਦੀ ਹੈ। ਇਸ ਕਲਾਕ੍ਰਿਤ ਨੂੰ ਸੱਤ੍ਵਾ ’ਤੇ ਕਾਬਜ਼ ਹਰ ਆਗੂ ਨਾਲ ਵੀ ਮੇਲ ਕੇ ਦੇਖਿਆ ਜਾ ਸਕਦਾ ਹੈ।