ਅਨੀਤਾ ਮੌਦਗਿਲ ਦੀਆਂ ਦੋ ਕਿਤਾਬਾਂ ਰਿਲੀਜ਼
ਪੱਤਰ ਪ੍ਰੇਰਕ
ਯਮੁਨਾਨਗਰ, 22 ਮਾਰਚ
ਡੀਏਵੀ ਗਰਲਜ਼ ਕਾਲਜ ਦੇ ਆਡੀਟੋਰੀਅਮ ਵਿੱਚ ਡਾ. ਅਨੀਤਾ ਮੌਦਗਿਲ ਦੀਆਂ ਦੋ ਕਿਤਾਬਾਂ ਅਤੇ ਕਾਲਜ ਦਾ ਇੱਕ ਰਿਸਰਚ ਜਰਨਲ ਰਿਲੀਜ਼ ਕੀਤਾ ਗਿਆ । ਇਸ ਦੇ ਨਾਲ ਹੀ ਕਾਲਜ ਪ੍ਰਬੰਧਕਾਂ ਨੇ ਮਨੋਵਿਗਿਆਨ ਵਿਭਾਗ ਦੀ ਚੇਅਰਪਰਸਨ ਸ਼ਾਲਿਨੀ ਛਾਬੜਾ ਨੂੰ ਵੀ ਸੀਐੱਮਓ ਵੱਲੋਂ ਪ੍ਰਸੰਸਾ ਪੱਤਰ ਜਾਰੀ ਕਰਨ ’ਤੇ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਸਮਾਗਮ ਵਿੱਚ ਡੀਏਵੀ ਯੂਨੀਵਰਸਿਟੀ, ਜਲੰਧਰ ਦੀ ਸਾਬਕਾ ਰਜਿਸਟਰਾਰ ਡਾ. ਸੁਸ਼ਮਾ ਆਰੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਈ ਜਦਕਿ ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ। ਕਾਲਜ ਦਾ ਨੈਸ਼ਨਲ ਰਿਸਰਚ ਜਰਨਲ ਆਫ਼ ਸੋਸ਼ਲ ਸਾਇੰਸ, ਅਰਥ ਸ਼ਾਸਤਰ ਵਿਭਾਗ ਦੀ ਮੁਖੀ ਡਾ. ਅਨੀਤਾ ਮੌਦਗਿਲ ਵੱਲੋਂ ਲਿਖੀਆਂ ਦੋ ਪੁਸਤਕਾਂ ‘ਹਰਿਆਣਾ ਵਿੱਚ ਸੇਵਾ ਖੇਤਰ ਅਤੇ ਹਰਿਆਣਾ ਵਿੱਚ ਆਰਥਿਕ ਵਿਕਾਸ’ ਦੇ ਨਾਲ ਰਿਲੀਜ਼ ਕੀਤਾ ਗਿਆ। ਡਾ. ਅਨੀਤਾ ਮੌਦਗਿਲ ਨੇ ਕਿਹਾ ਕਿ ‘ਹਰਿਆਣਾ ਵਿੱਚ ਸੇਵਾ ਖੇਤਰ’ ਕਿਤਾਬ ਹਰਿਆਣਾ ਦੀ ਆਰਥਿਕਤਾ ਵਿੱਚ ਸੇਵਾ ਖੇਤਰ ਦੇ ਵਿਕਾਸ ਦੀ ਪ੍ਰਕਿਰਿਆ ਨੂੰ ਦਰਸਾਉਂਦੀ ਹੈ। ਇਸ ਤੋਂ ਇਲਾਵਾ ਪੁਸਤਕ ਵਿੱਚ ਰੁਜ਼ਗਾਰ ਅਤੇ ਸਬੰਧਤ ਵਿਕਾਸ ਦੇ ਸੰਦਰਭਾਂ ਦਾ ਵੀ ਵਰਣਨ ਕੀਤਾ ਗਿਆ ਹੈ। ‘ਹਰਿਆਣਾ ਵਿੱਚ ਆਰਥਿਕ ਵਿਕਾਸ’ ਕਿਤਾਬ ਹਰਿਆਣਾ ਦੇ ਆਰਥਿਕ ਵਿਕਾਸ ਦਾ ਇੱਕ ਵਿਸ਼ਲੇਸ਼ਣ ਹੈ ਅਤੇ ਨਾਲ ਹੀ ਹਰਿਆਣਾ ਦੀ ਸਥਾਪਨਾ ਤੋਂ ਬਾਅਦ ਆਰਥਿਕ ਵਿਕਾਸ ਦੀ ਪ੍ਰਕਿਰਿਆ ਦੀ ਜਾਂਚ ਕੀਤੀ ਗਈ ਹੈ।
ਇਹ ਕਿਤਾਬ ਹਰਿਆਣਾ ਦੀ ਆਰਥਿਕਤਾ ਵਿੱਚ ਉਤਪਾਦਨ ਅਤੇ ਰੁਜ਼ਗਾਰ ਦੇ ਮਾਮਲੇ ਵਿੱਚ ਹੋਏ ਵਿਕਾਸ ਬਾਰੇ ਵੀ ਗੱਲ ਕਰਦੀ ਹੈ। ਉਨ੍ਹਾਂ ਕਿਹਾ ਕਿ ਕਾਲਜ ਵੱਲੋਂ ਨੈਸ਼ਨਲ ਰਿਸਰਚ ਜਰਨਲ ਫਾਰ ਸੋਸ਼ਲ ਸਾਇੰਸ ਲਗਾਤਾਰ ਕੱਢਿਆ ਜਾ ਰਿਹਾ ਹੈ, ਜਿਸ ਦਾ ਉਦੇਸ਼ ਅਧਿਆਪਕਾਂ ਵਿੱਚ ਖੋਜ ਕਾਰਜਾਂ ਨੂੰ ਉਤਸ਼ਾਹਿਤ ਕਰਨਾ ਹੈ।