ਅਧਿਆਪਕਾਂ ਵੱਲੋਂ ਜ਼ਿਲ੍ਹਾ ਖਜ਼ਾਨਾ ਦਫ਼ਤਰ ਅੱਗੇ ਧਰਨਾ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 6 ਫਰਵਰੀ
ਸਾਂਝਾ ਅਧਿਆਪਕ ਮੋਰਚਾ ਵੱਲੋਂ ਅਧਿਆਪਕਾਂ ਦੀਆਂ ਜਨਵਰੀ ਮਹੀਨੇ ਦੀਆਂ ਤਨਖਾਹਾਂ ਦਾ ਬਜਟ ਜਾਰੀ ਨਾ ਕਰਨ ਅਤੇ ਮੋਬਾਈਲ ਭੱਤੇ ਕੱਟੇ ਜਾਣ ਦੇ ਖਿਲਾਫ਼ ਜ਼ਿਲ੍ਹਾ ਖਜ਼ਾਨਾ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਇਸ ਤੋਂ ਪਹਿਲਾਂ ਅਧਿਆਪਕ ਸਥਾਨਕ ਡੀਸੀ ਕੰਪਲੈਕਸ ਪਾਰਕ ਵਿਚ ਇਕੱਠੇ ਹੋਏ, ਜਿੱਥੋਂ ਰੋਸ ਮਾਰਚ ਕਰਦਿਆਂ ਉਹ ਜ਼ਿਲ੍ਹਾ ਖਜ਼ਾਨਾ ਦਫ਼ਤਰ ਅੱਗੇ ਪੁੱਜੇ ਅਤੇ ਰੋਸ ਧਰਨਾ ਦਿੰਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਅਧਿਆਪਕ ਆਗੂ ਗੁਰਜੰਟ ਸਿੰਘ ਬਾਲੀਆਂ, ਦੇਵੀ ਦਿਆਲ, ਅਵਤਾਰ ਸਿੰਘ ਢਢੋਗਲ, ਵਰਿੰਦਰਜੀਤ ਸਿੰਘ ਬਜਾਜ ਅਤੇ ਗੁਰਦੇਵ ਸਿੰਘ ਸਿੰਧੜਾ ਨੇ ਕਿਹਾ ਕਿ ਖਜ਼ਾਨਾ ਦਫ਼ਤਰ ਵੱਲੋਂ ਨਿਰਆਧਾਰ ਜ਼ੁਬਾਨੀ ਉਦੇਸ਼ਾਂ ਰਾਹੀਂ ਅਧਿਆਪਕਾਂ ਦੀਆਂ ਤਨਖਾਹਾਂ ਵਿੱਚੋਂ ਜਨਵਰੀ ਮਹੀਨੇ ਦਾ ਮੋਬਾਈਲ ਭੱਤਾ ਕੱਟ ਲਿਆ ਹੈ। ਲੋੜੀਂਦਾ ਬਜਟ ਉਪਲੱਬਧ ਨਾ ਹੋਣ ਕਾਰਨ ਬਹੁਤ ਸਾਰੇ ਅਧਿਆਪਕਾਂ ਨੂੰ ਹਾਲੇ ਤੱਕ ਜਨਵਰੀ ਮਹੀਨੇ ਦੀ ਤਨਖਾਹ ਨਹੀਂ ਮਿਲੀ। ਮੋਬਾਈਲ ਭੱਤਾ ਕੱਟੇ ਜਾਣ ਅਤੇ ਤਨਖਾਹ ਨਾ ਮਿਲਣ ਕਾਰਨ ਅਧਿਆਪਕਾਂ ਵਿਚ ਭਾਰੀ ਰੋਸ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਿੱਖਿਆ ਮੰਤਰੀ ਨਾਲ ਹੋਈ ਮੀਟਿੰਗ ਦੇ ਫੈਸਲਿਆਂ ਨੂੰ ਅਧਿਕਾਰੀਆਂ ਵੱਲੋਂ ਲਾਗੂ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਕੱਟਿਆ ਮੋਬਾਈਲ ਭੱਤਾ ਤੁਰੰਤ ਬਹਾਲ ਕੀਤਾ ਜਾਵੇ ਅਤੇ ਅਧਿਆਪਕਾਂ ਨੂੰ ਜਨਵਰੀ ਮਹੀਨੇ ਦੀ ਤਨਖਾਹ ਤੁਰੰਤ ਜਾਰੀ ਕੀਤੀ ਜਾਵੇ। ਜੇਕਰ ਅਧਿਆਪਕ ਮੰਗਾਂ ਦਾ ਤੁਰੰਤ ਨਿਬੇੜਾ ਨਾ ਕੀਤਾ ਗਿਆ ਤਾਂ ਸਾਂਝਾ ਅਧਿਆਪਕ ਮੋਰਚਾ ਵੱਲੋਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਉਪਰੰਤ ਸਾਂਝਾ ਅਧਿਆਪਕ ਮੋਰਚਾ ਦੇ ਆਗੂਆਂ ਨੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦੇ ਨਾਂ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਰੋਸ ਪੱਤਰ ਦਿੱਤਾ। ਇਸ ਮੌਕੇ ਬਾਰਾ ਸਿੰਘ, ਰਾਮ ਚੰਦ ਸ਼ਰਮਾ, ਹਰਚੰਦ ਸਿੰਘ, ਸਰਬਜੀਤ ਸਿੰਘ ਪੁੰਨਾਂਵਾਲ, ਇੰਦਰਪਾਲ, ਹਰਵਿੰਦਰ ਸਿੰਘ ਮੋਤੀ, ਅਵਤਾਰ ਸਿੰਘ ਭਲਵਾਨ, ਤਰਨਜੀਤ ਕੌਰ, ਸੁਨੀਲ ਕੁਮਾਰ, ਅਮਨਦੀਪ ਪਾਪੜ੍ਹਾ, ਅਮਰੀਕ ਸਿੰਘ, ਦਰਸ਼ਨ ਸਿੰਘ, ਅਮਨਦੀਪ ਸਿੰਘ ਗੁਰਵਿੰਦਰ ਸਿੰਘ ਮਹਾਂਵੀਰ ਸਿੰਘ ਹਾਜ਼ਰ ਸਨ।
ਸੇਵਾਮੁਕਤੀ ਦੀ ਉਮਰ ਘਟਾਉਣ ‘ਤੇ ਕਾਲਜ ਅਧਿਆਪਕਾਂ ‘ਚ ਰੋਸ
ਮਸਤੂਆਣਾ ਸਾਹਿਬ (ਐੱਸਐੱਸ ਸੱਤੀ): ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਦੇ ਅਧਿਆਪਕਾਂ ਨੇ ਆਪਣੀਆਂ ਹੱਕੀ ਮੰਗਾਂ ਸਬੰਧੀ ਪੰਜਾਬ ਸਰਕਾਰ ਖ਼ਿਲਾਫ ਪ੍ਰਦਰਸ਼ਨ ਕੀਤਾ। ਪੰਜਾਬ ਅਤੇ ਚੰਡੀਗੜ੍ਹ ਟੀਚਰਜ਼ ਯੂਨੀਅਨ ਦੇ ਸੱਦੇ ‘ਤੇ ਕਾਲਜ ਦੇ ਗੇਟ ਉੱਤੇ ਦੋ ਘੰਟੇ ਦੇ ਧਰਨੇ ਵਿੱਚ ਵੱਖ-ਵੱਖ ਬੁਲਰਿਆਂ ਨੇ ਉੱਚ-ਸਿੱਖਿਆ ਵਿਭਾਗ ਵੱਲੋਂ ਗੈਰ-ਸਰਕਾਰੀ ਕਾਲਜਾਂ ਵਿੱਚ ਕੰਮ ਕਰਦੇ ਅਧਿਆਪਕਾਂ ਦੀ ਸੇਵਾਮੁਕਤੀ ਦੀ ਉਮਰ 60 ਸਾਲ ਤੋਂ ਘਟਾ ਕੇ 58 ਸਾਲ ਕਰਨ ਦੀ ਨਿਖੇਧੀ ਕੀਤੀ। ਧਰਨੇ ਨੂੰ ਸਥਾਨਕ ਇਕਾਈ ਦੇ ਪ੍ਰਧਾਨ ਡਾ. ਸਾਰਿਕਾ ਜੈਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਨੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਅਧਿਆਪਕਾਂ ਲਈ ਯੂਜੀਸੀ ਦੇ ਸੱਤਵੇਂ ਤਨਖ਼ਾਹ ਕਮਿਸ਼ਨ ਸਬੰਧੀ ਜਾਰੀ ਕੀਤੇ ਨੋਟੀਫਿਕੇਸ਼ਨ ਵਿੱਚ ਸਰਕਾਰ ਨੇ ਗੈਰ-ਸਰਕਾਰੀ ਸਹਾਇਤਾ ਪ੍ਰਾਪਤ ਅਧਿਆਪਕਾਂ ਦੀ ਸੇਵਾਮੁਕਤੀ ਦੀ ਉਮਰ ਘਟਾ ਕੇ ਆਪਣੇ ਹੀ ਗ੍ਰਾਂਟ-ਇਨ-ਏਡ ਐਕਟ 1979 ਦੀ ਉਲੰਘਣਾ ਕੀਤੀ ਹੈ। ਕਾਲਜ ਸਕੱਤਰ ਡਾ. ਹਰਜਿੰਦਰ ਸਿੰਘ ਨੇ ਮੰਗ ਕੀਤੀ ਕਿ ਸੇਵਾਮੁਕਤੀ ਦੀ ਉਮਰ ਪਹਿਲਾਂ ਵਾਂਗ 60 ਸਾਲ ਕੀਤੀ ਜਾਵੇ। ਧਰਨੇ ਨੂੰ ਡਾ. ਨਿਰਪਜੀਤ ਸਿੰਘ, ਡਾ. ਜੋਗਿੰਦਰ ਸਿੰਘ ਅਤੇ ਪ੍ਰੋ. ਜਸਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਪ੍ਰੋ. ਰਾਕੇਸ਼ ਜੈਨ, ਪ੍ਰੋ. ਮਨੀਸ਼ਾ ਅਤੇ ਡਾ. ਸੋਨੂੰ ਹਾਜ਼ਰ ਸਨ।