ਅਜ਼ੀਮਗੜ੍ਹ ਚੌਕੀ ’ਤੇ ਗ੍ਰਨੇਡ ਹਮਲੇ ਸਬੰਧੀ ਦੋ ਮੁਲਜ਼ਮਾਂ ਵਿਰੁੱਧ ਕੇਸ ਦਰਜ
ਰਾਮ ਕੁਮਾਰ ਮਿੱਤਲ
ਗੂਹਲਾ ਚੀਕਾ, 10 ਅਪਰੈਲ
ਹਾਲ ਹੀ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ ਨੇ ਗੂਹਲਾ ਥਾਣੇ ਦੀ ਅਜ਼ੀਮਗੜ੍ਹ ਪੁਲੀਸ ਚੌਕੀ ’ਤੇ ਹਮਲਾ ਕੀਤਾ ਸੀ। ਹੁਣ ਗੂਹਲਾ ਪੁਲੀਸ ਨੇ ਵੀ ਇਹ ਗੱਲ ਮੰਨ ਲਈ ਹੈ। ਹਾਲਾਂਕਿ ਜ਼ਿਲ੍ਹਾ ਪੁਲੀਸ ਨੇ ਇਸ ਨੂੰ ਗ੍ਰਨੇਡ ਹਮਲਾ ਨਹੀਂ ਮੰਨਿਆ, ਪਰ ਉਨ੍ਹਾਂ ਨੇ ਵਿਸਫੋਟਕ ਸਮੱਗਰੀ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ। ਮਗਰੋਂ ਬੱਬਰ ਖਾਲਸਾ ਦੇ ਅਤਿਵਾਦੀ ਹੈਪੀ ਪਾਸੀਅਨ, ਗੋਪੀ ਨਵਾਂਸ਼ਹਿਰੀਆ ਅਤੇ ਮੰਨੂ ਅਗਵਾਨ, ਜਿਨ੍ਹਾਂ ਨੇ ਗ੍ਰਨੇਡ ਹਮਲੇ ਦੀ ਜ਼ਿੰਮੇਵਾਰੀ ਲਈ ਸੀ, ਵਿਰੁੱਧ ਗੂਹਲਾ ਪੁਲੀਸ ਸਟੇਸ਼ਨ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਕਾਬਲੇਗੌਰ ਹੈ ਕਿ 6 ਅਪਰੈਲ ਨੂੰ ਬੱਬਰ ਖਾਲਸਾ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਜ਼ਿੰਮੇਵਾਰੀ ਲਈ ਸੀ ਅਤੇ ਇਸ ਨਾਲ ਸਬੰਧਤ ਵੀਡੀਓ ਵੀ ਵਾਇਰਲ ਹੋਈ ਸੀ ਪਰ ਉਸ ਸਮੇਂ ਪੁਲੀਸ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਕਿਤੇ ਵੀ ਗ੍ਰਨੇਡ ਹਮਲੇ ਦੀ ਕੋਈ ਜਾਣਕਾਰੀ ਨਹੀਂ ਹੈ, ਦੂਜੇ ਪਾਸੇ ਅਜ਼ੀਮਗੜ੍ਹ ਚੌਕੀ ਦੇ ਇੰਚਾਰਜ ਦਲਬੀਰ ਸਿੰਘ ਨੇ ਕਿਹਾ ਸੀ ਕਿ ਪੱਤਿਆਂ ਨੂੰ ਅੱਗ ਲੱਗ ਗਈ ਸੀ, ਜਿਸ ਦੀ ਰਾਖ ਕੁੱਤਿਆਂ ਨੇ ਖਿਲਾਰ ਦਿੱਤੀ ਸੀ ਅਤੇ ਇੱਥੇ ਕੋਈ ਧਮਾਕਾ ਨਹੀਂ ਹੋਇਆ ਸੀ। ਦਰਅਸਲ, ਪੁਲੀਸ ਚੌਕੀ ਦੇ ਨਾਮ ਕਾਰਨ ਇਸ ਪੂਰੇ ਮਾਮਲੇ ਵਿੱਚ ਉਲਝਣ ਸੀ। ਅਤਿਵਾਦੀਆਂ ਨੇ ‘ਜਿੰਗੜ’ ਪੁਲੀਸ ਚੌਕੀ ‘ਤੇ ਗ੍ਰਨੇਡ ਹਮਲੇ ਦਾ ਦਾਅਵਾ ਕੀਤਾ ਸੀ, ਜਦੋਂਕਿ ਇਸ ਦਾ ਅਸਲ ਨਾਮ ਗੂਹਲਾ ਪੁਲੀਸ ਸਟੇਸ਼ਨ ਅਧੀਨ ਅਜ਼ੀਮਗੜ੍ਹ ਚੌਕੀ ਸੀ। ਡੀਐੱਸਪੀ ਹੈੱਡਕੁਆਰਟਰ ਸੁਸ਼ੀਲ ਪ੍ਰਕਾਸ਼ ਨੇ ਕਿਹਾ ਕਿ ਜ਼ਿੰਮੇਵਾਰੀ ਲੈਣ ਵਾਲੇ ਦੋ ਮੁਲਜ਼ਮਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਂਚ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।