ਅਕਾਲੀ ਲੀਡਰਸ਼ਿਪ ਰੁੱਸੇ ਟਕਸਾਲੀਆਂ ਨੂੰ ਮਨਾਉਣ ਲੱਗੀ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 6 ਮਈ
ਹਲਕਾ ਪੱਛਮੀ ਦੀ ਜ਼ਿਮਨੀ ਚੋਣ ਲਈ ਬੇਸ਼ੱਕ ਹਾਲੇ ਮਿਤੀ ਦਾ ਕੋਈ ਐਲਾਨ ਨਹੀਂ ਹੋਇਆ ਪਰ ਚੋਣ ਲੜਨ ਵਾਲੇ ਕੁਝ ਉਮੀਦਵਾਰਾਂ ਵੱਲੋਂ ਚੋਣ ਸਰਗਰਮੀਆਂ ਤੇਜ਼ੀ ਨਾਲ ਚਲਾਈਆਂ ਜਾ ਰਹੀਆਂ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਵੱਲੋਂ ਜਿੱਥੇ ਵੱਡੇ ਪੱਧਰ ਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਉੱਥੇ ਪਿਛਲੇ ਦਿਨਾਂ ਦੌਰਾਨ ਘਰਾਂ ਵਿੱਚ ਬੈਠੇ ਆਗੂਆਂ ਅਤੇ ਵਰਕਰਾਂ ਨੂੰ ਵੀ ਚੋਣ ਪ੍ਰਚਾਰ ਲਈ ਸਰਗਰਮ ਕਰਨ ਲਈ ਸੰਪਰਕ ਕੀਤਾ ਜਾ ਰਿਹਾ ਹੈ।
ਅੱਜ ਸਵੇਰੇ ਸਾਬਕਾ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ, ਸਾਬਕਾ ਚੇਅਰਮੈਨ ਬਾਬਾ ਅਜੀਤ ਸਿੰਘ, ਸੀਨੀਅਰ ਅਕਾਲੀ ਆਗੂ ਮਨਜੀਤ ਸਿੰਘ ਝੱਮਟ ਅਤੇ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਟਕਸਾਲੀ ਅਕਾਲੀ ਆਗੂ ਗੁਰਦੀਪ ਸਿੰਘ ਲੀਲ ਦੀ ਹਾਊਸਿੰਗ ਬੋਰਡ ਸਥਿਤ ਰਿਹਾਇਸ਼ ਵਿੱਖੇ ਪੁੱਜੇ। ਟਕਸਾਲੀ ਆਗੂ ਲੀਲ ਦਾ ਸਿਆਸੀ ਖੇਤਰ ਤੋਂ ਇਲਾਵਾ ਧਾਰਮਿਕ ਅਤੇ ਸਮਾਜਿਕ ਖੇਤਰ ਵਿਚ ਚੰਗਾ ਪ੍ਰਭਾਵ ਹੈ। ਉਹ ਅਕਾਲੀ ਦਲ ਦੇ ਬੀਸੀ ਵਿੰਗ ਹਲਕਾ ਪੱਛਮੀ ਦੇ ਇੰਚਾਰਜ, ਅਕਾਲੀ ਜੱਥਾ ਸ਼ਹਿਰੀ ਦੇ ਸੀਨੀਅਰ ਮੀਤ ਪ੍ਰਧਾਨ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀਕਲਾ ਲਈ ਹਰ ਸੰਘਰਸ਼ ਵਿੱਚ ਹਿੱਸਾ ਲਿਆ ਹੈ। ਉਹ ਪਾਰਟੀ ਦੇ ਕੁਝ ਆਗੂਆਂ ਨਾਲ ਨਾਰਾਜ਼ਗੀ ਕਾਰਨ ਪਿਛਲੇ ਸਮੇਂ ਤੋਂ ਘਰ ਬੈਠੇ ਹੋਏ ਸਨ। ਉਨ੍ਹਾਂ ਆਗੂਆਂ ਦੀ ਬੇਨਤੀ ਤੇ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਦੀ ਜਿੱਤ ਲਈ ਆਪਣੇ ਸਮੁੱਚੇ ਸਾਥੀਆਂ ਸਮੇਤ ਦਿਨ ਰਾਤ ਇੱਕ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਜਥੇਦਾਰ ਗਾਬੜ੍ਹੀਆ ਨੇ ਲੀਲ ਨੂੰ ਪਾਰਟੀ ਵਿੱਚ ਉਸ ਦੇ ਬਣਦੇ ਹੱਕ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਜਥੇਦਾਰ ਜੋਰਾ ਸਿੰਘ, ਕੁਲਦੀਪ ਸਿੰਘ ਖਾਲਸਾ, ਕੰਵਲਜੀਤ ਸਿੰਘ ਗਰੇਵਾਲ, ਸਾਬਕਾ ਥਾਣੇਦਾਰ ਰਘਬੀਰ ਸਿੰਘ, ਮਹਿੰਦਰ ਸਿੰਘ, ਜਗਦੀਸ਼ ਸਿੰਘ ਬਿੱਟੂ, ਤੇਜਿੰਦਰ ਸਿੰਘ ਲੀਲ, ਸੰਦੀਪ ਸਿੰਘ ਲੀਲ, ਸੰਦੀਪ ਸਿੰਘ ਖੋਸਾ, ਰਵਿੰਦਰ ਸਿੰਘ ਬੇਦੀ, ਰਤਨ ਚੌਪੜਾ ਅਤੇ ਭੁਪਿੰਦਰ ਸਿੰਘ ਕਾਕਾ ਆਦਿ ਵੀ ਹਾਜ਼ਰ ਸਨ।
ਦਲਜੀਤ ਸਿੰਘ ਚੀਮਾ ਨੇ ਵੀ ਮੁਲਾਕਾਤ ਕੀਤੀ
ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਬਾਅਦ ਦੁਪਹਿਰ ਸ੍ਰੀ ਲੀਲ ਦੀ ਰਿਹਾਇਸ਼ ’ਚ ਆਏ ਅਤੇ ਉਨ੍ਹਾਂ ਹਲਕਾ ਪੱੱਛਮੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਦੀ ਚੋਣ ਮੁਹਿੰਮ ਸਬੰਧੀ ਜਥੇਦਾਰ ਗਾਬੜੀਆ, ਬਾਬਾ ਅਜੀਤ ਸਿੰਘ ਅਤੇ ਲੀਲ ਨਾਲ ਬੰਦ ਕਮਰਾ ਮੀਟਿੰਗ ਕੀਤੀ। ਉਨ੍ਹਾਂ ਸ੍ਰੀ ਲੀਲ ਨੂੰ ਪਾਰਟੀ ਵਿੱਚ ਬਣਦਾ ਮਾਣ ਸਨਮਾਨ ਦੇਣ ਦਾ ਐਲਾਨ ਕਰਦਿਆਂ ਉਨ੍ਹਾਂ ਨੂੰ ਸਾਥੀਆਂ ਸਣੇ ਚੋਣ ਪ੍ਰਚਾਰ ਵਿੱਚ ਡਟਣ ਲਈ ਪ੍ਰੇਰਿਆ।