ਪਿੰਡ ਮੁਲਾਣਾ ’ਚ ਅਣ-ਅਧਿਕਾਰਤ ਕਾਲੋਨੀਆਂ ’ਤੇ ਪੀਲਾ ਪੰਜਾ ਚੱਲਿਆ
ਸਰਬਜੀਤ ਸਿੰਘ ਭੱਟੀ
ਅੰਬਾਲਾ, 16 ਅਪਰੈਲ
ਜ਼ਿਲ੍ਹਾ ਸ਼ਹਿਰੀ ਯੋਜਨਾ ਵਿਭਾਗ, ਅੰਬਾਲਾ ਦੀ ਟੀਮ ਵੱਲੋਂ ਅਰਬਨ ਏਰੀਆ ਬਰਾੜਾ ਦੇ ਪਿੰਡ ਮੁਲਾਣਾ ਜ਼ਿਲ੍ਹਾ ਅੰਬਾਲਾ ਵਿੱਚ ਲਗਪਗ 7 ਏਕੜ ਜ਼ਮੀਨ (ਖਸਰਾ ਨੰਬਰ: ਕਾਲੋਨੀ-1-91//7, 8, 14, 26/1, 26/2 ਮਿਨ, ਕਾਲੋਨੀ-2-101//13/1/1, 13/1/2, 13/2, 18/1/1, 18/1/2, ਕਾਲੋਨੀ-3-100//16/2, 17/2, 24, 25/1, 105//4/2) 'ਚ ਗੈਰ ਕਾਨੂੰਨੀ ਢੰਗ ਨਾਲ ਬਣ ਰਹੀਆਂ ਤਿੰਨ ਅਣਅਧਿਕਾਰਤ ਕਾਲੋਨੀਆਂ ਵਿੱਚ ਬਣਾਈਆਂ ਗਈਆਂ ਸੜਕਾਂ ਨੂੰ ਜੇਸੀਬੀ ਮਸ਼ੀਨਾਂ ਨਾਲ ਪੂਰੀ ਤਰ੍ਹਾਂ ਤੋੜ ਦਿੱਤਾ ਹੈ। ਇਸ ਮੌਕੇ ਡਿਊਟੀ ਮੈਜਿਸਟ੍ਰੇਟ ਅਤੇ ਜ਼ਿਲ੍ਹਾ ਸ਼ਹਿਰੀ ਯੋਜਨਾਕਾਰ ਰੋਹਿਤ ਚੌਹਾਨ, ਖੇਤਰ ਜਾਂਚ ਅਧਿਕਾਰੀ ਰਵਿੰਦਰ ਕੁਮਾਰ, ਜੂਨੀਅਰ ਇੰਜਨੀਅਰ ਅਭਿਸ਼ੇਕ ਕੌਸ਼ਿਕ ਅਤੇ ਭਾਰੀ ਪੁਲੀਸ ਬਲ ਮੌਜੂਦ ਸੀ।
ਰੋਹਿਤ ਚੌਹਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਮੀਨ ਮਾਲਕ ਜਾਂ ਪ੍ਰਾਪਰਟੀ ਡੀਲਰ ਲੋਕਾਂ ਨੂੰ ਕਾਲੋਨੀ ਰੈਗੂਲਰ ਹੋਣ ਦਾ ਝਾਂਸਾ ਦੇ ਕੇ ਪਲਾਟ ਵੇਚ ਰਹੇ ਹਨ। ਇਸ ਲਈ ਲੋਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਅਜਿਹੇ ਝਾਂਸੇ ਵਿੱਚ ਨਾ ਆਉਣ ਅਤੇ ਇਨ੍ਹਾਂ ਗੈਰ ਕਾਨੂੰਨੀ ਕਾਲੋਨੀਆਂ ਵਿੱਚ ਨਾ ਤਾਂ ਪਲਾਟ ਖਰੀਦੇ ਜਾਣ, ਨਾ ਹੀ ਕਿਸੇ ਤਰ੍ਹਾਂ ਦੀ ਉਸਾਰੀ ਕੀਤੀ ਜਾਵੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅਜਿਹੀਆਂ ਅਣਅਧਿਕਾਰਤ ਕਾਲੋਨੀਆਂ ਜਾਂ ਨਿਰਮਾਣਾਂ ਦੇ ਖਿਲਾਫ ਵਿਭਾਗ ਵੱਲੋਂ ਅੱਗੇ ਵੀ ਕਾਰਵਾਈ ਜਾਰੀ ਰਹੇਗੀ।