‘ਵਾਰ 2’ ਦੇ ਰਿਲੀਜ਼ ਹੋਣ ਤੋਂ ਬਾਅਦ ‘ਬ੍ਰਹਮਾਸਤਰ 2’ ਦਾ ਕੰਮ ਸ਼ੁਰੂ ਹੋਵੇਗਾ: ਰਣਬੀਰ ਕਪੂਰ
ਮੁੰਬਈ:
ਬੌਲੀਵੁੱਡ ਅਦਾਕਾਰ ਰਣਬੀਰ ਕਪੂਰ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਫਿਲਮ ‘ਬ੍ਰਹਮਾਸਤਰ’ ਦੇ ਅਗਲੇ ਭਾਗ ’ਤੇ ਕੰਮ ਇਸ ਸਾਲ ਦੇ ਅਖੀਰ ਵਿੱਚ ਸ਼ੁਰੂ ਹੋਣ ਦੀ ਸੰਭਾਵਨਾ ਹੈ। ਵੱਡੇ ਬਜਟ ਵਾਲੀ ਫਿਲਮ ‘ਬ੍ਰਹਮਾਸਤਰ ਪਾਰਟ ਵਨ: ਸ਼ਿਵਾ’, ਸਾਲ 2022 ਵਿੱਚ ਰਿਲੀਜ਼ ਹੋਈ ਸੀ। ਇਸ ਦਾ ਨਿਰਦੇਸ਼ਨ ਅਯਾਨ ਮੁਖਰਜੀ ਨੇ ਕੀਤਾ ਸੀ। ਜ਼ਿਕਰਯੋਗ ਹੈ ਕਿ ਅਯਾਨ ਲੰਮੇ ਸਮੇਂ ਤੋਂ ‘ਬ੍ਰਹਮਾਸਤਰ 2’ ਬਾਰੇ ਸੋਚ ਰਿਹਾ ਸੀ। ਉਹ ਇਸ ਵੇਲੇ ‘ਵਾਰ 2’ ਉੱਤੇ ਕੰਮ ਕਰ ਰਿਹਾ ਹੈ, ਜਿਸ ਦੇ ਰਿਲੀਜ਼ ਹੋਣ ਤੋਂ ਬਾਅਦ ਉਹ ‘ਬ੍ਰਹਮਾਸਤਰ 2’ ਦਾ ਪ੍ਰੀ-ਪ੍ਰੋਡਕਸ਼ਨ ਸ਼ੁਰੂ ਕਰਨਗੇ। ਰਣਬੀਰ ਕਪੂਰ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ, ‘ਅਸੀਂ ਇਸ ਬਾਰੇ ਬਹੁਤਾ ਕੁਝ ਨਹੀਂ ਦੱਸਿਆ ਪਰ ‘ਬ੍ਰਹਮਾਸਤਰ 2’ ਬਾਰੇ ਕੁਝ ਦਿਲਚਸਪ ਗੱਲਾਂ ਸਾਹਮਣੇ ਆਉਣਗੀਆਂ।’ ‘ਵਾਰ 2’ ਵਿੱਚ ਰਿਤਿਕ ਰੌਸ਼ਨ ਅਤੇ ਜੂਨੀਅਰ ਐੱਨਟੀਆਰ ਨੇ ਮੁੱਖ ਕਿਰਦਾਰ ਨਿਭਾਏ ਹਨ ਤੇ ਇਹ ਫਿਲਮ ਇਸ ਸਾਲ 14 ਅਗਸਤ ਨੂੰ ਰਿਲੀਜ਼ ਹੋਵੇਗੀ। ਅਯਾਨ ਮੁਖਰਜੀ ਨੇ ਸਾਲ 2023 ਵਿੱਚ ਐਲਾਨ ਕੀਤਾ ਸੀ ਕਿ ‘ਬ੍ਰਹਮਾਸਤਰ’ ਫਰੈਂਚਾਇਜ਼ੀ ਦੀਆਂ ਅਗਲੀਆਂ ਦੋ ਫਿਲਮਾਂ ਕ੍ਰਮਵਾਰ 2026 ਅਤੇ 2027 ਵਿੱਚ ਰਿਲੀਜ਼ ਹੋਣਗੀਆਂ। -ਪੀਟੀਆਈ