ਅੱਗ ਲੱਗਣ ਕਾਰਨ ਖੇਤ ’ਚ ਖੜ੍ਹੀ ਕਣਕ ਸੜੀ
ਭਗਵਾਨ ਦਾਸ ਗਰਗ
ਨਥਾਣਾ, 7 ਅਪਰੈਲ
ਲਾਗਲੇ ਪਿੰਡ ਕਲਿਆਣ ਸੁੱਖਾ ਦੇ ਕਿਸਾਨ ਗੁਰਜੀਤ ਸਿੰਘ ਦੀ ਖੇਤਾਂ ’ਚ ਪੱਕੀ ਕਣਕ ਅੱਗ ਲੱਗਣ ਕਾਰਨ ਸੜ ਗਈ। ਅੱਗ ਲੱਗਣ ਦਾ ਕਾਰਨ ਬਿਜਲੀ ਸਪਲਾਈ ਵਾਲੀਆਂ ਤਾਰਾਂ ’ਚੋਂ ਸਪਾਰਕਿੰਗ ਨੂੰ ਦੱਸਿਆ ਗਿਆ ਹੈ। ਜਦੋਂ ਕਿਸਾਨ ਦੇ ਖੇਤਾਂ ’ਚ ਅੱਗ ਲੱਗੀ ਤਾਂ ਪਿੰਡ ਕਲਿਆਣ ਸੁੱਖਾ ਅਤੇ ਬੱਜੋਆਣਾ ਦੇ ਗੁਰਦੁਆਰਾ ਦੇ ਸਪੀਕਰਾਂ ਰਾਹੀਂ ਅਨਾਉਮੈਂਟ ਕੀਤੀ ਗਈ। ਲੋਕਾਂ ਨੇ ਸਮੇਂ ਸਿਰ ਅੱਗ ’ਤੇ ਕਾਬੂ ਪਾ ਲਿਆ ਫਿਰ ਵੀ ਏਕੜ ਤੋਂ ਵੱਧ ਰਕਬੇ ’ਚ ਕਣਕ ਸੜਨ ਨਾਲ ਕਿਸਾਨ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ। ਕੋਠੇ ਗੋਬਿੰਦ ਨਗਰ ਦੇ ਕਿਸਾਨ ਜਗਸੀਰ ਸਿੰਘ ਦੇ ਖੇਤਾਂ ’ਚ ਅੱਗ ਲੱਗਣ ਦਾ ਸਮੇਂ ਸਿਰ ਪਤਾ ਲੱਗਣ ’ਤੇ ਵੱਡੇ ਨੁਕਸਾਨ ਤੋਂ ਬਚਾਅ ਕਰ ਲਿਆ ਗਿਆ। ਦੱਸਣਯੋਗ ਹੈ ਕਿ ਕਸਬਾ ਨਥਾਣਾ ਵਿੱਚ ਫਾਇਰ ਬ੍ਰਿਗੇਡ ਦੀ ਗੱਡੀ ਦਾ ਕੋਈ ਪ੍ਰਬੰਧ ਨਹੀਂ ਹੈ। ਕੋਠੇ ਗੋਬਿੰਦ ਨਗਰ ਦੇ ਸਾਬਕਾ ਸਰਪੰਚ ਗੁਰਲਾਲ ਸਿੰਘ ਲਾਲੀ ਅਤੇ ਕਲਿਆਣ ਸੁੱਖਾ ਦੇ ਕਿਸਾਨਾਂ ਭੈਣੀ ਗਊਸ਼ਾਲਾ ਵਾਲੇ ਫੀਡਰ ਦੀਆਂ ਤਾਰਾਂ ਦੀ ਤੁਰੰਤ ਰਿਪੇਅਰ ਕਰਨ ਦੀ ਮੰਗ ਕੀਤੀ ਹੈ। ਆਗੂਆਂ ਨੇ ਪੀੜਤ ਕਿਸਾਨ ਵਾਸਤੇ ਮੁਆਵਜ਼ੇ ਦੀ ਮੰਗ ਕੀਤੀ ਹੈ।