ਹਥਿਆਰ ਬਰਾਮਦਗੀ: ਪੁਲੀਸ ਦੀ ਕਾਰਵਾਈ ਵਿੱਚ ਮੁਲਜ਼ਮ ਜ਼ਖਮੀ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 27 ਮਾਰਚ
ਵਿਦੇਸ਼ ਬੈਠੇ ਗੈਂਗਸਟਰ ਜੀਵਨ ਫੌਜੀ ਗਰੋਹ ਦਾ ਕਾਰਕੁਨ ਉਸ ਵੇਲੇ ਜ਼ਖਮੀ ਹੋ ਗਿਆ ਜਦੋਂ ਉਸ ਨੇ ਪੁਲੀਸ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲੀਸ ’ਤੇ ਗੋਲੀ ਚਲਾਈ। ਪੁਲੀਸ ਵੱਲੋਂ ਕੀਤੀ ਜਵਾਬੀ ਕਾਰਵਾਈ ਵਿੱਚ ਉਹ ਜ਼ਖਮੀ ਹੋ ਗਿਆ। ਜ਼ਖਮੀ ਦੀ ਸ਼ਨਾਖਤ ਅਰਸ਼ਦੀਪ ਸਿੰਘ ਵਜੋਂ ਦੱਸੀ ਗਈ ਹੈ ਜਿਸ ਦੀ ਲੱਤ ਵਿੱਚ ਗੋਲੀ ਲੱਗੀ ਹੈ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਅੰਮ੍ਰਿਤਸਰ ਜ਼ਿਲ੍ਹਾ ਦਿਹਾਤੀ ਪੁਲੀਸ ਦੇ ਐਸਐਸਪੀ ਮਨਿੰਦਰ ਸਿੰਘ ਨੇ ਦੱਸਿਆ ਕਿ ਅਰਸ਼ਦੀਪ ਸਿੰਘ ਅਤੇ ਉਸ ਦੇ ਇੱਕ ਸਾਥੀ ਮਾਨਸ ਪਾਂਡਾ ਦੋਵੇਂ ਵਾਸੀ ਤਰਨ ਤਾਰਨ ਨੂੰ 26 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਨੇ ਰਾਮ ਤੀਰਥ ਰੋਡ ’ਤੇ ਕਰਿਆਨੇ ਦੀ ਦੁਕਾਨ ਦੇ ਮਾਲਕ ’ਤੇ ਗੋਲੀ ਚਲਾਈ ਸੀ, ਜਿਸ ਨਾਲ ਦੁਕਾਨ ਦਾ ਮਾਲਕ ਸੁਖਵਿੰਦਰ ਸਿੰਘ ਜ਼ਖਮੀ ਹੋ ਗਿਆ ਸੀ।
ਐਸਐਸਪੀ ਨੇ ਦੱਸਿਆ ਕਿ ਦੁਕਾਨਦਾਰ ਸੁਖਵਿੰਦਰ ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਸ ਨੂੰ ਪਿਛਲੇ ਕੁਝ ਦਿਨਾਂ ਤੋਂ ਫਿਰੋਤੀ ਸਬੰਧੀ ਫੋਨ ਆ ਰਹੇ ਸਨ ਅਤੇ ਉਸ ਨੇ ਫਿਰੋਤੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉਸ ਨੇ ਦੱਸਿਆ ਕਿ 20 ਮਾਰਚ ਨੂੰ ਦੋ ਸਕੂਟਰ ਸਵਾਰ ਹਥਿਆਰਬੰਦ ਵਿਅਕਤੀ ਦੁਕਾਨ ਤੇ ਆਏ ਅਤੇ ਉਨ੍ਹਾਂ ਦੁਕਾਨਦਾਰ ਉੱਪਰ ਗੋਲੀ ਚਲਾ ਦਿੱਤੀ। ਇਸ ਸਬੰਧ ਵਿੱਚ ਪੁਲੀਸ ਵੱਲੋਂ ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰਨ ਲਈ ਤਲਾਸ਼ੀ ਮੁਹਿੰਮ ਚਲਾਈ ਗਈ ਸੀ।