ਕਟਾਰੂਚੱਕ ਵੱਲੋਂ ਨਸ਼ਿਆਂ ਖ਼ਿਲਾਫ਼ ਮੁਹਿੰਮ ਦਾ ਰਿਪੋਰਟ ਕਾਰਡ ਪੇਸ਼
ਐਨਪੀ ਧਵਨ
ਪਠਾਨਕੋਟ, 31 ਮਾਰਚ
ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਇੱਕ ਮਹੀਨਾ ਮੁਕੰਮਲ ਹੋਣ ’ਤੇ ਰਿਪੋਰਟ ਕਾਰਡ ਪੇਸ਼ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਜਿਹੜੇ ਲੋਕਾਂ ਨੇ ਪਾਪਾਂ ਦੀ ਕਮਾਈ ਨਾਲ ਮਹਿਲ ਖੜ੍ਹੇ ਕੀਤੇ ਹਨ, ਉਨ੍ਹਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਪੇਂਡੂ ਸੁਰੱਖਿਆ ਕਮੇਟੀਆਂ ਅਤੇ ਵਾਰਡ ਸੁਰੱਖਿਆ ਕਮੇਟੀਆਂ ਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਵੀਡੀਸੀ ਤੇ ਡਬਲਿਊਸੀ ਕਮੇਟੀ ਮੈਂਬਰਾਂ ਦੀ ਪਿੱਠ ਥਾਪੜੀ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਦੂਸਰਾ ਪੜਾਅ ਭਲਕ ਤੋਂ ਸ਼ੁਰੂ ਹੋ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਮਿਤ ਸਿੰਘ ਮੰਟੂ ਨੇ ਵੀ ਸੰਬੋਧਨ ਕੀਤਾ।
ਡਿਪਟੀ ਕਮਿਸ਼ਨਰ ਆਦਿੱਤਿਆ ਉਪਲ ਨੇ ਕਿਹਾ ਕਿ ਪਠਾਨਕੋਟ ਜ਼ਿਲ੍ਹੇ ਦਾ ਇੱਕ ਪਾਸਾ ਪਾਕਿਸਤਾਨ ਨਾਲ ਲੱਗਦਾ ਹੈ, ਉਥੇ ਇਸ ਦੇ ਦੂਸਰੇ ਪਾਸੇ ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਸੂਬਿਆਂ ਦੀਆਂ ਹੱਦਾਂ ਵੀ ਨਾਲ ਲੱਗਦੀਆਂ ਹਨ। ਇਸ ਕਰਕੇ ਸੰਵੇਦਨਸ਼ੀਲ ਇਸ ਜ਼ਿਲ੍ਹੇ ਅੰਦਰ ਨਸ਼ਿਆਂ ਖਿਲਾਫ ਮੁਹਿੰਮ ਨੂੰ ਹੋਰ ਤੇਜ਼ੀ ਨਾਲ ਚਲਾਇਆ ਜਾਵੇਗਾ।
ਐਸਐਸਪੀ ਦਲਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ 430 ਪਿੰਡਾਂ ਵਿੱਚ ਪੇਂਡੂ ਡਿਫੈਂਸ ਕਮੇਟੀਆਂ ਅਤੇ ਪਠਾਨਕੋਟ ਸ਼ਹਿਰ ਅੰਦਰ 77 ਵਾਰਡ ਸੁਰੱਖਿਆ ਕਮੇਟੀਆਂ ਬਣਾਈਆਂ ਗਈਆਂ ਹਨ ਜੋ ਪੁਲੀਸ ਦੀਆਂ ਅੱਖਾਂ ਤੇ ਕੰਨਾਂ ਦਾ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ 1 ਮਹੀਨੇ ਅੰਦਰ ਨਸ਼ੀਲੇ ਪਦਾਰਥਾਂ ਦੇ 54 ਕੇਸ ਦਰਜ ਕੀਤੇ ਗਏ ਹਨ।