Waqf issue violence: ਵਕਫ਼ ਸੋਧ ਬਿੱਲ ਦੇ ਵਿਰੋਧ ਵਿਚ ਜੰਗੀਪੁਰ ਹਿੰਸਾ ਤੋਂ ਬਾਅਦ 22 ਗ੍ਰਿਫ਼ਤਾਰ: ਪੁਲੀਸ
ਮੁਰਸ਼ੀਦਾਬਾਦ, 10 ਅਪਰੈਲ
ਪੁਲੀਸ ਪ੍ਰਸ਼ਾਸਨ ਨੇ 8 ਅਪਰੈਲ ਨੂੰ ਜੰਗੀਪੁਰਾ ਵਿਚ ਹੋਈ ਹਿੰਸਾ ਤੋਂ ਬਾਅਦ 22 ਵਿਅਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਇਕ ਖੁਦ-ਨੋਟਿਸ ਲੈਂਦਿਆਂ ਕੇਸ ਦਰਜ ਕੀਤਾ ਹੈ। ਪੁਲਿਸ ਨੇ ਬੁੱਧਵਾਰ ਨੂੰ ਇਲਾਕੇ ਦੀ ਸਥਿਤੀ ਦਾ ਜਾਇਜ਼ਾ ਵੀ ਲਿਆ। ਜੰਗੀਪੁਰ ਦੇ ਪੁਲੀਸ ਸੁਪਰਡੈਂਟ (SP) ਆਨੰਦ ਰਾਏ ਨੇ ਪੱਤਰਕਾਰਾਂ ਨੂੰ ਦੱਸਿਆ, "ਹੁਣ ਤੱਕ 22 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ... ਖੁਦ-ਨੋਟਿਸ ਲੈਂਦਿਆਂ ਕੇਸ ਦਰਜ ਕੀਤਾ ਗਿਆ ਹੈ।" ਉਨ੍ਹਾਂ ਕਿਹਾ ਕਿ ਹਿੰਸਾ ਪ੍ਰਭਾਵਿਤ ਖੇਤਰ ਵਿਚ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS) ਦੀ ਧਾਰਾ 163 ਲਾਗੂ ਕਰ ਦਿੱਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਖੇਤਰ ਵਿਚ ਇੰਟਰਨੈੱਟ ਸੇਵਾਵਾਂ ਵੀ ਮੁਅੱਤਲ ਕਰ ਦਿੱਤੀਆਂ ਗਈਆਂ ਸਨ। ਅਧਿਕਾਰੀ ਨੇ ਅੱਗੇ ਕਿਹਾ ਕਿ ਪੱਥਰਬਾਜ਼ੀ ਹੋਣ ਦੇ ਬਾਵਜੂਦ ਸਥਿਤੀ ਕਾਬੂ ਹੇਠ ਹੈ।
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਜੰਗੀਪੁਰ ਇਲਾਕੇ ਵਿਚ ਵਕਫ਼ (ਸੋਧ) ਐਕਟ 2025 ਦੇ ਵਿਰੋਧ ’ਚ ਹੋਏ ਪ੍ਰਦਰਸ਼ਨ ਦੌਰਾਨ ਹਿੰਸਾ ਭੜਕ ਗਈ। ਇਸ ਘਟਨਾ ਤੋਂ ਬਾਅਦ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ’ਤੇ ਸ਼ਬਦੀ ਹਮਲਾ ਕਰਦਿਆਂ ਕਾਨੂੰਨ ਵਿਵਸਥਾ ਬਣਾਈ ਰੱਖਣ ਵਿਚ ਅਸਫਲ ਰਹਿਣ ਦਾ ਦੋਸ਼ ਲਗਾਇਆ ਹੈ। ਪੱਛਮੀ ਬੰਗਾਲ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ (LoP) ਸ਼ਵੇਂਦੂ ਅਧਿਕਾਰੀ ਨੇ ਮੰਗਲਵਾਰ ਨੂੰ X 'ਤੇ ਇੱਕ ਵੀਡੀਓ ਪੋਸਟ ਕੀਤੀ ਜਿਸ ਵਿਚਕਥਿਤ ਤੌਰ 'ਤੇ ਇਲਾਕੇ ਵਿਚ ਹਿੰਸਕ ਝੜਪਾਂ ਦੀਆਂ ਤਸਵੀਰਾਂ ਦਿਖਾਈਆਂ ਗਈਆਂ ਹਨ। -ਏਐੱਨਆਈ