Operation Sindoor: ਜੇ ਪਾਕਿ ਨੇ ਗੋਲੀਬੰਦੀ ਦਾ ਉਲੰਘਣ ਕੀਤਾ ਤਾਂ ਭਾਰਤ ਕਰਾਰਾ ਜਵਾਬ ਦੇਵੇਗਾ: ਡੀਜੀਐੱਮਓ
ਨਵੀਂ ਦਿੱਲੀ, 11 ਮਈ
ਡਾਇਰੈਕਟਰ ਜਨਰਲ ਆਫ ਮਿਲਟਰੀ ਅਪਰੇਸ਼ਨ ਵੱਲੋਂ ਪਾਕਿਸਤਾਨ ’ਤੇ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਅੱਜ ਜਾਣਕਾਰੀ ਦਿੱਤੀ ਗਈ। ਲੈਫਟੀਨੈਂਟ ਜਨਰਲ ਰਾਜੀਵ ਘਈ, ਵਾਈਸ ਐਡਮਿਰਲ ਏ ਐਨ ਪ੍ਰਮੋਦ ਤੇ ਏਅਰ ਮਾਰਸ਼ਲ ਕੁਮਾਰ ਭਾਰਤੀ ਨੇ ‘ਅਪਰੇਸ਼ਨ ਸਿੰਧੂਰ’ ਬਾਰੇ ਦੱਸਿਆ ਕਿ ਉਨ੍ਹਾਂ ਪਾਕਿਸਤਾਨ ਵਿਚ ਕਿਸੇ ਵੀ ਫੌਜੀ ਟਿਕਾਣੇ ਤੇ ਆਮ ਲੋਕਾਂ ਨੂੰ ਨਿਸ਼ਾਨਾ ਨਹੀਂ ਬਣਾਇਆ। ਭਾਰਤ ਨੇ ਨੌਂ ਅਤਿਵਾਦੀ ਟਿਕਾਣਿਆਂ ’ਤੇ ਹਮਲਾ ਕਰੇ ਸੌ ਦਹਿਸ਼ਤਗਰਦਾਂ ਨੂੰ ਮਾਰਿਆ। ਇਨ੍ਹਾਂ ਵਿਚੋਂ ਕੰਧਾਰ ਹਾਈਜੈਕ ਤੇ ਪੁਲਵਾਮਾ ਹਮਲੇ ਕਰਨ ਵਾਲੇ ਤਿੰਨ ਦਹਿਸ਼ਤਗਰਦ ਵੀ ਸ਼ਾਮਲ ਹਨ। ਅਪਰੇਸ਼ਨ ਸਿੰਧੂਰ ਤਹਿਤ ਪਾਕਿਸਤਾਨ ਦੇ 40 ਫੌਜੀ ਜਵਾਨ ਤੇ ਅਧਿਕਾਰੀ ਹਲਾਕ ਹੋਏ। ਲੈਫਟੀਨੈਂਟ ਘਈ ਨੇ ਦੱਸਿਆ ਕਿ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਵਿਚ ਚਲਦੇ ਅਤਿਵਾਦੀ ਕੈਂਪਾਂ ਦੀ ਨਿਸ਼ਾਨਦੇਹੀ ਕੀਤੀ ਤੇ ਇਸ ਤੋਂ ਬਾਅਦ ਕਾਰਵਾਈ ਕੀਤੀ। ਏਅਰਮਾਰਸ਼ਲ ਭਾਰਤੀ ਨੇ ਦੱਸਿਆ ਕਿ ਭਾਰਤ ਨੇ ਉਨ੍ਹਾਂ ਥਾਵਾਂ ’ਤੇ ਹਮਲਾ ਕੀਤਾ ਜਿੱਥੇ ਪਾਕਿਤਸਾਨ ਤੇ ਦਹਿਸ਼ਤਗਰਦ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ।

ਅਪਰੇਸ਼ਨ ਦੌਰਾਨ ਭਾਰਤ ਦੇ ਪੰਜ ਜਵਾਨ ਮਾਰੇ ਗਏ
ਏਅਰਮਾਰਸ਼ਲ ਭਾਰਤੀ ਨੇ ਦੱਸਿਆ ਕਿ ਪਾਕਿਸਤਾਨ ਡੀਜੀਐਮਓ ਨੇ 10 ਮਈ ਨੂੰ ਦੁਪਹਿਰ ਸਾਢੇ ਤਿੰਨ ਵਜੇ ਫੋਨ ਕੀਤਾ ਜਿਸ ਦੌਰਾਨ ਤੈਅ ਹੋਇਆ ਕਿ ਸ਼ਾਮ ਸੱਤ ਵਜੇ ਤੋਂ ਬਾਅਦ ਕੋਈ ਹਮਲਾ ਨਹੀਂ ਕਰੇਗਾ ਤੇ ਅਗਲੀ ਗੱਲਬਾਤ ਦੇ ਗੇੜ 12 ਮਈ ਨੂੰ ਹੋਵੇਗਾ ਪਰ ਪਾਕਿਸਤਾਨ ਨੇ ਕੁਝ ਹੀ ਘੰਟਿਆਂ ਬਾਅਦ ਗੋਲੀਬੰਦੀ ਦਾ ਸਮਝੌਤਾ ਤੋੜਿਆ। ਪਾਕਿਸਤਾਨ ਨੇ ਇਸ ਦੌਰਾਨ ਡਰੋਨ ਹਮਲੇ ਤੇ ਗੋਲੀਬਾਰੀ ਕੀਤੀ। ਇਸ ਤੋਂ ਬਾਅਦ ਭਾਰਤ ਨੇ ਸਪਸ਼ਟ ਸੁਨੇਹਾ ਭੇਜਿਆ ਕਿ ਜੇ ਰਾਤ ਨੂੰ ਵੀ ਅਜਿਹਾ ਹੋਇਆ ਤਾਂ ਭਾਰਤ ਇਸ ਦਾ ਸਖਤ ਜਵਾਬ ਦੇਵੇਗਾ। ਇਸ ਤੋਂ ਬਾਅਦ ਫੌਜ ਮੁਖੀ ਨੂੰ ਕਾਰਵਾਈ ਕਰਨ ਦੀ ਖੁੱਲ੍ਹ ਦੇ ਦਿੱਤੀ ਗਈ। ਇਸ ਹਮਲੇ ਵਿਚ ਭਾਰਤ ਦੇ ਪੰਜ ਜਵਾਨ ਸ਼ਹੀਦ ਹੋਏ।