Operation Sindoor not over: ਭਾਰਤ-ਪਾਕਿ ਤਣਾਅ: ‘ਅਪਰੇਸ਼ਨ ਸਿੰਧੂਰ’ ਹਾਲੇ ਖਤਮ ਨਹੀਂ ਹੋਇਆ: ਭਾਰਤ
ਨਵੀਂ ਦਿੱਲੀ, 11 ਮਈ
ਭਾਰਤ ਨੇ ਅੱਜ ਦਾਅਵਾ ਕੀਤਾ ਹੈ ਕਿ ਭਾਰਤ ਤੇ ਪਾਕਿਸਤਾਨ ਦਰਮਿਆਨ ਗੋਲੀਬੰਦੀ ਤੋਂ ਪਹਿਲਾਂ ਦੋਵਾਂ ਦੇਸ਼ਾਂ ਦੇ ਕੌਮੀ ਸੁਰੱਖਿਆ ਸਲਾਹਕਾਰਾਂ ਤੇ ਵਿਦੇਸ਼ ਮੰਤਰੀਆਂ ਵਿਚਾਲੇ ਕੋਈ ਗੱਲਬਾਤ ਨਹੀਂ ਹੋਈ ਬਲਕਿ ਦੋਵਾਂ ਦੇਸ਼ਾਂ ਦੇ ਡਾਇਰੈਕਟਰ ਜਨਰਲ ਆਫ ਮਿਲਟਰੀ ਅਪਰੇਸ਼ਨ (ਡੀਜੀਐਮਓ) ਦਰਮਿਆਨ ਹੀ ਗੱਲਬਾਤ ਹੋਈ ਹੈ। ਏਐੱਨਆਈ ਨੇ ਸੂਤਰਾਂ ਦੇ ਹਵਾਲੇ ਨਾਲ ਖਬਰ ਦਿੱਤੀ ਕਿ ‘ਅਪਰੇਸ਼ਨ ਸਿੰਧੂਰ’ ਹਾਲੇ ਖਤਮ ਨਹੀਂ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਿਹਾ ਕਿ ਇਸ ਵੇਲੇ ਸਿਰਫ ਇਕ ਮਾਮਲਾ ਰਹਿੰਦਾ ਹੈ, ਉਹ ਹੈ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੀ ਵਾਪਸੀ। ਜੇ ਪਾਕਿਸਤਾਨ ਦਹਿਸ਼ਤਗਰਦਾਂ ਨੂੰ ਸੌਂਪਣ ਦੀ ਗੱਲ ਕਰਦਾ ਹੈ ਤਾਂ ਭਾਰਤ ਗੱਲਬਾਤ ਲਈ ਤਿਆਰ ਹੈ। ਇਹ ਵੀ ਪਤਾ ਲੱਗਿਆ ਹੈ ਕਿ ਭਾਰਤ ਨੇ ਸਪਸ਼ਟ ਸੁਨੇਹਾ ਦਿੱਤਾ ਹੈ ਕਿ ਉਨ੍ਹਾਂ ਨੂੰ ਦੋਵਾਂ ਦੇਸ਼ਾਂ ਦਰਮਿਆਨ ਕਿਸੇ ਸਾਲਸੀ ਦੀ ਜ਼ਰੂਰਤ ਨਹੀਂ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨੋਂ ਸੈਨਾਵਾਂ ਦੇ ਮੁਖੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇ ਪਾਕਿਸਤਾਨ ਵਲੋਂ ਗੋਲੀ ਚਲਦੀ ਹੈ ਤਾਂ ਭਾਰਤ ਵਲੋਂ ਗੋਲਾ ਚੱਲੇਗਾ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨ ਨਾਲ ਸਿਰਫ਼ ਡੀਜੀਐਮਓ ਪੱਧਰ ’ਤੇ ਗੱਲਬਾਤ ਹੋਵੇਗੀ ਤੇ ਹੋਰ ਕਿਸੇ ਵੀ ਮੁੱਦੇ ’ਤੇ ਚਰਚਾ ਨਹੀਂ ਹੋਵੇਗੀ। ਪਾਕਿਸਤਾਨ ਵਲੋਂ ਭਾਰਤ ਖ਼ਿਲਾਫ ਦਹਿਸ਼ਤੀ ਕਾਰਵਾਈਆਂ ਜਾਰੀ ਰਹਿਣ ਤਕ ਸਿੰਧੂ ਜਲ ਸੰਧੀ ਰੱਦ ਰਹੇਗੀ। ਉਨ੍ਹਾਂ ਕਿਹਾ ਕਿ ਗੋਲੀਬੰਦੀ ਦੀ ਸ਼ੁਰੂਆਤ ਵੇਲੇ ਪਾਕਿਸਤਾਨੀ ਡੀਜੀਐਮਓ ਨੇ 10 ਮਈ ਨੂੰ ਭਾਰਤੀ ਡੀਜੀਐਮਓ ਕੋਲ ਪਹੁੰਚ ਕੀਤੀ ਸੀ। ਭਾਰਤ ਵਲੋਂ ਸੱਤ ਮਈ ਨੂੰ ਅਤਿਵਾਦੀ ਟਿਕਾਣਿਆਂ ’ਤੇ ਕਾਰਵਾਈ ਕਰਨ ਤੋਂ ਬਾਅਦ ਇਹ ਫੈਸਲਾ ਹੋਇਆ ਸੀ ਕਿ ਜੇ ਪਾਕਿਸਤਾਨ ਗੋਲੀਬਾਰੀ ਕਰਦਾ ਹੈ ਤਾਂ ਭਾਰਤ ਕਰਾਰਾ ਜਵਾਬ ਦੇਵੇਗਾ। ਪਾਕਿਸਤਾਨ ਵਲੋਂ ਸੱਤ ਮਈ ਤੋਂ ਬਾਅਦ ਕੀਤੀ ਜਾਣ ਵਾਲੀ ਹਰ ਕਾਰਵਾਈ ਦਾ ਭਾਰਤ ਨੇ ਸਖਤ ਤੇ ਹਮਲਾਵਰ ਰੁਖ਼ ਨਾਲ ਜਵਾਬ ਦਿੱਤਾ ਹੈ।