Waqf Bill Notice: ਵਕਫ਼ ਬਿੱਲ ਦੇ ਵਿਰੋਧ ’ਚ ਕਾਲੇ ਬਿੱਲੇ ਲਾਉਣ ’ਤੇ 24 ਜਣਿਆਂ ਨੋਟਿਸ ਜਾਰੀ, 2-2 ਲੱਖ ਦੇ ਬਾਂਡ ਜਮ੍ਹਾਂ ਕਰਾਉਣ ਦੇ ਹੁਕਮ
ਮੁਜ਼ੱਫ਼ਰਨਗਰ (ਯੂਪੀ), 5 ਅਪਰੈਲ
Waqf Bill Notice: ਉੱਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ਜ਼ਿਲ੍ਹੇ ਦੇ ਅਧਿਕਾਰੀਆਂ ਨੇ ਕਾਲੇ ਬਿੱਲੇ ਲਗਾ ਕੇ ਵਕਫ਼ (ਸੋਧ) ਬਿੱਲ, 2025 (Waqf (Amendment) Bill) ਦਾ ਵਿਰੋਧ ਕਰਨ ਵਾਲੇ 24 ਲੋਕਾਂ ਵਿਰੁੱਧ ਨੋਟਿਸ ਜਾਰੀ ਕੀਤੇ ਹਨ ਅਤੇ ਉਨ੍ਹਾਂ ਨੂੰ 2-2 ਲੱਖ ਰੁਪਏ ਦੇ ਬਾਂਡ ਜਮ੍ਹਾ ਕਰਨ ਲਈ ਕਿਹਾ ਹੈ।
ਐਸਪੀ (ਸਿਟੀ) ਸੱਤਿਆਨਾਰਾਇਣ ਪ੍ਰਜਾਪਤ ਨੇ ਸ਼ਨਿੱਚਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਸਬੰਧ ਵਿੱਚ 24 ਵਿਅਕਤੀਆਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੁਲੀਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਹੋਰ ਲੋਕਾਂ ਦੀ ਪਛਾਣ ਕੀਤੀ ਹੈ।
ਪੁਲੀਸ ਰਿਪੋਰਟ 'ਤੇ ਸਿਟੀ ਮੈਜਿਸਟ੍ਰੇਟ ਵਿਕਾਸ ਕਸ਼ਯਪ ਨੇ ਨੋਟਿਸ ਜਾਰੀ ਕੀਤੇ ਸਨ, ਜਿਸ ਵਿੱਚ ਉਨ੍ਹਾਂ ਨੂੰ 16 ਅਪਰੈਲ ਨੂੰ ਅਦਾਲਤ ਵਿੱਚ ਪੇਸ਼ ਹੋਣ ਅਤੇ ਦੋ-ਦੋ ਲੱਖ ਰੁਪਏ ਦੇ ਬਾਂਡ ਜਮ੍ਹਾ ਕਰਨ ਲਈ ਕਿਹਾ ਗਿਆ ਹੈ। ਇਹ ਲੋਕ 28 ਮਾਰਚ ਨੂੰ ਇੱਥੇ ਵੱਖ-ਵੱਖ ਮਸਜਿਦਾਂ ਵਿੱਚ ਰਮਜ਼ਾਨ ਦੇ ਆਖ਼ਰੀ ਜੁਮੇ ਦੀ ਨਮਾਜ਼ ਦੌਰਾਨ ਵਕਫ਼ (ਸੋਧ) ਬਿੱਲ, 2025 ਦੇ ਵਿਰੁੱਧ ਆਪਣੀਆਂ ਬਾਹਾਂ ਉਤੇ ਕਾਲੇ ਬਿੱਲੇ ਲਗਾ ਕੇ ਰੋਸ ਮੁਜ਼ਾਹਰਾ ਕਰਦੇ ਹੋਏ ਪਾਏ ਗਏ ਸਨ।
ਜਿਨ੍ਹਾਂ ਲੋਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ, ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਸਿਰਫ਼ ਲੋਕਤੰਤਰੀ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਕਰਨ ਲਈ ਕਾਲੇ ਬਿੱਲੇ ਲਗਾਏ ਸਨ।
ਗ਼ੌਰਤਲਬ ਹੈ ਕਿ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਕਿਰੇਨ ਰਿਜੀਜੂ ਨੇ ਵੀਰਵਾਰ ਨੂੰ ਰਾਜ ਸਭਾ ਵਿੱਚ ਵਕਫ਼ (ਸੋਧ) ਬਿੱਲ, 2025 ਪੇਸ਼ ਕੀਤਾ ਸੀ। ਉਨ੍ਹਾਂ ਇਸ ਮੌਕੇ ਦਾਅਵਾ ਕੀਤਾ ਕਿ ਇਹ ਕਾਨੂੰਨ ਮੁਸਲਮਾਨਾਂ ਦੇ ਵਿਰੁੱਧ ਨਹੀਂ ਹੈ ਜਾਂ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਰਾਦਾ ਨਹੀਂ ਰੱਖਦਾ, ਸਗੋਂ ਵਕਫ਼ ਜਾਇਦਾਦਾਂ ਦੇ ਕੰਮਕਾਜ ਨੂੰ ਬਿਹਤਰ ਬਣਾਉਣ, ਗੁੰਝਲਾਂ ਨੂੰ ਦੂਰ ਕਰਨ, ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਅਤੇ ਤਕਨਾਲੋਜੀ-ਅਧਾਰਤ ਪ੍ਰਬੰਧਨ ਸ਼ੁਰੂ ਕਰਨ ਲਈ ਲਿਆਂਦਾ ਗਿਆ ਹੈ। ਬਿਲ ਨੂੰ ਸੰਸਦ ਦੋ ਦੋਵਾਂ ਸਦਨਾਂ - ਲੋਕ ਸਭਾ ਤੇ ਰਾਜ ਸਭਾ - ਨੇ ਪਾਸ ਕਰ ਦਿੱਤਾ ਹੈ। -ਪੀਟੀਆਈ